Friday, 7 December 2018

ਬਿਪਰ ਬਣ ਕੇ ਅਸੀਂ ਵੱਡੇ ਹੁੰਦੇ ਹਾਂ, ਤੇ ਬਿਪਰ ਬਣ ਕੇ ਹੀ ਅਸੀਂ ਇਸ ਦੁਨੀਆਂ ਤੋਂ ਚਲੇ ਜਾਂਦੇ ਹਾਂ; ਗੁਰੂ ਦੇ ਸਿੱਖ ਤਾਂ ਅਸੀਂ ਬਣਦੇ ਹੀ ਨਹੀਂ

ਬਿਪਰ ਬਣ ਕੇ ਅਸੀਂ ਵੱਡੇ ਹੁੰਦੇ ਹਾਂ, ਤੇ ਬਿਪਰ ਬਣ ਕੇ ਹੀ ਅਸੀਂ ਇਸ ਦੁਨੀਆਂ ਤੋਂ ਚਲੇ ਜਾਂਦੇ ਹਾਂ; ਗੁਰੂ ਦੇ ਸਿੱਖ ਤਾਂ ਅਸੀਂ ਬਣਦੇ ਹੀ ਨਹੀਂ
-: ਇੰਦਰਜੀਤ ਸਿੰਘ, ਕਾਨਪੁਰ


ਪੜ੍ਹਾਈ ਵਾਲੀ ਕਲਾਸ ਵਿੱਚ ਘੱਟੋ ਘੱਟ 2×2=4 ਤਾਂ ਪੜ੍ਹਾਇਆ ਜਾਂਦਾ ਹੈ, ਜੋ ਸਚ ਹੁੰਦਾ ਹੈ। ਲੇਕਿਨ ਸਾਡੇ ਬੱਚੇ ਨੂੰ ਤਾਂ ਸਿੱਖੀ ਵਾਲੀ ਕਲਾਸ ਵਿਚ ਦਾਖਿਲਾ ਲੈਂਦਿਆਂ ਹੀ ਝੂਠੇ ਕਾਇਦੇ ਅਤੇ ਕਹਾਣੀਆਂ ਦਾ ਕੋਰਸ ਰਟਾ ਦਿੱਤਾ ਜਾਂਦਾ ਹੈ। ਜੰਮਦੇ ਬੱਚੇ ਨੂੰ ਉਸਦੇ ਇੱਕੋ ਇੱਕ ਸ਼ਬਦ ਗੁਰੂ ਦੀਆਂ ਸਿਰਫ ਦੋ ਬਾਣੀਆਂ, ਅਤੇ ਬਚਿੱਤਰੀ ਪੋਥੇ ਵਿਚੋਂ ਤਿੰਨ ਰਚਨਾਵਾਂ ਦੇ ਕੇ, ਉਸਨੂੰ ਪਹਿਲੇ ਦਿਨ ਤੋਂ ਇਹ ਸੁਨੇਹਾ ਦੇ ਦਿਤਾ ਜਾਂਦਾ ਹੈ ਕਿ ਤੇਰਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਇਕ ਅਧੂਰਾ ਗੁਰੂ ਹੈ। ਬਚਿੱਤਰੀ ਪੋਥੇ ਤੋਂ ਬਿਨਾ ਨਾ ਤਾਂ ਤੇਰਾ ਨਿਤਨੇਮ ਸੰਪੂਰਣ ਹੋ ਸਕਦਾ ਹੈ ਤੇ ਅਤੇ ਨਾ ਤੇਰਾ ਅੰਮ੍ਰਿਤ।

ਸਾਰੀ ਉਮਰ ਉਹ ਕਾਲ ਦੇਵਤੇ ਅਤੇ ਸ਼੍ਰੀ ਭਗਉਤੀ ਦੇਵੀ ਜੀ ਦੇ ਅਗੇ ਹੀ ਤਰਲੇ ਪਾਈ ਜਾਂਦਾ ਹੈ। ਮਹਾਕਾਲ, ਸ਼੍ਰੀ ਅਸਧੁਜ, ਖੜਗਕੇਤੁ ਅਤੇ ਸ਼ਿਵਾ ਦਾ ਉਹ ਪੱਕਾ ਪੁਜਾਰੀ ਬਣ ਜਾਂਦਾ ਹੈ, ਤੇ ਉਸ ਦੇ ਸ਼ਬਦ ਗੁਰੂ ਵਾਲਾ ੴ ਸਤਿਗੁਰ ਪ੍ਰਸਾਦਿ॥ ਉਸ ਨੂੰ ਸਦਾ ਸਦਾ ਲਈ ਭੁਲ ਜਾਂਦਾ ਹੈ। ਉਸਨੂੰ "ਚੰਡੀ ਕੀ ਵਾਰ" ਯਾਦ ਰਹਿ ਜਾਂਦੀ ਹੈ ਤੇ "ਆਸਾ ਕੀ ਵਾਰ" ਉਸਨੂੰ ਭੁਲ ਜਾਂਦੀ ਹੈ।

ਉਹ ਬੱਚਾ ਸੱਠ ਵਰਹੇ ਦਾ ਬਜੁਰਗ ਬਣ ਜਾਂਦਾ ਹੈ, ਲੇਕਿਨ ਕਵੀਆਂ ਦੀ ਵਾਚੀ ਚੌਪਈ ਤੋਂ ਉਸ ਦਾ ਖਹਿੜਾ ਨਹੀਂ ਛੁੱਟਦਾ। ਦੇਵੀ ਦੀ ਉਸਤਤਿ ਕਰਦਾ ਕਰਦਾ ਉਹ ਆਪਣਾ ਇਹ ਜੀਵਨ ਪੂਰਾ ਕਰ ਕੇ, ਪਰਲੋਕ ਚਲਾ ਜਾਂਦਾ ਹੈ, ਲੇਕਿਨ ਇਹ ਭਗਉਤੀ ਅਤੇ ਮਹਾਕਾਲ ਉਸਦਾ ਪਿਛਾ ਫਿਰ ਵੀ ਨਹੀਂ ਛੱਡਦੇ। ਉਸ ਦੀ ਆਤਮਾ ਦੀ ਸ਼ਾਂਤੀ ਲਈ ਅਸੀਂ ਕੋਤਰ ਕੋਤਰ ਸੌ ਪਾਠ ਚੌਪਈ ਨਾਮ ਦੀ ਦੇਵੀ ਉਸਤਤਿ ਦੇ ਕਰ ਛਡਦੇ ਹਾਂ, ਤੇ ਉਸ ਦੇ ਭੋਗ ਦੀ ਅੰਤਿਮ ਅਰਦਾਸ ਵੀ ਅਸੀਂ ਸ਼੍ਰੀ ਭਗਉਤੀ ਦੇਵੀ ਅਗੇ ਹੀ ਕਰਦੇ ਹਾਂ।



ਇਹ ਹੈ ਸਾਡੀ ਸਿੱਖੀ ਅਤੇ ਇਕ ਸਿੱਖ ਦਾ ਜੀਵਨ, ਜੋ ਸਾਰੀ ਉਮਰ ੴ ਸਤਿਗੁਰ ਪ੍ਰਸਾਦਿ ॥ ਨੂੰ ਵਿਸਾਰ ਕੇ, ਭਗਉਤੀ ਦੇਵੀ ਦਾ ਪੁਜਾਰੀ ਬਣ ਕੇ, ਇਸ ਦੁਨਿਆਂ ਵਿੱਚ ਆਂਉਦਾ ਹੈ ਤੇ ਖੜਗਕੇਤ ਤੇ ਅਸਧੁਜ ਅਗੇ ਤਰਲੇ ਕਰਦਾ, ਇਸ ਦੁਨਿਆਂ ਤੋਂ ਚਲਾ ਜਾਂਦਾ ਹੈ, ਤੇ ਆਪਣੇ ਸ਼ਬਦ ਗੁਰੂ ਦੇ ਦੱਸੇ ਇਕ ਨਿਰੰਕਾਰ ਕਰਤਾਰ ਦੇ ਪੰਥ ਤੋਂ ਸਖਣਾ ਹੀ ਰਹਿ ਜਾਂਦਾ ਹੈ।

ਇਹ ਹੈ ਬਚਿਤੱਰ ਨਾਟਕ ਉਰਫ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਨਾਮ ਦੇ ਕੂੜ ਪੋਥੇ ਦੀ ਸਾਜਿਸ਼, ਜਿਸਨੇ ਇਕ ਨਿਰੰਕਾਰ ਦੀ ਥਾਂ 'ਤੇ ਸਿੱਖ ਨੂੰ ਚੰਡੀ ਦੇਵੀ ਅਤੇ ਚੌਵੀਹ ਅਵਤਾਰਾਂ ਦਾ ਪੁਜਾਰੀ ਬਣਾ ਕੇ ਰੱਖ ਦਿਤਾ ਹੈ। ਇਹ ਕੂੜ ਪੋਥਾ ਸਿੱਖੀ ਨੂੰ ਇੱਕ ਅਜਗਰ ਵਾਂਗ ਨਿਗਲ ਚੁਕਾ ਹੈ। ਉਸ ਕਰਤਾਰ ਦੇ ਅਗੇ ਅਰਦਾਸ ਕਰੋ, ਕਿ ਬਚੇ ਖੁਚੇ ਸਿੱਖਾਂ ਨੂੰ ਸੁਮਤਿ ਆ ਜਾਵੇ, ਤੇ ਇਸ ਕੂੜ ਗ੍ਰੰਥ ਦੀ ਸਾਜਿਸ਼ ਨੂੰ ਸਮਝ ਕੇ ਆਪਣੇ ਇੱਕੋ ਇੱਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੱੜ ਲਗ ਜਾਣ, ਨਹੀਂ ਤਾਂ ਸਿੱਖੀ ਨੂੰ ਹੁਣ ਕੌਣ ਬਚਾ ਸਕਦਾ ਹੈ ?

No comments:

Post a Comment