Saturday, 8 December 2018

ਮਾਰਟੀਨ ਲੂਥਰ ਅਤੇ ਅਜੋਕੇ ਸਿੱਖ ਪ੍ਰਚਾਰਕ
ਇੰਦਰਜੀਤ ਸਿੰਘ ਕਾਨਪੁਰ


ਪੰਦ੍ਹਵੀ ਸਦੀ ਵਿੱਚ ਨਾਂ ਸਿਰਫ ਪੂਰਾ  ਭਾਰਤ,  ਬਿਪਰ ਦੀ ਬਣਾਈ  ਪੁਜਾਰੀਵਾਦੀ   ਵਿਵਸਥਾ ਦਾ ਸ਼ਿਕਾਰ ਹੋ ਚੁਕਾ ਸੀ  ਬਲਕਿ ਯੁਰੋਪ ਦਾ ਇਕ ਬਹੁਤ ਵੱਡਾ ਹਿੱਸਾ ਵੀ ਇਸੇ ਪੰਦ੍ਹਵੀ ਸਦੀ ਵਿੱਚ 'ਪੇਪੇਸੀਨਾਮ ਦੀ  ਪੁਜਾਰੀਵਾਦੀ ਵਿਵਸਥਾ ਦੇ ਅਧੀਨ,  ਮਨੁਖ ਦੇ ਅਧਿਆਤਮਿਕ ਜੀਵਨ ਦੇ ਪਤਨ ਦਾ ਕਾਰਣ ਬਣ ਚੁਕਾ ਸੀ। ਇਹ ਦੋਵੇ ਵਿਵਸਥਾਵਾਂ  ਹੂ ਬ ਹੂ  ਇਕ ਜਹੀਆਂ ਹੀ ਸਨ । ਜਦੋਂ ਵੀ ਮਨੁਖ ਦਾ ਅਧਿਆਤਮਿਕ ਸੋਸ਼ਣ ਹੂੰਦਾ ਹੈ ਤਾਂ ਧਰਮੀ ਮਨੁਖਾਂ ਦੀ ਇਕ ਜਮਾਤ ਕਿਸੇ ਕ੍ਰਾਂਤੀਕਾਰੀ ਆਗੂ ਦੀ ਅਗੁਵਾਈ ਵਿੱਚ  ਸਾਮ੍ਹਣੇ ਆ ਕੇ ਜਰੂਰ ਖੜੀ ਹੂੰਦੀ ਹੈ । ਇਸਦਾ ਪ੍ਰਮੁਖ ਕਾਰਣ ਇਹ ਹੈ ਕਿ ਜਿਥੇ ਅਧਰਮ ਆਪਣੀਆਂ ਹੱਦਾ ਪਾਰ ਕਰ ਰਿਹਾ ਹੂੰਦਾ ਹੈ,  ਉਥੋਂ ਹੀ ਧਰਮ ਦਾ ਅਗਾਜ ਵੀ ਹੋ ਰਿਹਾ ਹੂੰਦਾ ਹੈ । ਜਿਵੇਂ ਹਰ ਹਨੇਰੀ ਰਾਤ ਤੋਂ ਬਾਦ ਇਕ ਉਜਲੇ ਦਿਨ ਦੀ ਸ਼ੁਰੂਆਤ ਹੂੰਦੀ ਹੈ । ਧਰਮ ਦੀ ਰੌਸ਼ਨੀ ਹੀ ਅਧਰਮ ਦੇ ਹਨੇਰੇ ਨੂੰ ਇਸੇ ਤਰ੍ਹਾਂ ਕਟਦੀ ਹੈ।

ਅੱਜ ਅਸੀ ਇੱਥੇ ਕ੍ਰਿਸ਼ਚੇਨੀਟੀ ਦੇ  "ਕੈਥੋਲਿਕ" ਅਤੇ "ਪ੍ਰੋਟੇਸਟੇਂਟ" ਤਬਕੇ ਦਾ ਸੰਖੇਪ ਵਿਚ ਜਿਕਰ ਕਰਾਂਗੇ । ਇਸ ਦੇ ਜਿਕਰ ਕਰਨ ਦਾ ਇਕੋ ਇਕ ਕਾਰਣ,  ਇਹ ਹੈ ਕਿ ਮੌਜੂਦਾ ਸਮੈਂ ਅੰਦਰ ਸਿੱਖੀ ਦੇ ਜੋ ਹਾਲਾਤ ਹਨ , ਹੂ ਬ ਹੂ ਉਹੀ ਹਾਲਾਤ ਪੰਦ੍ਰਹਵੀ ਸਦੀ ਦੇ ਉਸ ਇਤਿਹਾਸ ਨਾਲ ਮਿਲਦੇ ਜੁਲਦੇ ਹਨ ਜਿਸ ਵਿੱਚ ਯੁਰੋਪਿਅਨ ਅਧਿਆਤਮ ਵੀ ਪੋਪਵਾਦੀ ਪੁਜਾਰੀਆਂ ਦੀ ਗ੍ਰਿਫਤ ਵਿੱਚ ਆ  ਚੁਕਾ ਸੀ । ਸਿੱਖੀ ਵਿੱਚ  ਜੋ ਕੁਝ ਅੱਜ ਹੋ ਰਿਹਾ ਹੈ ,ਉਸ ਨਾਲ ਬਹੁਤ ਕੁਝ ਮਿਲਦਾ ਜੁਲਦਾ ਨਕਸ਼ਾ ਇਤਿਹਾਸ ਦੇ ਉਨ੍ਹਾਂ ਪੰਨਿਆ ਵਿੱਚ ਵੀ ਮਿਲਦਾ ਹੈ  ਸ਼ਾਇਦ ਇਸੇ ਕਰਕੇ ਇਹ ਕਹਾਵਤ ਮਸ਼ਹੂਰ ਹੈ ਕਿ, “ਇਤਿਹਾਸ ਹਮੇਸ਼ਾ ਅਪਣੇ ਆਪ ਨੂੰ ਦੋਹਰਾਂਦਾ ਰਹਿੰਦਾ ਹੈ।“ ਇਕ ਬਹੁਤ ਹੀ ਹੈਰਾਨਗੀ ਵਾਲੀ ਗਲ ਇਹ ਹੈ ਕਿ ਪੰਦ੍ਰਹਵੀ ਸਦੀ ਵਿੱਚ ਜਿਥੇ ਹਿੰਦੁਸਤਾਨ , ਬਿਪਰ ਦੀ ਬਣਾਈ  ਪੁਜਾਰੀਵਾਦੀ ਵਿਵਸਥਾ ਦੀ  ਭੇਂਟ ਚੜ੍ਹ ਚੁਕਿਆ ਸੀ,  ਉਥੇ  ਹੀ ਯੂਰੋਪੀਅਨ ਅਧਿਆਤਮ ਵੀ ਇਕ ਪ੍ਰਕਾਰ ਦੀ ਰੂੜੀਵਾਦੀ , ਪਰੰਪਰਾਵਾਦੀ ਅਤੇ ਵਿਅਕਤੀਵਾਦੀ ਪੋਪ ਵਿਵਸਥਾ ਦਾ ਸ਼ਿਕਾਰ ਹੋ ਚੁਕਿਆ ਸੀ 

ਅੱਜ ਸਾਡੇ ਤਖਤਾਂ ਤੇ ਕਬਜਾ ਕਰੀ ਬੈਠੇ , ਤਨਖਾਹ ਲੈ ਕੇ ਅਪਣਾਂ ਢਿੱਡ ਭਰਨ ਵਾਲੇ ਜੱਥੇਦਾਰ ਵੀ ਉਸ ਪੋਪਵਾਦੀ ਵਿਵਸਥਾ ਦਾ ਹੀ ਅਨੁਸਰਣ ਕਰ ਰਹੇ ਨੇ । ਇਹ ਭੋਲੇ ਭਾਲੇ ਸਿੱਖਾਂ ਨੂੰ ਫਤਵੇ ਜਾਰੀ ਕਰ ਕੇ ਪੰਥ ਵਿਚੋਂ ਛੇਕਦੇ, ਨਮੋਸ਼ ਕਰਦੇ ਅਤੇ ਕੌਮ ਦੀ ਸਭ ਤੋਂ ਵੱਡੀ ਅਥਾਰਟੀ ਬਣੀਂ ਬੈਠੇ ਹਨ
 । ਇਹ ਤਾਂ ਦੂਜਿਆਂ ਨੂੰ ਹੁਕਮ ਜਾਰੀ ਕਰਦੇ ਨੇ , ਲੇਕਿਨ ਇਨ੍ਹਾਂ ਤੇ ਕਿਸੇ ਦਾ ਹੁਕਮ ਲਾਗੂ ਨਹੀ ਹੂੰਦਾ। ਜੋ ਫਤਵਾ ਇਹ ਜਾਰੀ ਕਰ ਦੇੰਣ , ਉਹ ਹੀ ਆਖੀਰਲਾ ਅਤੇ ਰੱਬ ਦਾ  ਹੁਕਮ ਹੂੰਦਾ ਹੈ । ਭੋਲੇ ਭਾਲੇ ਲੋਕੀ ਵੀ ਇਸਨੂੰ ਰੱਬ ਦਾ ਹੁਕਮ ਮਣਦੇ ਹਨ ਭਾਵੇ ਉਹ ਹੁਕਮ (ਫਤਵਾ/ ਹੁਕਮਨਾਮਾਂ ) ਮਨੁਖੀ ਅਧਿਕਾਰਾਂ ਅਤੇ ਮਨੁਖ ਦੇ ਮੂਲ ਭੂਤ ਅਧਿਕਾਰਾਂ ਦਾ ਕਿਨਾਂ ਵੱਡਾ ਘਾਂਣ ਹੀ ਕਿਉ ਨਾਂ ਕਰਦਾ ਹੋਵੇ । ਭੋਲੇ ਭਾਲੇ ਸਿੱਖ , ਉਸ ਤੇ ਕਿਸੇ ਵੀ ਪ੍ਰਕਾਰ ਦਾ ਕਿੰਤੂ ਨਹੀ ਕਰ ਸਕਦੇ ਕਿਉਕਿ ਇਹ “ ਸਿੰਘ ਸਾਹਿਬਾਨ”  ਰੱਬ ਦੇ ਨੁਮਾਂਇਦੇ ਜੂ ਮੱਨੇ  ਜਾਂਦੇ ਹਨ । ਵੇਖਿਆ ਜਾਵੇ ਤਾਂ ਇਹ ਆਪ ਅਪਣੇ ਨਿਜੀ ਜੀਵਨ ਵਿੱਚ ਇਕ ਸਾਧਾਰਣ ਬੰਦੇ ਤੋਂ ਵੀ ਨੀਵੇਂ ਸਤਰ ਦੇ ਹੂੰਦੇ ਹਨ । ਆਏ ਦਿਨ ਇਨ੍ਹਾਂ ਤੇ ਸਿੱਖਾਂ ਕੋਲੋਂ  ਰਿਸ਼ਵਤਾਂ ਲੈਣ ਦੇ ਗੰਭੀਰ ਇਲਜਾਮ ਵੀ ਲਗਦੇ ਰਹੇ ਹਨ । ਪੈਸਾ ਅਤੇ ਧੰਨ ਦੇ ਲਾਲਚ ਵਿੱਚ ਇਹ , ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ ਦਾ ਘਾਂਣ ਕਰਣ ਵਾਲੇ , ਡੇਰੇਦਾਰਾਂ ਅਤੇ ਸਿੱਖ ਵਿਰੋਧੀ ਅਨਸਰਾਂ ਦੀਆਂ ਬਰਸੀਆਂ ਤੇ ਜਾ ਕੇ ਲਿਫਾਫੈ , ਧੰਨ ਅਤੇ ਸੋਨੇ ਦੇ ਉਪਹਾਰ ਲੈੰਦੇ ਹੋਏ ਵੇਖੇ ਜਾਂਦੇ ਹਨ  ਪੈਸੇ ਅਤੇ ਸਿਆਸੀ ਪਾਵਰ ਦਾ ਲਾਭ ਲੈਣ ਲਈ ਇਹ ,ਸਿੱਖੀ ਦਾ ਘਾਂਣ ਕਰਨ ਵਾਲੇ ਅਨਸਰਾਂ ਨੂੰ  ਆਪਹੁਦਰੇ ਤੌਰ ਤੇ “ਫਖਰੇ ਕੌਮ”, “ਰਾਜਾ ਜੋਗੀ” , “ਰਾਨੀ ਮਾਤਾ” “ਭਾਈ ਸਾਹਿਬ” , “ਬਾਬਾ ਦੀਪ ਸਿੰਘ ਅਵਾਰਡ”  , “ਪੰਥ ਰਤਨ” , “ਗੁਰਮਤਿ ਮਾਰਤੰਡ” ਆਦਿਕ ਸੈੰਕੜੇ ਅਵਾਰਡ ਵੰਡਦੇ ਰਹਿੰਦੇ ਹਨ । ਸੱਚ ਤਾਂ ਇਹ ਹੈ  ਕਿ ਜਿਨ੍ਹਾਂ ਨੂੰ ਇਹ ਅਵਾਰਡ ਦਿੱਤੇ ਜਾਂਦੇ  ਨੇ, ਉਨ੍ਹਾਂ ਨੂੰ ਇਨ੍ਹਾਂ ਅਵਾਰਡਾਂ ਨੂੰ ਦੇਣ ਲਈ ਕਿਸੇ ਵੀ ਕੌਮੀ ਯੋਗਿਅਤਾ ਅਤੇ ਕੌਮੀ ਯੋਗਦਾਨ ਦਾ ਕੋਈ ਪੈਮਾਨਾਂ ਜਾਂ ਕ੍ਰਾਈਟੀਰੀਆਂ  ਨਿਰਧਾਰਿਤ ਨਹੀ ਹੂੰਦਾ। ਬੱਸ ਇਨ੍ਹਾਂ ਦਾ ਜਿਸਨੂੰ ਮੰਨ ਆਇਆ ਇਹ ਅਵਾਰਡ ਦੇ ਦਿਤਾ ਜਾਂਦਾ ਹੈ  ਸਾਫ ਹੈ ਕਿ ਇਸ ਪਿੱਛੇ ਕੋਈ ਛਿਪਿਆ ਹੋਇਆ ਬਹੁਤ ਵੱਡਾ ਲਾਲਚ, ਸਵਾਰਥ  ਜਾਂ ਲਾਭ ਹੀ ਹੋ ਸਕਦਾ ਹੈ।   ਇਹੋ ਜਹੇ  ਗੈਰ ਸਿਧਾਂਤਕ ਅਤੇ ਗੁਰਮਤਿ ਦਾ ਘਾਂਣ ਕਰਨ ਵਾਲੇ ਲੋਗ ਰੱਬ ਦੇ ਨੁਮਾਂਇੰਦੇ ਕਿਸ ਤਰ੍ਹਾਂ ਹੋ ਸਕਦੇ ਨੇ ? ਸਿੱਖੀ ਵਿੱਚ ਇੱਸੇ ਪੁਜਾਰੀਵਾਦੀ ਵਿਵਸਥਾ ਦੀ ਤੁਲਨਾਂ ਕਰਣ ਲਈ ਹੀ ਅਸੀ ਪੰਦ੍ਰਹਵੀ ਸਦੀ ਦੀ ਉਸ  ਪੋਪਵਾਦੀ ਵਿਵਸਥਾ ਨੂੰ ਇਸ ਲੇਖ ਦਾ ਵਿਸ਼ਾ ਬਣਾਇਆ ਹੈ 

ਪੰਦ੍ਹਵੀ ਸਦੀ  ਦੀ ਸ਼ੁਰੂਵਾਤ ਵਿਚ ਪੂਰੇ ਯੁਰੋਪ ਵਿਚ ਪੋਪ ਵਾਦੀ ਧਾਰਮਿਕ ਵਿਵਸਥਾ ਅਪਣੀ ਪੂਰੀ ਪਾਵਰ ਵਿਚ ਸੀ । ਇਸ ਨੂੰ  
'ਪੇਪੇਸੀ' (Papacy) ਦੇ ਨਾਮ ਤੋਂ ਵੀ ਜਾਂਣਿਆ ਜਾਂਦਾ ਹੈ। ਧਾਰਮਿਕ ਵਿਵਸਥਾ ਵਿੱਚ "ਪੋਪ" ਜਾਂ "ਪੋਪਾਂ ਦੀ  ਜੂੰਡਲੀ" ਦਾ ਹੁਕਮ ਜਾਂ ਨਿਰਣਾਂ ਹੀ ਅਖੀਰਲਾ ਨਿਰਣਾਂ ਮਣਿਆ ਜਾਂਦਾ ਹੈ। ਪੋਪ ਜੂੰਡਲੀ ਦੇ ਨਿਰਣੇ ਦੇ ਖਿਲਾਫ ਕੋਈ ਵੀ ਗਲ ਮਾਨੇਂ ਨਹੀ ਰਖਦੀ , ਅਤੇ ਉਹ ਹੀ ਰੱਬ ਦਾ ਨਿਰਣਾਂ ਮਨਿਆ ਜਾਂਦਾ ਹੈ ।
ਇਨਾਂ ਪੋਪਾਂ ਨੇ ਅਪਣੇ ਧਾਰਮਿਕ ਅਸਥਾਨਾਂ  ਵਿਚ ਲੋਕਾਂ ਕੋਲੋਂ ਧੰਨ ਦੌਲਤ ਇਕੱਠਾ ਕਰਨ ਲਈ ਗੋਲਕਾਂ ਰਖੀਆਂ ਹੋਈਆ ਸਨ ।  ਇਹ ਭੋਲੇ ਭਾਲੇ ਲੋਕਾਂ ਨੂੰ  ਇਹ ਕਹਿ ਕੇ ਮੂਰਖ ਬਣਾਂਉਦੇ ਸਨ ਕਿ "ਜਿਸ ਬੰਦੇ ਦਾ ਸਿੱਕਾ ਗੋਲਕ ਵਿੱਚ ਪਾਉਣ ਤੇ ਬਹੁਤਾ ਖਣਕੇਗਾ ਉਸ ਨੂੰ  ਸਵਰਗ ਪ੍ਰਾਪਤ ਹੋਵੇਗਾ" ।  ਇਹੋ ਜਿਹਾ  ਪ੍ਰਚਾਰ ਕਰਨ ਦੇ ਪਿਛੇ ਮੰਸ਼ਾ ਇਹ ਹੂੰਦੀ ਸੀ ਕਿ   ਲੋਕੀ ਸਵਰਗ ਜਾਂਣ ਦੇ ਲਾਲਚ ਵਿਚ  ਭਾਰੇ ਤੋਂ ਭਾਰਾ ਸਿੱਕਾ ਗੋਲਕ ਵਿੱਚ ਪਾਉਣ (ਉਸ ਵੇਲੇ ਸੋਨੇ ਅਤੇ ਚਾਂਦੀ ਦੇ ਵੀ ਹੋਇਆ ਕੲਦੇ ਸਨ ) ।  ਜੋ ਬੰਦਾ ਬਹੁਤਾ ਦਾਨ ਦੇੰਦਾ ਸੀ ਉਸ ਨੂੰ ਸਵਰਗ ਦੀ ਟਿਕਟ  ਦੇ ਰੂਪ ਵਿਚ "ਹੇਵੇਨ ਕਾਰਡ" (heaven Card) ਵੀ ਵੰਡੇ ਜਾਂਦੇ ਸੀ  ਇਹ ਸਾਰਾ ਪੈਸਾ "ਪੇਪੇਸੀ  ਵੇਲਫੇਯਰ" ਆਦਿਕ ਵਿੱਚ ਖਰਚ ਕੀਤਾ ਜਾਂਦਾ ਸੀ । ਇਹ ਕੰਮ 1517 ਵਿਚ ਪੋਪ ਲੀਉ ਦਸਵੇਂ (Pope Leo X) ਨੇ ਜੋਰਾਂ ਸ਼ੋਰਾਂ ਨਾਲ ਆਰੰਭਿਆ ਹੋਇਆ ਸੀ।


ਪੋਪ ਲੀਉ ਦਸਵੇਂ ਦੇ ਇਹੋ ਜਹੇ ਆਪਹੁਦਰੇ ਅਤੇ ਲੋਕਾਂ ਨੂੰ ਮੂਰਖ ਬਨਾਉਣ ਵਾਲੇ ਹੁਕਮਨਾਮਿਆਂ ਨੂੰ,   ਭੋਲੇ ਭਾਲੇ ਲੋਕੀ ਰੱਬ ਦਾ ਹੁਕਮ ਮਨ ਕੇ ਸਵੀਕਾਰ ਕਰੀ ਜਾ ਰਹੇ ਸਨ  ਰੂੜੀਵਾਦ  ਅੰਧਵਿਸ਼ਵਾਸ਼ ਅਤੇ ਪਰੰਪਰਾਵਾਦੀ ਧਾਰਮਿਕ ਵਿਵਸਥਾ ਦੇ ਅਗੇ ਕਿਸੇ ਨੂੰ ਮੂਹ ਖੋਲਨ ਦੀ ਅਜਾਦੀ ਨਹੀ  ਸੀ  ਇਹ ਸਭ ਕੁਝ ਮਾਰਟਿਨ ਲੂਥਰ ਨਾਮ ਦੇ ਇਕ ਵਿਦਵਾਨ  ਲੇਖਕ ਅਤੇ ਪ੍ਰਚਾਰਕ ਨੂੰ  ਬਹੁਤ ਬੇਚੈਨ ਕਰਦਾ ਰਹਿੰਦਾ ਸੀ। ਮਾਰਟਿਨ ਲੂਥਰ ਵੀ ਇਸ ਚੈਪਲ ਦਾ ਹੀ ਇਕ ਪਾਦਰੀ ਸੀ । ਇਸੇ ਵਿਵਸਥਾ ਦਾ ਇਕ ਹਿੱਸਾ ਹੋਣ ਕਰਕੇ ਉਹ ਇਸ ਪੋਪਵਾਦੀ ਵਿਵਸਥਾ ਦੀਆਂ ਖਾਮੀਆਂ ਅਤੇ ਕੂਰੀਤੀਆਂ ਨੂੰ ਬਹੁਤ ਢੂੰਗੀ ਤਰ੍ਹਾਂ ਜਾਂਣ ਚੁਕਿਆ ਸੀ । ਅੰਦਰ ਖਾਤੇ  ਉਸ ਨੂੰ ਇਹ ਬਰਦਾਸ਼ਤ ਨਹੀ ਸੀ ਹੂੰਦਾ  ਕਿ ਇਹ ਪੋਪ  ਕਿਸ ਤਰ੍ਹਾਂ ਭੋਲੇ ਭਾਲੇ ਲੋਕਾਂ ਲਈ ਰੱਬ ਦੇ ਨਾਂ ਤੇ ਆਪਹੁਦਰੇ ਹੁਕਮ ਜਾਰੀ ਕਰਦੇ ਨੇ ਅਤੇ ਆਪ ਧਰਮ ਦੀ ਸਰਵਉੱਚ ਅਥਾਰਟੀ ਬਣ ਬੈਠੇ ਨੇ  ਧਰਮ ਦੇ ਨਾਂ ਤੇ ਇਹ ਅਕੂਤ ਧੰਨ ਇਕੱਠਾ ਕਰਦੇ ਅਤੇ ਉਸ ਨਾਲ  ਮਨਮਾਨੇ ਢੰਗ ਨਾਲ ਧਰਮ ਚਲਾਂਦੇ ਸਨ 
ਮਾਰਟਿਨ ਲੂਥਰ ਕੋਲੋਂ  ਪੋਪਾਂ ਦਾ ਇਹ ਨਾਜਾਇਜ ਧੰਦਾ ਬਰਦਾਸ਼ਤ ਨਾਂ ਹੋਇਆ ਤੇ ਉਸਨੇ 31 ਅਕਤੂਬਰ 1517 ਨੂੰ  ਇਕ ਕ੍ਰਾਂਤੀਕਾਰੀ ਪੋਸਟਰ ਲਿਖਿਆ ਜਿਸ ਵਿੱਚ ਪੋਪ ਲੀਉ ਦਸਵੇਂ ਨੂੰ  95 ਸਵਾਲ ਪੁੱਛੇ ਗਏ ਸੀ । ਇਸ 95 ਸਵਾਲਾ ਵਾਲੇ ਪੋਸਟਰ ਨੂੰ  ਉਸਨੇ ਯੂਨੀਵਰਸਿਟੀ ਆਫ  ਚੈਪਲ ਦੇ ਮੁਖ ਦਰਵਾਜੇ ਤੇ ਕਿਲਾਂ ਨਾਲ ਠੋਕ ਕੇ ਲਾਅ ਦਿੱਤਾ । ਇਹ ਸਵਾਲ ਹਜਾਰਾਂ ਲੋਕਾਂ ਨੇ ਪੜ੍ਹੇ ਅਤੇ ਬਹੁਤ ਸਾਰੇ ਨੌਜੁਆਨ ਪੇਪੇਸੀ  ਵਿਵਸਥਾ ਦੇ ਖਿਲਾਫ ਖੜੇ ਹੋ ਗਏ । ਇਨਾਂ 95 ਸਵਾਲਾ ਨੇ ਕ੍ਰਿਸ਼ਚੇਨਿਟੀ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ । ਪੋਪਾਂ ਦੀ ਪੁਜਾਰੀਵਾਦੀ ਵਿਵਸਥਾ ਦੇ ਖਿਲਾਫ ਇਹ ਕ੍ਰਾਂਤੀ,  ਇਨੀ ਤੇਜ ਲਹਿਰ ਵਾਂਗ ਉਭਰੀ ਕਿ ਪੁਜਾਰੀਵਾਦੀ  ਵਿਵਸਥਾ ਦੀਆਂ ਚੂਲਾਂ ਹਿਲ ਗਈਆਂ । ਕ੍ਰਿਸ਼ਚਨ ਧਰਮ ਵਿਚ 'ਪੇਪੇਸੀ'  ਦੇ ਖਿਲਾਫ ਇਕ ਵਖਰੇ ਤਬਕੇ ਨੇ ਜਨਮ ਲਿਆ ਜਿਸ ਨੂੰ ਅੱਜ ਵੀ "ਪ੍ਰੋਟੇਸਟੇਂਟ" ਦੇ ਨਾਮ ਤੋਂ ਜਾਣਿਆ ਜਾਂਦਾ ਹੇ । ਮਾਰਟਿਨ ਲੂਥਰ ਦੀ ਇਹ ਕ੍ਰਾਂਤੀ ਇਥੇ ਹੀ ਖਤਮ ਨਹੀ ਹੂੰਦੀ । ਮਾਰਟਿਨ ਲੂਥਰ ਨੂੰ ਇਕ  ਬਹੁਤ  ਵਢੇ ਲੇਖਕ ਅਤੇ  ਪ੍ਰਚਾਰਕ ਦੇ ਰੂਪ ਵਿੱਚ ਜਾਂਣਿਆਂ ਜਾਂਣ ਲਗਾ ।  ਯੁਰੋਪ ਵਿਚ ਪੜ੍ਹੀਆਂ ਜਾਂਣ ਵਾਲੀਆਂ ਤਿਨ ਕਿਤਾਬਾਂ ਵਿੱਚੋਂ ਇਕ ਕਿਤਾਬ ਮਾਰਟਿਨ ਲੂਥਰ ਦੀ ਹੂੰਦੀ ਸੀ।
ਪੁਜਾਰੀਵਾਦੀ ਵਿਵਸਥਾ ਨੂੰ  ਇਨੀ ਵੱਡੀ ਢਾਅ ਲਗੀ ਜੋ ਪੇਪੇਸੀ (ਪੋਪ ਜੂੰਡਲੀ) ਕੋਲੋਂ ਬਰਦਾਸ਼ਤ ਨਹੀ ਹੋ ਰਹੀ ਸੀ । ਉਨਾਂ ਨੇ ਮਾਰਟਿਨ ਲੂਥਰ ਦੀ ਜੁਬਾਨ ਬੰਦ ਕਰਨ ਲਈ ਉਸ ਨੂੰ ਤਲਬ ਕਰ ਲਿਆ । ਅਕਤੂਬਰ 1518 ਨੂੰ 'ਪੇਪੇਸੀ'  ਦੇ ਅਗੇ ਉਸ ਦੀ ਪੇਸ਼ੀ ਹੋਈ । ਪੇਪੇਸੀ ਨੇ ਉਸ ਕੋਲੋਂ ਪੁਛਿਆ ਕਿ ਇਹ ਸਵਾਲ ਅਤੇ ਲੇਖ ਕੀ ਉਸਨੇ ਲਿਖੇ ਹਨ ਮਾਰਟਿਨ ਲੂਥਰ ਨੇ ਕਹਿਆ "ਹਾਂ ਇਹ ਮੈਂ ਲਿਖੇ ਹਨ"  ਪੋਪ ਜੂੰਡਲੀ ਨੇ ਅਪਣਾਂ ਫੁਰਮਾਨ ਜਾਰੀ ਕਰਦਿਆ ਕਹਿਆ  " ਉਹ ਅਪਣੇ 95 ਸਵਾਲਾਂ ਅਤੇ ਵਿਵਾਦਿਤ ਲੇਖਾਂ ਨੂੰ ਵਾਪਸ ਲੈ ਲਵੇ ਨਹੀ ਤਾਂ ਉਸ ਨੂੰ ਧਰਮ  ਵਿਚੋਂ  ਛੇਕ ਦਿਤਾ ਜਾਏਗਾ" । ਮਾਰਟਿਨ ਲੂਥਰ ਨੇ ਡੱਟ ਕੇ ਇਸ ਦਾ ਵਿਰੋਧ ਕੀਤਾ ਅਤੇ ਪੇਪੇਸੀ ਨੂੰ ਕਹਿਆ ਕਿ ਬਾਈਬਲ ਵਿਚ ਕਿਸੇ ਪੋਪ ਨੂੰ  ਛੇਕਨ ਦਾ ਕੋਈ ਅਧਿਕਾਰ ਪ੍ਰਾਪਤ ਨਹੀ  ਹੈ ਅਤੇ ਨਾਂ ਹੀ ਕਿਸੇ ਦੇ ਲਿਖੇ ਲੇਖਾਂ ਤੇ ਕੋਈ ਇਤਰਾਜ ਕੀਤਾ ਜਾ ਸਕਦਾ ਹੈ । ਜੇ ਮੈਂ ਇਹ 95 ਸਵਾਲ ਵਾਪਸ ਲੈੰਦਾ ਹਾਂ,  ਜਾਂ ਤੁਹਾਡੇ ਤੋਂ ਇਸ ਲਈ ਮਾਫੀ ਮੰਗਦਾ ਹਾਂ ਤਾ ਤੁਹਾਡੀ ਬੁਰਛਾਗਰਦੀ ਹੋਰ ਵੱਧ ਜਾਏਗੀ । ਤੁਸੀ ਲੋਕਾਂ ਦੇ ਸਿਰ ਚੜ੍ਹ ਚੜ੍ਹ ਕੇ ਹੋਰ ਆਪ ਹੁਦਰੀਆਂ ਕਰੋਗੇ । ਇਸ ਲਈ ਮੈਂ ਇਹ ਸਵਾਲ ਵਾਪਸ ਲੈਣ ਤੋਂ ਇੰਨਕਾਰ ਕਰਦਾ ਹਾਂ।
ਇਸ ਪੇਸ਼ੀ ਤੋਂ ਬਾਦ ਵੀ  ਮਾਰਟਿਨ ਲੂਥਰ ਦਾ ਪ੍ਰਚਾਰ ਰੁਕਿਆ ਨਹੀ । ਉਹ ਪਹਿਲਾਂ ਨਾਲੋਂ ਵੀ ਵੱਧ ਗਇਆ ਅਤੇ ਉਸਨੇ ਕਈ ਲੇਖ ਲਿਖੇ ਅਤੇ ਘਰ ਘਰ ਪੇਪੇਸੀ ਦੇ ਖਿਲਾਫ ਜਾ ਕੇ ਪ੍ਰਚਾਰ ਕਰਦਾ ਰਿਹਾ । ਉਸਦੇ ਲੇਖਾਂ ਅਤੇ ਪ੍ਰਚਾਰ ਨਾਲ ਇਨੀ ਵਡੀ ਕ੍ਰਾਂਤੀ ਆਈ  ਕਿ ਉਥੋਂ ਦੇ ਕਈ ਰਾਜ ਕੁਮਾਰ ਅਤੇ ਵੱਡੇ ਘਰਾਨਿਆਂ ਦੇ ਨੌਜੁਆਨ ਉਸ ਦੇ ਮਿਸ਼ਨ ਵਿੱਚ ਸ਼ਾਮਿਲ ਹੋ ਗਏ 'ਤੇ "ਪ੍ਰੋਟੇਸਟੇੰਟ" ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਰੱਜ ਕੇ ਧੰਨ ਦੌਲਤ ਖਰਚ ਕਰਨ ਲਗੇ । ਹੁਣ ਤਾਂ ਪ੍ਰੋਟੇਸਟੇੰਟ" ਦਾ ਇਕ ਬਹੁਤ ਵੱਡਾ ਵਰਗ ਖੜਾ ਹੋ ਚੁਕਾ ਸੀ 
ਮਾਰਟਿਨ ਲੂਥਰ  ਨੇ ਬਾਇਬਲ ਦਾ ਜਰਮਨੀ ਦੀ ਸੌਖੀ ਲਿਪੀ ਵਿਚ ਅਨੁਵਾਦ ਕਰਨਾਂ ਸ਼ੁਰੂ ਕੀਤਾ । ਉਸਨੇ ਇਸ ਕੰਮ ਨੂੰ  ਇਸ ਲਈ ਆਰੰਭਿਆ ਕੇ  ਹਰ ਮਨੁਖ ਬਾਇਬਲ ਦੇ ਸੰਦੇਸ਼ਾ ਨੂੰ ਸਮਝ ਸਕੇ  । ਬਾਇਬਲ ਦਾ ਪ੍ਰਚਾਰ 'ਪੇਪੇਸੀਦੀ ਮੋਨੋਪਲੀ ਤੋਂ ਛੁਡਾ ਕੇ ਆਮ ਲੋਕਾਂ ਨੂੰ  ਮੁਹਈਆ ਕਰਾਇਆ ਜਾ ਸਕੇ ।  ਪੋਪ ਅਪਣੇ ਮਨ ਮੁਤਾਬਿਕ ਬਾਈਬਲ ਦਾ ਪ੍ਰਚਾਰ ਤੋੜ ਮੋੜ ਕੇ ਨਾਂ ਕਰ ਸਕਣ । ਬਾਈਬਲ ਨੂੰ ਆਮ ਬੰਦਾ ਵੀ ਸਮਝ ਸਕੇ ਬਾਈਬਲ ਦੇ ਉੱਤੇ ਪੋਪਾਂ ਦੇ  ਇਕਾਧਿਕਾਰ ਦੇ ਤਾਬੂਤ ਤੇ ਇਹ ਆਖੀਰਲੀ ਕਿਲ ਸਾਬਿਤ ਹੋਈ ।  ਪੇਪੇਸੀ ਦੀ ਇਮਾਰਤ ਨੂੰ ਢਹਿੰਦਿਆ ਵੇਖ ਪੋਪ ਜੂੰਡਲੀ  ਨੇ ਮਈ 1521 ਵਾਲੇ ਦਿਨ ਇਕ ਫਤਵਾ ਜਾਰੀ ਕਰਕੇ ਮਾਰਟਿਨ ਲੂਥਰ ਦੀਆਂ ਲਿਖਤਾਂ ਨੂੰ  ਧਰਮ ਦੇ ਖਿਲਾਫ ਘੋਸ਼ਿਤ ਕਰਦਿਆਂ ਉਸ ਨੂੰ "ਭਗੌੜਾ" ਘੋਸ਼ਿਤ ਕਰ ਦਿਤਾ । ਉਸ ਨੂੰ "ਵਾਨਟੇਡ" ਵੀ ਘੋਸ਼ਿਤ ਕਰ ਦਿਤਾ ਗਇਆ । ਮਾਰਟਿਨ ਲੂਥਰ ਨੂੰ ਕਈ ਰਜਵਾੜਿਆਂ ਨੇ ਅਪਣੇ ਕਿਲਿਆਂ (castles)  ਵਿੱਚ ਸ਼ਰਣ ਦਿਤੀ ਅਤੇ ਸੁਰਖਿਆ ਪ੍ਰਦਾਨ ਕੀਤੀ ।  ਇਸ ਧਰ ਪਕੜ ਵਿਚ ਬਹੁਤ ਸਾਰੇ ਲੋਕੀ ਮਾਰੇ ਗਏ ਲੇਕਿਨ "ਪ੍ਰੋਟੇਸਟੇੰਟ" ਤਬਕਾ ਹੋੰਦ ਵਿੱਚ ਆ ਚੁਕਿਆ ਸੀ । ਪ੍ਰੋਟੇਸਟੇੰਟ ਵਿਚਾਰਧਾਰਾ  ਦੇ ਲੱਖਾਂ ਲੋਗ , ਅਨੁਯਾਈ ਬਨ ਚੁਕੇ ਸਨ।

ਪਾਠਕਾਂ ਨੂੰ ਇਥੇ ਸੰਖੇਪ ਵਿੱਚ ਮਾਰਟਿਨ ਲੂਥਰ ਦੀ ਜੀਵਨੀ ਬਾਰੇ  ਦਸ ਦੇਣਾਂ ਵੀ ਜਰੂਰੀ ਸਮਝਦਾ ਹਾਂ । ਮਾਰਟਿਨ ਲੂਥਰ ਆਪ ਵੀ ਪਹਿਲਾਂ ਇਸੇ ਪੇਪੇਸੀ ਵਿਵਸਥਾ ਦਾ ਹੀ ਇਕ ਹਿੱਸਾ ਰਹਿਆ ਸੀ । ਜਿਸ ਵੇਲੇ ਉਸਨੇ ਇਸ ਪੁਜਾਰੀ ਵਾਦੀ ਵਿਵਸਥਾ ਦੀਆਂ ਖਾਮੀਆਂ ਅਤੇ ਇਨਾਂ ਦਾ  ਸੱਚ ਜਾਣ ਲਿਆ ਇਸ ਦੇ ਅੰਦਰ ਦਾ ਵਿਦ੍ਰੋਹ ਉਥੋਂ ਹੀ ਪਨਪਣਾਂ ਸ਼ੁਰੂ ਹੋ ਗਇਆ ਸੀ  ਉਸ ਦੀ ਪਤਨੀ ਵੀ ਪਹਿਲਾਂ ਇਕ ਨੰਨ ਸੀ । ਯਾਦ ਰਹੇ ਕਿ ਨੰਨ ਸਾਰੀ ਉਮਰ ਕੂੰਵਾਰੀ ਰਹਿੰਦੀ ਹੈ ਅਤੇ ਵਿਆਹ ਨਹੀ ਕਰਦੀ । ਇਸ ਦੀ ਪਤਨੀ ਵੀ ਪੋਪਵਾਦੀ ਵਿਵਸਥਾ  ਦੇ ਅੰਦਰਲੇ  ਸੱਚ ਨੂੰ  ਪਛਾਣ ਚੁਕੀ  ਸੀ ਅਤੇ ਉਸ ਨੇ ਨੰਨ ਧਰਮ ਤਿਆਗ ਕੇ ਮਾਰਟਿਨ ਲੂਥਰ ਨਾਲ ਵਿਆਹ ਕੀਤਾ ਅਤੇ ਉਸ ਤੋਂ ਉਸਦੀਆਂ ਸੰਤਾਨਾਂ  ਹੋਈਆਂ । ਇਹ ਵਿਆਹ ਵੀ ਉਨਾਂ ਨੇ 'ਪੇਪੇਸੀਦੀ ਰੂੜੀਵਾਦੀ ਅਤੇ ਸੜੀ ਗਲੀ ਪਰੰਪਰਾ  ਦੇ ਵਿਰੋਧ ਵਿੱਚ ਇਕ ਵਿਦਰੋਹ ਦੇ ਰੂਪ ਵਿੱਚ  ਕੀਤਾ । ਮਾਰਟਿਨ ਲੂਥਰ ਅਤੇ ਉਸਦੀ ਪਤਨੀ ਦਾ ਨੰਨ ਹੋ ਕੇ ਵਿਆਹ ਕਰਨਾਂ ਇਕ ਬਹੁਤ ਵੱਡੀ ਕ੍ਰਾਂਤੀ ਬਸ ਗਿਆ ਸੀਜਿਸ ਨੂੰ ਉਸ ਸਮਾਜ ਦੇ ਇਕ ਬਹੁਤ ਵੱਡੇ ਹਿੱਸੇ ਨੇ ਮਾਨਤਾ ਦੇ ਦਿੱਤੀ । ਅਜ ਮਾਰਟਿਨ ਲੂਥਰ ਵਰਗੇ ਕ੍ਰਾਂਤੀਕਾਰੀ  ਪ੍ਰਚਾਰਕ ਅਤੇ ਨਿਡਰ ਲੇਖਕ ਦੀ  ਵਜਿਹ ਨਾਲ ਹੀ "ਪ੍ਰੋਟੇਸਟੇੰਟ" ਇਕ ਵਖਰਾ ਅਤੇ ਬਹੁਤ ਵੱਡਾ  ਧਰਮ ਹੈਜੋ ਪੁਜਾਰੀ ਵਾਦੀ 'ਪੋਪੇਸੀ ਵਿਵਸਥਾਤੋਂ ਪੂਰੀ ਤਰ੍ਹਾਂ ਅਜਾਦ ਹੇ। ਜੇ ਉਸ ਵੇਲੇ ਮਾਰਟਿਨ ਲੂਥਰ ਵਰਗਾ ਵਿਦਵਾਨ ਪੁਜਾਰੀਵਾਦੀ ਵਿਵਸਥਾ ਦੇ ਖਿਲਾਫ ਵਿਦ੍ਰੋਹ ਨਾਂ ਕਰਦਾ ਜਾਂ ਉਨ੍ਹਾਂ ਦੀ ਗੈਰਵਾਜਿਬ ਈਨ ਅਤੇ ਸ਼ਰਤਾਂ ਦੇ ਅੱਗੇ ਝੁੱਕ ਜਾਂਦਾ ਤਾਂ ਕ੍ਰਿਸ਼ਚੇਨਿਟੀ ਵੀ ਰੂੜੀਵਾਦੀ ਪਰੰਪਰਾਵਾਂ ਦੀ ਭੈਂਟ ਚੜ੍ਹ ਚੁਕੀ ਹੋਣੀ ਸੀ।

ਵੈਸੇ ਤਾਂ ਸਿੱਖ ਇਤਿਹਾਸ ਵਿਚ ਥਾਂ ਥਾਂ ਤੇ ਇਹੋ ਜਹੇ ਵ੍ਰਿਤਾਂਤ ਮਿਲਦੇ ਹਨ ਕਿ ਸਾਨੂੰ ਬਹੁਤਾ ਦੂਰ ਜਾਂਣ ਦੀ ਲੋੜ ਹੀ ਨਹੀ । ਲੇਕਿਨ ਅਸੀ ਤਾਂ ਅਪਣਾਂ ਇਤਿਹਾਸ ਆਪ ਵਿਗਾੜ ਰਹੇ  ਹਾਂ। ਉਨਾਂ ਨੇ ਅਪਣਾਂ ਇਤਿਹਾਸ ਸਾਂਭ ਕੇ ਰਖਿਆ ਹੋਇਆ ਹੈ ਅਸੀ ਅਪਣਾਂ ਇਤਿਹਾਸ ਮੁੜ ਲਿਖਵਾ ਰਹੇ ਹਾਂ ।  ਸਾਡੇ ਪ੍ਰਧਾਨ ਸਾਡੇ ਆਗੂ ਕਹਿੰਦੇ ਹਨ ਕਿ ਸਾਡਾ ਇਤਿਹਾਸ ਗੰਦਲਾ ਹੋ ਚੁਕਾ ਹੈਅਸੀ ਮੁੜ ਇਤਿਹਾਸ ਲਿਖਵਾਵਾਂਗੇ । ਭਲਿਉ ! ਜੇੜ੍ਹੀਆਂ ਕੌਮਾਂ ਅਪਣਾਂ ਇਤਿਹਾਸ ਭੁਲ ਜਾਂਦੀਆਂ  ਨੇ ਉਹ ਕੌਮਾਂ ਸਦਾ ਲਈ ਮੁਕ ਜਾਂਦੀਆਂ ਨੇ । ਉਨ੍ਹਾਂ ਨੂੰ ਫਿਰ ਕੋਈ ਬਚਾ ਨਹੀ ਸਕਦਾ ।  ਸਾਡੇ ਲੇਖਕ ਅਤੇ ਪ੍ਰਚਾਰਕ ਕੀ ਪੰਦ੍ਹਵੀ ਸਦੀ ਦੇ ਇਸ ਇਤਿਹਾਸ ਤੋਂ ਕੋਈ ਸਬਕ ਲੈਂਣਗੇ ਜਾਂ ਉਸ ਸੜੀ ਗਲੀ ਪੁਜਾਰੀਵਾਦੀ ਵਿਵਸਥਾ ਅਗੇ ਨਤਮਸਤਕ ਹੋ ਕੇ ਦੋ ਜੂਨ ਦੀ ਰੋਟੀ ਅਤੇ ਚੰਦ ਡਾਲਰਾਂ ਨੂੰ ਹੀ ਅਪਣੇ ਜੀਵਨ ਦਾ ਅਖੀਰਲਾ ਉਪਰਾਲਾ ਸਮਝ ਕੇ ਸੱਚ ਤੇ ਪਹਿਰਾ ਦੇਣਾਂ ਛੱਡ ਦੇਂਣਗੇ ਇਹ ਤਾਂ ਵਕਤ ਹੀ ਦੱਸੇਗਾ !
ਗੁਰਬਾਣੀ ਦੀ ਘੱਸਵੱਟੀ ਤੇ "ਗੁਰੂ ਮੰਤੱਰ" ਅਤੇ " ਮੂਲ ਮੰਤਰ"
-: ਇੰਦਰਜੀਤ ਸਿੰਘ ਕਾਨਪੁਰ

ਕਈ ਵਾਰ ਪੜ੍ਹਨ ਅਤੇ ਸੁਨਣ ਨੂੰ ਮਿਲਦਾ ਹੈ, ਕਿ ਫਲਾਂ ਸ਼ਬਦ "ਗੁਰੂ ਮੰਤ੍ਰ" ਹੈ ਤੇ ਫਲਾਂ ਬਾਣੀ "ਮੂਲ ਮੰਤ੍ਰ " ਹੈ। "ਮੂਲ ਮੰਤ੍ਰ" ਇਥੋਂ ਤਕ ਹੈ, ਜਾਂ "ਮੂਲ ਮੰਤ੍ਰ" ਇਥੋਂ ਤਕ ਹੈ। ਸਾਡੀ ਨਵੀਂ ਪਨੀਰੀ ਜੋ ਗੁਰਮਤਿ ਨੂੰ ਜਾਨਣ ਲਈ ਬਹੁਤ ਹੀ ਜਿਗਿਆਸੂ ਹੈ। ਗੁਰਮਤਿ ਦੀਆਂ ਗੂੜ ਗੱਲਾਂ ਤੋਂ ਦੂਰ ਰਖਣ ਲਈ ਇਹੋ ਜਹੀਆਂ ਛੋਟੀਆਂ ਛੋਟੀਆਂ ਗੱਲਾਂ ਵਿਚ ਉਨ੍ਹਾਂ ਨੂੰ ਇਤਨਾਂ ਉਲਝਾ ਕੇ ਰਖ ਦਿੱਤਾ ਜਾਂਦਾ ਹੈ, ਕਿ ਉਹ ਗੁਰਮਤਿ ਨੂੰ ਡੂੰਗੇ ਤੌਰ 'ਤੇ ਸਮਝ ਵਿਚ ਅਸਮਰਥ ਹੋ ਜਾਂਦੇ ਹਨ।

ਦਾਸ ਦੀ ਜਾਣਕਾਰੀ ਵਿੱਚ ਇਹੋ ਜਿਹੇ ਬਹੁਤ ਸਾਰੇ ਬੱਚੇ ਹਨ, ਜੋ ਗੁਰਮਤਿ ਦੇ ਨਾਂ 'ਤੇ ਫਜੂਲ ਦੀਆਂ ਬਹਿਸਾਂ ਕਰਦੇ ਵੇਖੇ ਜਾਂਦੇ ਹਨ। ਮੇਰੇ ਹੀ ਸ਼ਹਿਰ ਵਿਚ 20 -22 ਵਰ੍ਹੇ ਦਾ ਇਕ ਸਿੱਖ ਨੌਜੁਆਨ ਹੈ, ਜੋ ਨਵਾਂ ਨਵਾਂ ਅੰਮ੍ਰਿਤ ਛਕ ਕੇ ਆਇਆ, ਤਾਂ ਉਹ ਅਪਣੇ ਆਪ ਨੂੰ "ਗੁਰਮਤਿ ਮਾਰਤੰਡ" ਸਮਝਣ ਲਗ ਪਿਆ। ਉਸ ਬੱਚੇ ਨੂੰ ਮੈਂ ਅਕਸਰ ਅਪਣੇ ਸਾਥੀਆਂ ਨਾਲ ਸਰਬਲੋਹ ਦੇ ਕੜੇ ਅਤੇ ਭਾਂਡਿਆਂ ਬਾਰੇ, ਛੇਦਕ ਗਹਿਣਿਆਂ ਬਾਰੇ, ਕੇਸਕੀ, ਇਸਤਰੀਆਂ ਦੇ ਚੂੜਾਂ ਪਾਉਣ ਬਾਰੇ, ੳਨ੍ਹਾਂ ਦੀ ਪੋਸ਼ਾਕ ਬਾਰੇ, ਕਿਰਪਾਨ ਦੇ ਗਾਤਰੇ ਬਾਰੇ, ਮਾਸ ਖਾਣ ਅਤੇ ਨਾ ਖਾਣ ਬਾਰੇ ਆਦਿਕ ਛੋਟਿਆਂ ਛੋਟਿਆਂ ਵਿਸ਼ਿਆਂ 'ਤੇ ਬਹਿਸਾਂ ਕਰਦਿਆਂ ਅਕਸਰ ਸੁਣਦਾ ਰਹਿੰਦਾ ਸੀ। ਉਹ ਵੀਰ ਅਕਸਰ ਮੇਰੇ ਨਾਲ ਵੀ ਕਈ ਵਾਰ, ਇਨ੍ਹਾਂ ਵਿਸ਼ਿਆਂ 'ਤੇ ਹੀ ਸਵਾਲ ਜਵਾਬ ਕਰਦਾ ਸੀ। ਇਕ ਦਿਨ ਉਹ ਆਪਣੇ ਇਕ ਨੌਜੁਆਨ ਸਾਥੀ ਨੂੰ ਲੈਕੇ ਮੇਰੇ ਆਫਿਸ, ਮਿਲਨ ਲਈ ਆਇਆ। ੳਨ੍ਹਾਂ ਦਾ ਮਕਸਦ ਹਮੇਸ਼ਾਂ ਇਹੋ ਜਿਹੇ ਫਜੂਲ ਦੇ ਸਵਾਲ ਜਵਾਬ ਕਰਨਾ ਹੀ ਹੁੰਦਾ ਸੀ। ਮੈਂ ੳਨ੍ਹਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ੳਨ੍ਹਾਂ ਦੇ ਆਉਣ ਦਾ ਮਕਸਦ ਜਾਨਣਾ ਚਾਹਿਆ।

 ਉਹ ਦੋਵੇਂ ਸ਼ਾਇਦ ਕਿਸੇ ਸਵਾਲ ਤੇ ਘਰੋਂ ਹੀ ਸਲਾਹ ਕਰਕੇ ਆਏ ਸੀ, ਕਿਉਂਕਿ ਉਹ ਦੋਵੇਂ ਇਕੱਠੇ ਹੀ ਬੋਲ ਪਏ, "ਵੀਰ ਜੀ ਤੁਸੀਂ ਜੋ ਕ੍ਰਿਪਾਨ ਪਾਈ ਹੈ ਉਹ ਇਕ "ਕਕਾਰ" ਨਹੀਂ ਹੈ? (ਪਾਠਕਾਂ ਨੂੰ ਦਾਸ ਇਥੇ ਦਸ ਦੇਣਾ ਚਾਹੁੰਦਾ ਹੈ ਕਿ ਦਾਸ ਜੋ ਕ੍ਰਿਪਾਨ ਧਾਰਣ ਕਰਦਾ ਹੈ, ਉਹ ਪੈਂਟ ਦੀ ਬੈਲਟ ਵਿੱਚ ਪਾਉਂਦਾ ਹੈ, ਗਾਤਰੇ ਨਾਲ ਨਹੀਂ ਪਾਉਂਦਾ।) ਦਾਸ ਨੇ ਮੁਸਕੁਰਾਉਂਦੇ ਹੋਏ ੳਨ੍ਹਾਂ ਨੂੰ ਪੁਛਿਆ ਕਿ, "ਜੇ ਵੀਰ ਇਹ ਕਕਾਰ ਨਹੀਂ, ਤਾਂ ਫਿਰ ਇਹ ਕੀ ਹੈ? ਉਹ ਫੌਰਨ ਬੋਲੇ ਕਿ, "ਕੀ ਤੁਸੀਂ ਸਿੱਖ ਰਹਿਤ ਮਰਿਯਾਦਾ ਨਹੀਂ ਪੜ੍ਹੀ?" ਮੈ ਹਸਦੇ ਹੋਏ ਕਹਿਆ ਵੀਰੋ ! ਮੈਂ ਸਿੱਖ ਰਹਿਤ ਮਰਿਯਾਦਾ ਪੜ੍ਹੀ ਹੈ, ਤੇ ਉਸ ਦੇ "ਅੰਮ੍ਰਿਤ ਸੰਸਕਾਰ" ਦੇ ਨਿਯਮ (ਸ) ਵਿੱਚ ਲਿਖਿਆ ਹੋਇਆ ਹੈ ਕਿ ".. ਕਿਰਪਾਨ ਗਾਤਰੇ ਵਾਲੀ।"
ਲੇਕਿਨ ਵੀਰੋ ਇਕ ਗਲ ਦਾ ਜਵਾਬ ਤੁਸੀਂ ਮੈਨੂੰ ਦਿਉ ਕਿ, ਵੱਡੀ ਕਿ੍ਪਾਨ ਜੋ ਅਕਾਲ ਤਖਤ ਦਾ ਅਖੌਤੀ ਜੱਥੇਦਾਰ ਵੀ ਫੜੀ ਫਿਰਦਾ ਹੈ, ਅਤੇ ਹੋਰ ਸਿੱਖ ਵੀ ਉਸ ਨੂੰ ਧਾਰਣ ਕਰਦੇ ਹਨ, ਉਨ੍ਹਾਂ ਕ੍ਰਿਪਾਨਾਂ ਨਾਲ ਤਾਂ ਗਾਤਰਾ ਹੁੰਦਾ ਨਹੀਂ? ਕੀ ਉਹ ਕ੍ਰਿਪਾਨ "ਕਕਾਰ" ਨਹੀਂ? ਉਹ ਦੋਵੇਂ ਫੌਰਨ ਬੋਲੇ "ਨਹੀਂ ਵੀਰ ਜੀ, ਜਿਸ ਕਿ੍ਪਾਨ ਵਿੱਚ ਗਾਤਰਾ ਨਹੀਂ, ਉਹ ਕ੍ਰਿਪਾਨ "ਕਕਾਰ" ਨਹੀਂ, ਸਿੱਖ ਰਹਿਤ ਮਰਿਯਾਦਾ ਵਿਚ ਲਿਖਿਆ ਹੋਇਆ ਹੈ। ਮੈਂ ਬਹੁਤ ਹੈਰਾਨ ਹੋ ਕੇ, ੳਨ੍ਹਾਂ ਨੂੰ ਨਰਾਜ਼ਗੀ ਭਰੇ ਲਹਿਜੇ ਵਿੱਚ ਕਿਹਾ, "ਬਸ ਹੁਣ ਇਹ ਗਲ ਕਿਸੇ ਹੋਰ ਅੱਗੇ ਨਾ ਕਹਿਆ ਜੇ! ਤੁਹਾਨੂੰ ਸਮਝ ਹੋਣੀ ਚਾਹੀਦੀ ਹੈ, ਕਿ ਜੋ ਪੰਥ ਦੋਖੀ ਤਾਕਤਾਂ ਚਾਹੁੰਦੀਆਂ ਹਨ, ਉਹੀ ਤੁਹਾਡੇ ਮੂਹੋਂ ਨਿਕਲ ਰਿਹਾ ਹੈ, ਕਿ ਗਾਤਰੇ ਵਾਲੀ ਛੋਟੀ ਕਿਰਪਾਨ ਹੀ ਤੁਹਾਡਾ "ਕਕਾਰ" ਹੈ ਤੇ ਵੱਡੀ ਕ੍ਰਿਪਾਨ ਕਕਾਰ ਨਹੀਂ! ਇਹ ਹੀ ਤਾਂ ਪੰਥ ਦੋਖੀ ਚਾਹੁੰਦੇ ਹਨ। ਮੈਨੂੰ ਬੜੀ ਤਸੱਲੀ ਹੈ ਕਿ ਤੁਸੀਂ ਸਿੱਖ ਰਹਿਤ ਮਰਿਯਾਦਾ ਪੜ੍ਹ ਕੇ ਮੇਰੇ ਕੋਲ ਆਏ ਹੋ, ਲੇਕਿਨ ਸ਼ਾਇਦ ਤੁਸੀਂ "ਅੰਮ੍ਰਿਤ ਸੰਸਕਾਰ" ਵਾਲੇ ਸਿਰਲੇਖ ਦੇ ਅਖੀਰ ਵਿੱਚ ਇਹ ਨਹੀਂ ਪੜ੍ਹਿਆ ਕਿ * ਕ੍ਰਿਪਾਨ ਦੀ ਲੰਬਾਈ ਦੀ ਕੋਈ ਹੱਦ ਨਹੀਂ ਹੋ ਸਕਦੀ"।
ਵੀਰੋ ਸ਼ਸ਼ਤਰ ਨੂੰ ਅੰਗੀਕਾਰ ਕਰਨ ਦਾ ਸਿੱਖੀ ਵਿਚ ਮਹਾਤਮ ਹੈ, ਨਾ ਕਿ ਉਸਨੂੰ ਧਾਰਣ ਕਰਨ ਦੇ ਤੌਰ ਤਰੀਕੇ ਦਾ। ਦਾਸ ਦੀ ਇਹ ਗਲ ਸੁਣ ਕੇ ਉਹ ਬਹੁਤ ਸ਼ਰਮਿੰਦੇ ਹੋਏ। ਫਿਰ ਉਹ ਹੌਲੀ ਜਹੀ ਅਵਾਜ ਵਿਚ ਕਹਿਣ ਲੱਗੇ, ਕਿ ਸਿੱਖ ਰਹਿਤ ਮਰਿਯਾਦਾ ਵਿਚ.....ਤਾਂ ....ਲਿਖਿਆ ... ? ਦਾਸ ਨੇ ੳਨ੍ਹਾਂ ਨੂੰ ਸਮਝਾਇਆ ਕਿ ਸਿੱਖ ਰਹਿਤ ਮਰਿਯਾਦਾ ਵਿਚ ਬਹੁਤ ਕੁਝ ਸੋਧਣ ਅਤੇ ਬਦਲਣ ਵਾਲਾ ਹੈ, ਜਿਸ ਵਲ ਅਸੀਂ ਕਦੀ ਜੋਰ ਨਹੀਂ ਲਾਇਆ, ਕਿਉਂਕਿ ਸਾਡਾ ਸਾਰਾ ਜ਼ੋਰ ਤਾਂ ਇਕ ਦੂਜੇ ਨਾਲ ਇਹੋ ਜਿਹੀਆਂ ਫਜੂਲ ਦੀਆਂ ਬਹਿਸਾਂ ਵਿਚ ਹੀ ਜਾਇਆ ਹੋ ਜਾਂਦਾ ਹੈ।

ਇਹ ਵ੍ਰਤਾਂਤ ਇਥੇ ਇਸ ਲਈ ਸਾਂਝਾ ਕੀਤਾ ਹੈ, ਕਿ ਇਹ ਸਮਝਾਇਆ ਜਾ ਸਕੇ ਕਿ ਸਾਡੀ ਨਵੀਂ ਪਨੀਰੀ ਨੂੰ ਛੋਟੇ ਛੋਟੇ ਵਿਸ਼ਿਆਂ 'ਤੇ ਬਹਿਸਾਂ ਵਿਚ ਉਲਝਾਇਆ ਜਾ ਰਿਹਾ ਹੈ, ਜਿਸ ਵਿਚ ਮਾਸ ਖਾਣ ਦਾ ਵੀ ਇਕ ਮਸ਼ਹੂਰ ਮੁੱਦਾ ਹੈ। ਇਸ ਵਿਸ਼ੇ 'ਤੇ ਮੈਂ ਅਕਸਰ ਲੋਕਾਂ ਨੂੰ ਲੜਦਿਆਂ ਵੇਖਿਆ ਹੈ। ਇਸ ਵਿਸ਼ੇ ਉੱਤੇ ਤਾਂ ਅਖੰਡ ਕੀਰਤਨੀ ਜੱਥੇ ਵਾਲੇ ਮਰਨ ਮਾਰਨ 'ਤੇ ਉਤਾਰੂ ਹੋ ਜਾਂਦੇ ਹਨ। ਸਾਡਾ ਵਿਸ਼ਾ ਇਥੇ "ਮੂਲ ਮੰਤਰ", ਅਤੇ "ਗੁਰੂ ਮੰਤ੍ਰ" ਬਾਰੇ ਵਿਚਾਰ ਕਰਨਾ ਹੈ, ਆਉ ਉਸ ਵਲ ਤੁਰਦੇ ਹਾਂ।

ਮੂਲ ਦਾ ਅਰਥ ਹੈ ਜੜ, ਕਰਤਾਰ, ਰੱਬ ਜੋ ਇਸ ਸੰਸਾਰ ਦਾ ਮੂਲ (Origin) ਹੈ। ਮੰਤ੍ਰ ਦਾ ਅਰਥ ਹੈ ਗੁਪਤ ਗੱਲ (ਭੇਦ), .....ਵਿਚਾਰ, ਸਲਾਹ, ਮਸ਼ਵਰਾ, ਗੁਰੂ ਦਾ ਉਪਦੇਸ਼। ਅਰਥਾਤ ਗੁਰੂ ਦਾ ਉਹ ਉਪਦੇਸ਼ ਜੋ ਉਸ ਮੂਲ (ਕਰਤਾਰ) ਦੇ ਭੇਦ ਬਾਰੇ ਇਕ ਵਿਚਾਰ ਕਰਦਾ ਹੈ। ਦੂਜੇ ਸ਼ਬਦਾਂ ਵਿਚ "ਮੂਲ ਮੰਤ੍ਰ", ਗੁਰੂ ਦਾ ਦਿਤਾ ਉਹ ਉਪਦੇਸ਼ ਹੈ, ਜੋ ਨਿਰੰਕਾਰ ਕਰਤੇ ਦੇ ਭੇਦ (ਗੁਪਤ ਬਾਤ) ਬਾਰੇ ਅਪਣੇ ਸਿੱਖਾਂ ਨੂੰ ਵਿਚਾਰ ਪ੍ਰਦਾਨ ਕਰਦਾ ਹੈ।

ਇਸ ਅਰਥ ਮੁਤਾਬਿਕ ਤਾਂ ਸੰਪੂਰਨ ਗੁਰੂ ਬਾਣੀ ਹੀ "ਮੂਲ ਮੰਤ੍ਰ" ਹੈ। ਜੋ ਮੂਲ ਮੰਤ੍ਰ ਹੈ ਉਹੀ "ਗੁਰੂ ਮੰਤ੍ਰ" ਵੀ ਹੈ। ਫਿਰ ਇਹ ਬਹਿਸ ਕਿਸ ਲਈ, ਕਿ ਮੂਲ ਮੰਤਰ ਕਿਥੋਂ ਤਕ ਹੈ?

ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥ ਅੰਕ 188
ਗੁਰੂ ਨਾਨਕ ਕਹਿੰਦੇ ਹਨ ਕੇ ਗੁਰੂ ਦੇ ਉਪਦੇਸ਼ ਨੂੰ (ਅਪਣੇ ਹਿਰਦੇ ਵਿੱਚ) ਦ੍ਰਿੜ ਕੀਤਾ। (ਤਾਂ) ਇਕ (ਕਰਤਾਰ) ਦਾ ਨਾਮ ਮੇਰੇ ਮਨ ਵਿਚ ਵਸ ਗਇਆ।

ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥ ਸੋ ਉਬਰਿਆ ਮਾਇਆ ਅਗਨਿ ਤੇ ॥੩॥ ਅੰਕ 211
ਜਿਨ੍ਹਾਂ ਨੂੰ ਗੁਰੂ, ਹਰਿ (ਕਰਤਾਰ) ਦਾ ਭੇਦ ਦੇ ਦਿੰਦਾ ਹੈ। ਉਹ ਮਾਇਆ ਰੂਪੀ ਅਗਨਿ ਤੋਂ ਮੁਕਤ ਹੋ ਜਾਂਦਾ ਹੈ।

ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥ ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥ ਅੰਕ 186

ਗੁਰੂ ਨਾਨਕ ਕਹਿੰਦੇ ਹਨ ਕਿ ਗੁਰੂ ਦੇ ਦਿਤੇ "ਉਪਦੇਸ਼" ਦਾ ਚਿੰਤਨ ਅਪਣੇ ਮਨ ਵਿਚ ਕਰ। ਉਸ ਕਰਤਾਰ ਦੇ ਸੱਚੇ ਦਰਬਾਰ (ਇਸ ਮਨ) ਵਿੱਚ ਤੈਨੂੰ ਸੁਖ ਪ੍ਰਾਪਤ ਹੋਵੇਗਾ।

ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥ ਅੰਕ 518

ਜਿਸ ਤੇ ਉਹ ਮਿਹਰਵਾਨ ਖੁਸ਼ ਹੋ ਜਾਵੇ, ਉਹ ਗੁਰੂ ਦਾ ਉਪਦੇਸ਼ ਕਮਾ ਲੈਂਦਾ ਹੈ, ਭਾਵ: ਗੁਰੂ ਦੇ ਉਪਦੇਸ਼ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ। (ਹੇ) ਮੇਹਰ ਦੇ ਦਾਤੇ ਜਿਸਤੇ ਤੂੰ ਖੁਸ਼ ਹੋ ਜਾਵੇ ਤਾਂ ਨਾਨਕ ਕਹਿੰਦੇ ਹਨ ਕਿ ਉਹ ਸੱਚ ਵਿੱਚ ਲੀਨ ਹੋ ਜਾਂਦਾ ਹੈ।

ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥ ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥ਅੰਕ 562

ਮੇਰੇ ਵੀਰੋ ! ਗੁਰਬਾਣੀ ਦੇ ਇਹ ਸਾਰੇ ਪ੍ਰਮਾਣ ਇਹ ਦਰਸਾਂਉਦੇ ਹਨ ਕਿ "ਸ਼ਬਦ ਗੁਰੂ" ਦੀ ਸੰਪੂਰਨ ਬਾਣੀ ਹੀ ਸਾਡੇ ਲਈ "ਮੂਲ ਮੰਤ੍ਰ" ਅਤੇ "ਗੁਰੂ ਮੰਤ੍ਰ" ਹੈ। ਸ਼ਬਦ ਗੁਰੂ ਦਾ ਕੋਈ ਵਿਸ਼ੇਸ਼ ਸ਼ਬਦ ਜਾਂ ਬਾਣੀ ਹੀ "ਗੁਰੂ ਮੰਤ੍ਰ " ਜਾਂ "ਮੂਲ ਮੰਤ੍ਰ" ਨਹੀਂ ਹੈ, ਬਲਕਿ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਇਕ ਪੰਗਤੀ "ਗਰੂ ਮੰਤ੍ਰ" ਹੈ
ਨਿਸ਼ਾਨ ਸਾਹਿਬ

- ਇੰਦਰਜੀਤ ਸਿੰਘ, ਕਾਨਪੁਰ
"ਨਿਸ਼ਾਨ", "ਝੰਡੇ", ਅਤੇ "ਝੰਡੇ ਬੁੰਗਿਆਂ" ਬਾਰੇ ਕਈ ਲੇਖ ਅਤੇ ਟਿਪਣੀਆਂ ਵਿਦਵਾਨਾਂ ਵਲੋਂ ਸਮੇਂ ਸਮੇਂ 'ਤੇ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ ।
ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਅੱਗੇ ਮੱਥਾ ਟੇਕਣ ਵਾਲਿਆਂ ਅਤੇ ਮੋਮਬੱਤੀਆਂ ਜਗਾ ਕੇ  ਮਨਮਤਿ ਦਾ ਪ੍ਰਗਟਾਵਾਂ ਕਰਨ ਵਾਲੇ ਸਿੱਖਾਂ ਨੂੰ ਮੈਂ ਅਕਸਰ ਹੀ ਵੇਖ ਕੇ ਇਹ ਸੋਚਦਾ ਰਹਿੰਦਾ ਹਾਂ ਕਿ ਇਨਾਂ ਭੋਲੇ ਭਾਲਿਆਂ ਨੂੰ ਤਾਂ ਪਤਾ ਹੀ ਨਹੀਂ ਕਿ "ਨਿਸ਼ਾਨ ਸਾਹਿਬ " ਦੀ ਅਹਮਿਅਤ ਅਤੇ ਇਸਦਾ ਮਕਸਦ ਕੀ ਹੈ ? ਗੁਰੂ ਘਰ ਵਿੱਚ ਕਿਸੇ ਵੀ "ਪ੍ਰਤੀਕ" ਦਾ ਆਦਰ ਕਰਣਾਂ ਅਤੇ ਉਸ ਅੱਗੇ ਮੱਥਾ ਟੇਕਨ ਵਿੱਚ ਇਕ ਬਹੁਤ ਵਡਾ ਫਰਕ ਹੁੰਦਾ ਹੈ।

"ਨਿਸ਼ਾਨ" ਸ਼ਬਦ ਦਾ ਪਹਿਲਾ ਅਤੇ ਸਿਧਾ ਸਾਧਾ ਸੰਬੰਧ "ਚਿਨ੍ਹ" ਜਾਂ "ਨਿਸ਼ਾਨੀ" ਨਾਲ ਹੈ। ਗੁਰੂ ਘਰ ਵਿੱਚ "ਨਿਸ਼ਾਨ" ਦੀ ਵਰਤੋਂ ਪੰਜ ਗੁਰੂ ਸਾਹਿਬਾਨ ਤਕ ਬਿਲਕੁਲ ਹੀ ਨਹੀਂ ਸੀ ਹੋਈ । ਛੇਵੇ ਗੁਰੂ ਸਾਹਿਬ ਵੇਲੇ ਹੀ ਇਸ ਦੀ ਵਰਤੋਂ ਸ਼ੁਰੂ ਹੋਈ । ਇਥੇ "ਵਰਤੋਂ " ਸ਼ਬਦ ਦੀ ਚੋਂਣ ਸੋਚ ਸਮਝ ਕੇ ਕੀਤੀ ਗਈ ਹੈ, ਕਿਉਕਿ "ਵਰਤੋਂ" ਉਸ ਵਸਤੂ ਦੀ ਕੀਤੀ ਜਾਂਦੀ ਹੈ ਜਿਸਦਾ ਕੋਈ "ਮਕਸਦ" ਹੁੰਦਾ ਹੈ। ਦੂਜੀ ਤਰ੍ਹਾਂ ਅਸੀਂਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ "ਮਕਸਦ" ਕਰ ਕੇ ਹੀ ਕੋਈ ਚੀਜ "ਵਰਤੀ" ਜਾਂਦੀ ਹੈ। ਸਿਖਾਂ ਵਲੋਂ "ਨਿਸ਼ਾਨ" ਦੀ "ਵਰਤੋਂ" ਦਾ ਵੀ ਕੋਈ "ਮਕਸਦ" ਸੀ, ਜਿਸਦਾ ਜਿਕਰ ਅਸੀਂ ਇਥੇ ਕਰਾਂਗੇ ।

ਛੇਵੇਂ ਗੁਰੂ ਸਾਹਿਬ ਵੇਲੇ ਤਕ ਗੁਰੂ ਘਰ ਦੀਆਂ ਫੌਜਾਂ ਹੋਂਦ ਵਿੱਚ ਆ ਚੁਕੀਆਂ ਸਨ ਅਤੇ ਉਹ ਪੂਰੇ ਲਉ ਲਸ਼ਕਰ ਨਾਲ ਅਪਣੀਆਂ ਛਾਵਣੀਆਂ (ਕੇਂਪ) ਬਣਾਂ ਕੇ ਰਹਿੰਦੀਆਂ ਸਨ । ਇਨਾਂ ਫੌਜਾਂ ਵਿੱਚ ਦਿਨ ਬ ਦਿਨ ਵਾਧਾਂ ਹੁੰਦਾ ਗਇਆ ਅਤੇ ਉਸ ਵੇਲੇ ਅਨੁਸਾਰ , ਇਨਾਂ ਨੂੰ ਆਧੁਨਿਕ ਬਣਾਇਆ ਜਾਂਦਾ ਰਿਹਾ। ਕਈ ਜੰਗਾਂ ਵੀ ਲੜੀਆਂ ਗਈਆਂ ਅਤੇ ਅਭਿਆਸ ਵੀ ਕੀਤੇ ਜਾਂਦੇ ਸਨ । ਹੁਣ ਅਸੀਂ ਇਥੇ ਇਹ ਵਿਚਾਰ ਕਰਨਾਂ ਹੈ ਕਿ , ਕਿਸੇ ਝੰਡੇ ਜਾਂ ਨਿਸ਼ਾਨ ਦੀ ਵਰਤੋਂ ਕਿਥੇ ਅਤੇ ਕਿਂਉ ਕੀਤੀ ਜਾਂਦੀ ਹੈ , ਸਿੱਖੀ ਵਿੱਚ ਇਸ ਦੀ ਕੀ ਅਹਮਿਯਤ ਹੈ ?
ਕਿਸੇ ਵੀ ਝੰਡੇ ਜਾਂ ਨਿਸ਼ਾਨ ਦੀ ਵਰਤੋਂ ਦਾ ਪਹਿਲਾ ਮਕਸਦ ਹੁੰਦਾ ਹੈ, "ਅਪਣੀ ਹੋਂਦ ਅਤੇ ਮੌਜੂਦਗੀ ਨੂੰ ਦਰਸਾਉਣਾਂ" ਜਾਂ ਸਾਬਿਤ ਕਰਣਾਂ ।ਜਿਸ ਵੀ ਥਾਂ ਤੇ ਕਿਸੇ ਫੌਜ , ਲਸ਼ਕਰ ਜਾਂ ਕਬੀਲੇ ਦਾ ਡੇਰਾ ਜਾਂ ਪੜਾਂਅ ਹੁੰਦਾ ਸੀ, ਉਥੇ ਉਹ ਅਪਣਾਂ ਝੰਡਾ ਲਾ ਕੇ ਇਹ ਸਾਬਿਤ ਕਰਦੇ ਸਨ ਕਿ ਅਸੀਂ ਇਥੇ ਮੌਜੂਦ ਹਾਂ। ਜੇ ਅਸੀਂ ਕਿਸੇ ਦੇਸ਼ ਦੀ ਰਾਜਧਾਨੀ ਵਿੱਚ, ਉਨਾਂ ਦੇ ਦੂਤਾਵਾਸਾਂ (EMBASSIES) ਨੂੰ ਵੇਖੀਏ ਤਾਂ ਉਥੇ ਵੀ ਉਨਾਂ ਦੇ ਦੇਸ਼ ਦੇ ਆਪੋ ਆਪਣੇ ਝੰਡੇ ਲਗੇ ਹੁੰਦੇ ਨੇ , ਜੋ ਇਹ ਦਰਸਾਉਦੇ ਨੇ ਕਿ ਇਥੇ ਫਲਾਂ ਦੇਸ਼ ਦਾ ਦੂਤਾਵਾਸ ਹੈ।
ਕਿਸੇ ਵੀ ਝੰਡੇ ਜਾਂ ਨਿਸ਼ਾਨ ਦਾ ਦੂਜਾ ਮਕਸਦ ਹੁੰਦਾ ਹੈ "ਅਪਣੀ ਜਿੱਤ ਜਾਂ ਫਤਿਹ ਨੂੰ ਦਰਸਾਉਣਾਂ" । ਜਦੋਂ ਵੀ ਕੋਈ ਫੋਜ ਯੁੱਧ ਲੜਦੀ ਲੜਦੀ ਅਪਣੇ ਵਿਰੋਧੀਆਂ ਦੇ ਖੇਤਰ ਜਾਂ ਖਿੱਤੇ ਉੱਤੇ ਅਪਣਾਂ ਕਬਜਾ ਕਰ ਲੈਂਦੀ ਸੀ , ਤਾਂ ਉਹ ਅਪਣਾਂ ਨਿਸ਼ਾਨ ਜਾਂ ਝੰਡਾ ਉਥੇ ਗੱਡ ਕੇ ਇਹ ਸਾਬਿਤ ਕਰਦੀ ਸੀ ਕਿ ਇਹ ਖੇਤਰ ਹੁਣ ਸਾਡਾ ਹੈ, ਅਤੇ ਹੁਣ ਇਸ ਉੱਤੇ ਸਾਡਾ ਅਧਿਕਾਰ ਹੈ। ਖਾਲਸਾ ਫੌਜ ਦੇ ਜੱਥੇਦਾਰ ਅਤੇ ਮਹਾਨ ਯੋਧਾ ਜੱਸਾ ਸਿੰਘ ਆਲਹੂਵਾਲੀਆ ਅਤੇ ਭਾਈ ਬਘੈਲ ਸਿੰਘ ਨੇ ਜਦੋ ਤੀਹ  ਹਜਾਰ ਫੌਜ ਲੈ ਕੇ ਦਿੱਲੀ ਤੇ ਕਬਜਾ ਕਰ ਲਿਆ, ਤਾਂ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਲਹਿਰਾਨਾਂ ਵੀ ਇੱਸੇ ਮਕਸਦ ਕਿਸੇ ਵੀ ਝੰਡੇ ਜਾਂ ਨਿਸ਼ਾਨ ਦਾ ਦੂਜਾ ਮਕਸਦ ਹੁੰਦਾ ਹੈ "ਅਪਣੀ ਜਿੱਤ ਜਾਂ ਫਤਿਹ ਨੂੰ ਦਰਸਾਉਣਾਂ" । ਜਦੋਂ ਵੀ ਕੋਈ ਫੋਜ ਦੇ ਪੂਰੇ ਹੋਣ ਦਾ ਐਲਾਨ ਸੀ, ਕਿ ਦਿੱਲੀ ਤੇ ਹੁਣ ਖਾਲਸੇ ਦਾ ਰਾਜ ਹੈ । ਇਹ ਤਰੀਕਾ ਅਜੋਕੇ ਸਮੈਂ ਵਿੱਚ ਵੀ ਵਰਤਿਆ ਜਾਂਦਾ ਹੈ। ਪਹਾੜਾਂ ਦੀਆਂ ਚੋਟੀਆਂ ਅਤੇ ਟਾਪੂਆਂ ਦੇ ਏਕਸਪੀਡੀਸ਼ਨ ਕਰਨ ਵਾਲੇ ਜਾਂ ਖੋਜ ਕਰਨ ਵਾਲੇ ਵੀ ਜਦੋਂ ਉਸ ਤੇ ਪਹੂੰਚ ਜਾਂਦੇ ਨੇ ਤਾਂ ਅਪਣੀ ਜਿੱਤ ਨੂੰ ਦਰਸਾਉਣ ਲਈ , ਜਾਂ ਮਕਸਦ ਦੇ ਪੂਰਾ ਹੋਂਣ ਦਾ ਸੰਦੇਸ਼ ਦੇਂਦੇ ਹੋਏ ਅਪਣਾਂ ਝੰਡਾ ਉਸ ਥਾਂ ਤੇ ਗੱਡ ਦੇਂਦੇ ਹਨ।ਇਸੇ ਤਰ੍ਹਾਂ ਦਾ ਇਜਹਾਰ ਚੰਦ੍ਰਮਾਂ ਤੇ ਪਹਿਲਾਂ ਕਦਮ ਰੱਖਣ ਵਾਲਿਆਂ ਵੀ ਉਥੇ ਅਪਣੇ ਦੇਸ਼ ਦਾ ਝੰਡਾ ਗੱਡ ਕੇ ਕੀਤਾ ਸੀ।

ਕਿਸੇ ਵੀ ਝੰਡੇ ਜਾਂ ਨਿਸ਼ਾਨ ਦਾ ਤੀਜਾ ਮਕਸਦ ਹੁੰਦਾ ਹੈ "ਅਪਣੀ ਵਖਰੀ ਪਹਿਚਾਨ ਨੂੰ ਦਰਸਾਉਣਾਂ" । ਇਸੇ ਕਰਕੇ ਹਰ ਦੇਸ਼ , ਕੌਮ, ਫਿਰਕੇ ਅਤੇ ਕਬੀਲੇ, ਦੇ ਅਪਣੇ ਵਖਰੇ ਨਿਸ਼ਾਨ ਹੁੰਦੇ ਨੇ। ਇਥੋਂ ਤਕ ਕੇ ਹੁਣ ਸਿੱਖਾਂ ਦੀ ਵੇਖਾ ਵੇਖੀ ਹੋਰ ਧਰਮਾਂ ਅਤੇ ਸੰਪ੍ਰਦਾਈਆਂ ਨੇ ਵੀ ਅਪਣੇ ਨਿਸ਼ਾਨ ਬਣਾਂ ਲਏ ਹਨ । ਝੰਡੇ ਜਾਂ ਨਿਸ਼ਾਨ ਜਰੂਰਤ ਅਤੇ ਵਰਤੋਂ ਦੇ ਇਹ ਤਿਨ ਅਹਿਮ ਕਾਰਣ ਹਨ।

 ਹੁਣ ਗਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਦੀ ਅਹਮਿਅਤ ਤੇ ਮਕਸਦ ਦੀ ਗੱਲ ਕਰਦੇ ਹਾਂ । ਇਨਾਂ ਨਿਸ਼ਾਨਾਂ ਅਤੇ ਝੰਡਿਆ ਦੀ ਵਰਤੋਂ ਪਹਿਲਾਂ ਫੌਜਾਂ ਅਤੇ ਰਿਆਸਤਾਂ ਵਲੋਂ ਹੀ ਕੀਤੀ ਜਾਂਦੀ ਸੀ, ਇਸਦੀ ਵਰਤੋਂ ਧਾਰਮਿਕ ਅਦਾਰਿਆਂ ਵਿੱਚ ਜਾਂ ਧਰਮ ਲਈ ਨਹੀਂ ਕੀਤੀ ਜਾਂਦੀ ਸੀ। ਜਾਹਿਰ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਹੀ ਮੀਰੀ ਪੀਰੀ ਦੇ ਸਿਧਾਂਤ ਨੂੰ ਸਿੱਖੀ ਵਿੱਚ ਕਾਇਮ ਕੀਤਾ ਅਤੇ ਗੁਰੂ ਦੀਆਂ ਫੌਜਾਂ ਨੇ ਵੀ ਇਸ "ਨਿਸ਼ਾਨ" ਦੀ ਵਰਤੋਂ ਕੀਤੀ ।

ਸਿੱਖ ਹੁਣ ਭਗਤੀ ਨਾਲ ਸ਼ਕਤੀ ਦਾ ਧਾਰਣੀ ਵੀ ਬਣ ਚੁਕਾ ਸੀ ਅਤੇ ਇਕ ਫੌਜੀ ਦੀ ਵੇਸ਼ਭੂਸ਼ਾ ਅਤੇ ਬਾਣੇ ਨੂੰ ਅਪਣਾਂ ਚੁਕਾ ਸੀ ।ਹੁਣ ਉਸ ਦਾ ਸ਼ਕਤੀ ਸ਼ਰੂਪ, ਉਸ ਦੇ ਭਗਤੀ ਸ਼ਰੂਪ ਨਾਲੋ ਵੱਖ ਨਹੀਂ ਸੀ । ਜਿਥੇ ਉਹ ਇਕ ਅਕਾਲਪੁਰਖ ਦਾ ਭਗਤ ਸੀ ਉਥੇ ਹੀ ਉਹ , ਜੁਲਮ ਦੇ ਖਿਲਾਫ ਲੜਣ ਵਾਲਾ ਗੁਰੂ ਦਾ ਤਿਆਰ ਬਰ ਤਿਆਰ ਫੌਜੀ ਵੀ ਸੀ। ਜੰਗ ਲੜਦਿਆਂ ਵੀ ਉਹ ਅਪਣੇ ਸ਼ਬਦ ਗੁਰੂ ਨਾਲੋਂ ਕਦੀ ਵੀ ਨਹੀਂ ਟੁਟਿਆ । ਇਹੀ ਕਾਰਣ ਸੀ ਕਿ, ਕਈ ਜਿਦੋਜਹਿਦਾਂ ,ਘੱਲੂਘਾਰੇ ਅਤੇ ਸ਼ਹਾਦਤਾਂ ਵੀ ਇਕ ਸਿੱਖ ਦੀ ਹੋਂਦ ਨੂੰ ਖਤਮ ਨਹੀਂ ਕਰ ਸਕੀਆਂ , ਭਾਵੇਂ ਅੱਜ ਦਾ ਸਿੱਖ ਅਪਣੇ ਸ਼ਬਦ ਗੁਰੂ ਨਾਲੋਂ ਟੁੱਟ ਰਿਹਾ ਹੈ , ਅਤੇ ਲਗਾਤਾਰ ਤੋੜਿਆ ਜਾ ਰਿਹਾ ਹੈ । ਸ਼ਬਦ ਗੁਰੂ ਤੇ ਹੀ ਸ਼ੰਕੇ ਖੜੇ ਕੀਤੇ ਜਾ ਰਹੇ ਨੇ, , ਇਸ ਲਈ ਉਸ ਦੀ ਹੋਂਦ ਹੁਣ ਖਤਰੇ ਵਿੱਚ ਪੈ ਚੁਕੀ ਹੈ। ਖੈਰ, ਇਸ ਲੇਖ ਦਾ ਇਹ ਵਿਸ਼ਾ ਨਹੀਂ ਹੈ , ਅਗੇ ਤੁਰਦੇ ਹਾਂ।

 ਗੁਰੂ ਕੀਆ ਫੌਜਾਂ ਜੰਗ ਲੜਦੀਆਂ , ਮੈਦਾਨਾਂ ਅਤੇ ਜੰਗਲਾਂ ਵਿੱਚ ਵਿੱਚਰਦੀਆਂ ਸਨ, ਘਰ ਬਾਹਰ ਤੋਂ ਦੂਰ ਉਹ ਜੰਗ ਦੇ ਮੈਦਾਨਾਂ ਵਿੱਚ ਹੀ ਪੜਾਂਅ ਪਾਂਉਦੀਆਂ ਸਨ, ਲੇਕਿਨ ਉਹ ਅਪਣੇ ਸ਼ਬਦ ਗੁਰੂ ਤੋਂ ,ਅਪਣੇ ਆਪ ਨੂੰ ਕਦੀ ਵੀ ਉਹਲੇ ਨਹੀਂ ਸਨ ਕਰਦੀਆਂ। ਜੰਗ ਦੇ ਮੈਦਾਨਾਂ ਵਿੱਚ ਅਪਣੇ ਕੈਂਪਾਂ ਅਤੇ ਤੰਬੂਆਂ ਵਿੱਚ ਵੀ ਸ਼ਬਦ ਗੁਰੂ ਦਾ ਪ੍ਰਕਾਸ਼ ਕਰਦੀਆਂ ਸਨ। ਅੱਜ ਵੀ ਭਾਰਤੀ ਫੌਜਾਂ ਵਿੱਚ ਜਿੱਥੇ ਵੀ "ਸਿੱਖ ਰੇਜੀਮੇਂਟ" ਦੀ ਬ੍ਰਿਗੇਡ ਹੂੰਦੀ ਹੈ, ਉੱਥੇ ਰੇਜੀਮੇਂਟ ਦੇ ਅੰਦਰ ਵੀ ਗੁਰਦੁਆਰਾ ਸਾਹਿਬ ਜਰੂਰ ਹੁੰਦੇ ਨੇ , ਗੁਰੂ ਦਾ ਪ੍ਰਕਾਸ਼ ਜਰੂਰ ਹੁੰਦਾ ਹੈ। ਕਿਉ ਕਿ ਸਿੱਖ ਦਾ ਸਭ ਕੁਝ , ਸ਼ਬਦ ਗੁਰੂ ਹੀ ਤਾਂ ਹੈ ।ਸਿੱਖ ਕਿਥੇ ਵੀ ਰਹੇ , ਜੇ ਉਹ ਸ਼ਬਦ ਗੁਰੂ ਨਾਲ ਜੁੜਿਆ ਹੈ , ਤਾਂ ਹੀ ਉਸ ਦੀ ਹੋਂਦ ਸੁਰਖਿਅਤ ਹੈ, ਜੇ ਉਹ ਸ਼ਬਦ ਗੁਰੂ ਤੋਂ ਟੁੱਟ ਗਇਆ ਤਾਂ ਉਹ ਮਿੱਟ ਜਾਵੇਗਾ।

ਸਿੱਖ ਫੋਜ ਜਿੱਥੇ ਵੀ ਵਿਚਰਦੀ, ਉਸ ਦੇ ਸ਼ਬਦ ਗੁਰੂ ਉਸ ਦੇ ਨਾਲ ਹੀ ਹੁੰਦੇ ਸਨ। ਉਨਾਂ ਦੇ ਉਹ ਹੀ ਕੈਂਪ ਹੁੰਦੇ ਸਨ ਅਤੇ ਉਹ ਹੀ ਉਨਾਂ ਦੇ ਗੁਰਦੁਆਰੇ। ਇਹ ਗੁਰੂ ਕੀਆਂ ਫੌਜਾਂ ਉਥੇ ਅਪਣਾਂ ਉੱਚਾਂ ਨਿਸ਼ਾਨ ਵੀ ਸਥਾਪਿਤ ਕਰਦੀਆਂ ਸਨ ।ਇਸਦੇ ਉਹ ਹੀ ਤਿਨ ਮੁੱਖ ਕਾਰਣ ਸਨ, "ਅਪਣੀ ਹੋਂਦ ਅਤੇ ਮੌਜੂਦਗੀ ਨੂੰ ਦਰਸਾਉਣਾਂ", "ਅਪਣੀ ਜਿੱਤ ਜਾਂ ਵਿਜੈ ਨੂੰ ਦਰਸਾਉਣਾਂ" ,"ਅਪਣੀ ਵਖਰੀ ਪਹਿਚਾਨ ਨੂੰ ਦਰਸਾਉਣਾਂ" । ਨਿਸ਼ਾਨ ਦੀ ਇਹ ਹੀ ਪ੍ਰਥਾ ਅਤੇ ਪਰੰਪਰਾ ਅੱਜ ਵੀ ਗੁਰੂ ਘਰਾਂ ਵਿੱਚ ਮੌਜੂਦ ਹੈ।

ਸਿੱਖੀ ਦਾ ਉਹ "ਨਿਸ਼ਾਨ" ਜਾਂ "ਝੰਡਾ", "ਨਿਸ਼ਾਨ ਸਾਹਿਬ" ਬਣ ਗਇਆ ? ਇਸ ਬਾਰੇ ਵੀ ਬਹਿਸ ਹੁੰਦੀ ਵੇਖੀ ਜਾਂਦੀ ਹੈ। ਕਈ ਲੋਕ ਤੇ "ਨਿਸ਼ਾਨ ਸਾਹਿਬ" ਨਾਲ "ਸਾਹਿਬ" ਸ਼ਬਦ ਦੀ ਵਰਤੋਂ ਕਰਣ 'ਤੇ ਵੀ ਇਤਰਾਜ ਕਰਦੇ ਵੇਖੇ ਜਾਂਦੇ ਹਨ, ਜੋ ਬਿਲਕੁਲ ਹੀ ਬੇਲੋੜੀ ਅਤੇ ਮਹੱਤਵ ਹੀਣ ਬਹਿਸ ਹੈ। ਇਕ ਸਿੱਖ ਦਾ ਅਪਣੇ ਗੁਰੂ ਪ੍ਰਤੀ ਜੋ ਸਤਕਾਰ ਹੈ , ਉਹ ਕਿਸੇ ਧਰਮ ਵਿੱਚ ਅਪਣੇ ਧਾਰਮਿਕ ਗ੍ਰੰਥਾਂ ਪ੍ਰਤੀ ਨਹੀਂ ਵੇਖਿਆ ਜਾਂਦਾ ਕਿਉ ਕਿ "ਸ਼ਬਦ ਗੁਰੂ ਸਾਹਿਬ " ਇਕ ਧਾਰਮਿਕ ਗ੍ਰੰਥ ਨਾਂ ਹੋ ਕੇ ਇਕ ਸਿੱਖ ਲਈ ਦਸ ਗੁਰੂ ਸਾਹਿਬਾਨ ਦਾ ਹੀ ਜਾਗ੍ਰਿਤ ਸਰੂਪ ਹੈ । ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿਚ ਜੋ ਵਸਤੂਆਂ ਸੰਬੰਧਿਤ ਹਣ ਉਨਾਂ ਅਗੇ ਜੇ ਉਹ ਆਦਰ ਨਾਲ ਆਦਰ ਸੂਚਕ "ਸਾਹਿਬ" ਸ਼ਬਦ ਦੀ ਵਰਤੋਂ ਕਰਦਾ ਹੈ ਤਾਂ ਇਸ ਵਿੱਚ ਕੀ ਬੁਰਾਈ ਹੈ, ਇਸ ਨਾਲ ਗੁਰਮਤਿ ਦਾ ਕੇੜ੍ਹਾ ਕੋਈ ਨੁਕਸਾਨ ਹੋ ਜਾਂਦਾ ਹੈ ? ਗੁਰੂ ਘਰ ਦਾ ਇਕ ਹਿੱਸਾ ਬਣ ਚੁਕੇ "ਨਿਸ਼ਾਨ" ਨਾਲ "ਸਾਹਿਬ" ਸ਼ਬਦ ਦੀ ਵਰਤੋਂ ਉਸ ਨਿਸ਼ਾਨ ਜਾਂ ਝੰਡੇ ਪ੍ਰਤੀ ਆਦਰ ਦਾ ਹੀ ਤਾਂ ਪ੍ਰਤੀਕ ਹੈ , ਜੋ ਸਾਡੀ ਵਖਰੀ ਹੋਂਦ, ਵਖਰੀ ਪਹਿਚਾਨ ਅਤੇ ਮੌਜੂਦਗੀ ਨੂੰ ਦਰਸਾਂਉਦਾ ਹੈ ।

ਨਿਸਾਨ ਸਾਹਿਬ ਦੇ ਰੰਗਾਂ ਬਾਰੇ ਵੀ ਬਹੁਤ ਸਾਰੇ ਸ਼ੰਕੇ ਹਨ, ਅਤੇ ਅੱਜ ਵੀ ਬਹਿਸ ਦਾ ਵਿਸ਼ਾ ਬਣੇ ਹੋਏ ਹਨ। ਕੁਝ ਵਿਦਵਾਨਾਂ ਦਾ ਕਹਿਨਾਂ ਹੈ ਕਿ ਅੱਜ ਵਾਲਾ ਕੇਸਰੀ ਪੀਲੇ ਰੰਗ ਵਾਲਾ ਨਿਸ਼ਾਨ ਪਹਿਲਾ ਨੀਲੇ ਰੰਗ ਦਾ ਸੀ ਆਦਿਕ। ਲੇਕਿਨ ਦੋਹਾਂ ਹੀ ਰੰਗਾਂ ਵਿਚ ਖਾਲਸਾਈ ਲੋਗੋ "ਖੰਡਾ" ਜਰੂਰ ਮੌਜੂਦ ਹੈ। ਰੰਗਾ ਵਿੱਚ ਬਦਲਾਵ ਦਾ ਇਕੋ ਇਕ ਕਾਰਣ ਨਜਰ ਆਂਉਦਾ ਹੈ।  ਉਹ ਇਹ ਹੈ , ਕਿ ਸਿੱਖੀ ਵਿੱਚ , ਹਮੇਸ਼ਾਂ ਹੀ , ਪੰਥ ਦੋਖੀ ਅਨਸਰਾਂ ਦੀ ਘੁਸਪੈਠ ਹੂੰਦੀ ਰਹੀ ਹੈ। ਨਾਮਧਾਰੀਆਂ ਦੇ ਗੁਰਦੁਆਰਿਆਂ ਵਿੱਚ "ਚਿੱਟੇ ਰੰਗ" ਦਾ "ਨਿਸ਼ਾਨ" ਲਗਿਆ ਹੋਇਆ ਹੈ।  ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂਕਰਦੇ ਨੇ ,ਲੇਕਿਨ ਨਿਸ਼ਾਨ ਸਾਹਿਬ ਨਾ ਕੇਸਰੀ ਹੈ ਅਤੇ ਨਾਂ ਹੀ ਨੀਲਾ। ਇਨਾਂ ਦੇ ਕਈ ਗੁਰਦੁਆਰਿਆ ਵਿੱਚ ਮੈਂ ਆਪ ਜਾ ਕੇ ਵੇਖਿਆ ਹੈ।ਇਸੇ ਤਰ੍ਹਾਂ ਕਲ ਨੂੰ ਕੋਈ ਡੇਰੇ ਵਾਲਾ ਜਾਂ ਸੰਪ੍ਰਦਾਈ ਕਾਲਾ ਨਿਸ਼ਾਨ ਲਾ ਦੇਵੇ ਤਾਂ ਵੀ ਕੋਈ ਹੈਰਾਣਗੀ ਵਾਲੀ ਗਲ ਨਹੀਂ ਹੋਵੇਗੀ ।
ਸਿੱਖੀ ਵਿਚ ਆ ਚੁਕੇ ਅਵੇਸਲੇਪਣ ਅਤੇ ਅਣਗਹਲੀ ਕਾਰਣ ਜੇ ਪੰਜਾਬ ਦੇ ਮਸਤੁਆਨਾ ਕਸਬੇ ਵਿੱਚ ਦਰਬਾਰ ਸਾਹਿਬ ਦੀ ਨਕਲ ਵਾਲਾ ਗੁਰਦੁਆਰਾ ਬਣ ਸਕਦਾ ਹੈ , ਤਾਂ ਨਿਸ਼ਾਨ ਸਾਹਿਬ ਦਾ ਰੰਗ ਬਦਲ ਜਾਂਣਾਂ ਕੋਈ ਬਹੁਤ ਵੱਡੀ ਗਲ ਨਹੀਂ। ਐਸੇ ਪੰਥ ਵਿਰੋਧੀ ਕੰਮ ਵੀ ਕਿਤੇ ਦੂਰ ਦਰਾਡੇ ਨਹੀਂ, ਬਲਕਿ ਉਥੇ ਹੀ ਹੁੰਦੇ ਨੇ, ਜਿੱਥੇ ਸਿੱਖਾਂ ਕੋਲ ਸਿਆਸੀ ਪਾਵਰ ਹੈ , ਅਤੇ ਸਿੱਖਾਂ ਦਾ ਗੜ੍ਹ ਹੈ। ਇਸੇ ਤਰ੍ਹਾਂ ਸਿੱਖੀ ਵਿੱਚ ਖੂੰਬਾਂ ਵਾਂਗ ਉਗ ਆਏ ਡੇਰੇ ਅਤੇ ਸੰਮਪ੍ਰਦਾਵਾਂ ਨੇ ਆਪੋ ਆਪਣੇ ਰੰਗ ਦੇ ਨਿਸ਼ਾਨ ਬਣਾਂ ਲਏ।

ਹੁਣ ਤਾਂ ਬ੍ਰਾਹਮਣਵਾਦੀ ਤਾਕਤਾਂ ਦੇ ਪ੍ਰਭਾਵ ਹੇਠ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਨਿਸ਼ਾਨਾਂ ਦਾ ਰੰਗ ਵੀ "ਕੇਸਰੀ" ਤੋਂ "ਭਗਵਾ" ਕਰ ਦਿਤਾ ਗਇਆ ਹੈ । ਇਸ ਬਾਰੇ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਕੱੜ ਸਾਹਿਬ ਨੂੰ ਲਿਖਿਤ ਅਤੇ ਜੁਬਾਨੀ ਸਵਾਲ ਕੀਤਾ, ਤਾਂ ਉਨਾਂ ਨੇ ਇਹ ਕਹਿ ਕੇ ਟਾਲ ਦਿਤਾ ਕਿ, "....ਮੈਨੂੰ ਤਾਂ ਇਸ ਗਲ ਦਾ ਪਤਾ ਹੀ ਨਹੀਂ, ਤੁਹਾਡੇ ਮੂਹੋਂ ਪਹਿਲੀ ਵਾਰ ਹੀ ਸੁਣ ਰਿਹਾ ਹਾਂ ਕਿ ਨਿਸ਼ਾਨਾਂ ਦਾ ਰੰਗ "ਕੇਸਰੀ" ਤੋਂ "ਭਗਵਾ" ਹੋ ਗਇਆ ਹੈ , ਫਿਰ ਵੀ ਹੁਣ ਠੇਕੇਦਾਰ ਨੂੰ ਇਸ ਬਾਰੇ ਤਾਕੀਦ ਕਰ ਦਿਤੀ ਜਾਵੇਗੀ, ਜਿਸਨੇ ਇਨਾਂ ਨਿਸ਼ਾਨਾਂ ਦਾ ਠੇਕਾ ਲਿਆ ਹੋਇਆ ਹੈ ....।" ਇਸੇ ਤਰ੍ਹਾਂ ਸਿੱਖਾਂ ਦੀ ਅਨਗਹਿਲੀ ਅਤੇ ਅਵੇਸਲੇਪਣ ਦਾ ਨਤੀਜਾ ਹੈ ਜੋ "ਨਿਸ਼ਾਨ ਸਾਹਿਬ" ਦੇ ਰੰਗਾਂ ਵਿੱਚ ਹੌਲੀ ਹੌਲੀ ਬਦਲਾਅ ਹੁੰਦਾ ਗਇਆ ।

ਕੌਮ ਦੇ ਮੋਹਤਬਰਾਂ ਨੂੰ ਹੁਣ ਫੌਰਨ ਹੀ ਇਹ ਤੈਅ ਕਰ ਲੈਣਾਂ ਚਾਹੀਦਾ ਹੈ ਕਿ ਸਿੱਖੀ ਵਿੱਚ "ਨਿਸ਼ਾਨ ਸਾਹਿਬ" ਦਾ ਰੰਗ "ਨੀਲਾ" ਰਹਿਣਾਂ ਹੈ ਜਾਂ "ਕੇਸਰੀ ਪੀਲਾ"। ਕਿਉ ਕਿ ਕਿਸੇ ਵੀ ਕੌਮ, ਦੇਸ਼ , ਸਲਤਨਤ ਅਤੇ ਕਬੀਲੇ ਦੇ ਨਿਸ਼ਾਨ ਅੱਡ ਅੱਡ ਰੰਗ ਦੇ ਨਹੀਂ ਹੋ ਸਕਦੇ । ਰੰਗ ਤਾਂ ਬਹੁਤ ਦੂਰ ਦੀ ਗਲ ਹੈ ਉਸ ਦੇ ਡਿਜਾਈਨ ਵਿੱਚ ਕੋਈ ਵੀ ਬਦਲਾਅ ਨਹੀਂ ਕਿਤਾ ਜਾ ਸਕਦਾ। ਇਸ ਬਾਰੇ ਵਿਦਾਵਨਾਂ ਨੂੰ ਬਹੁਤ ਹੀ ਛੇਤੀ ਕੋਈ ਕਦਮ ਚੁਕ ਲੈਂਣਾਂ ਚਾਹੀਦਾ ਹੈ, ਨਹੀਂ ਤਾਂ ਇਹ ਮੁੱਦਾ, ਭਵਿਖ ਵਿੱਚ , ਇਕ ਹੋਰ ਨਵੀਂ ਦੁਬਿਧਾ ਦਾ ਕਾਰਣ ਬਣ ਸਕਦਾ ਹੈ।
ਸਾਡੇ ਸ਼ਹਿਰ ਵਿੱਚ ਕਿਸੇ ਸਿੱਖ ਵੀਰ ਦੇ ਘਰ ਅਸੀਂ ਗਏ । ਉਨਾਂ ਨੇ ਅਪਣੇ ਘਰ ਨਿਸ਼ਾਨ ਸਾਹਿਬ ਲਗਾਏ ਹੋਏ ਸੀ । ਮੇਰੇ ਇਕ ਮਿੱਤਰ ਨੇ ਮੇਰੇ ਕੋਲੋਂ ਸਵਾਲ ਕੀਤਾ ਕਿ ਵੀਰ ਜੀ , " ਕੀ ਹਰ ਸਿੱਖ ਅਪਣੇ ਘਰ ਨਿਸ਼ਾਨ ਸਾਹਿਬ ਲਾ ਸਕਦਾ ਹੈ ? ਉਸ ਵੇਲੇ ਤਾਂ ਮੈਂ ਉਸ ਨੂੰ ਕਹਿ ਦਿਤਾ ਕਿ ਮੇਰੇ ਹਿਸਾਬ ਨਾਲ ਤਾਂ , ਜਿਸ ਸਿੱਖ ਦੇ ਘਰ ਸ਼ਬਦ ਗੁਰੂ ਸਾਹਿਬ ਦਾ ਪ੍ਰਕਾਸ਼ ਹੈ , ਉਹ ਲਾ ਸਕਦਾ ਹੈ । ਲੇਕਿਨ ਬਾਦ ਵਿੱਚ ਇਸ ਬਾਰੇ ਬਹੁਤ ਸੋਚਦਾ ਰਿਹਾ । ਅਖੀਰ ਵਿੱਚ ਇਸ ਨਤੀਜੇ ਤੇ ਪੰਹੁਚਿਆ ਕਿ ਜੇ ਇਕ ਸਿੱਖ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਵਖਰੇ ਕਮਰੇ ਜਾਂ ਸਥਾਨ ਤੇ ਹੈ, ਜਿਥੇ ਕੋਈ ਵੀ ਸਿੱਖ ਆ ਕੇ ਸ਼ਬਦ ਗੁਰੂ ਦਾ ਸੰਗ ਪ੍ਰਾਪਤ ਕਰ ਸਕਦਾ ਹੋਵੇ। ਅਤੇ ਉਹ ਘਰ ਜਾਂ ਪਰਿਵਾਰ ਵਾਲੇ ਇਸ ਗਲ ਤੋਂ ਸਮਰੱਥ ਅਤੇ ਸਹਿਮਤ ਹੋਣ , ਕਿ ਪੰਜ ਦਸ ਪਰਦੇਸੀ ਸਿੱਖਾਂ ਦੇ ਰਹਿਣ , ਇਸਨਾਨ ਅਤੇ ਲੰਗਰ ਪਾਣੀ ਦੀ ਸੇਵਾ ਕਿਸੇ ਵਕਤ ਵੀ ਕਰ ਸਕਦੇ ਹੋਣ, ਤਾਂ ਉਸ ਨੂੰ ਅਪਣੇ ਘਰ ਉਪਰ ਨਿਸ਼ਾਨ ਸਾਹਿਬ ਜਰੂਰ ਲਗਾਉਣਾਂ ਚਾਹੀਦਾ ਹੇ , ਕਿਉਕਿ ਉਸ ਨਾਲ ਨਿਸ਼ਾਸ ਸਾਹਿਬ ਲਾਉਣ ਦਾ ਮਕਸਦ ਵੀ ਪੂਰਾ ਹੋ ਜਾਂਦਾ ਹੈ। ਐਸੇ ਸਿੱਖ ਦੇ ਘਰ ਨਿਸ਼ਾਨ ਸਾਹਿਬ ਇਸ ਗਲ ਦਾ ਪ੍ਰਤੀਕ ਹੋਵੇਗਾ ਕਿ ਇਹ ਗੁਰੂ ਦੇ ਸਿੱਖ ਦਾ ਘਰ ਹੈ , ਜਿਥੇ ਕੋਈ ਵੀ ਪਰਦੇਸੀ , ਜਰੂਰਤ ਮੰਦ ਸਿੱਖ ਪਨਾਹ ਅਤੇ ਸ਼ਰਣ ਪਾ ਸਕਦਾ ਹੈ। ਇਕ ਗਲ ਦਾ ਧਿਆਨ ਰਹੇ ਕਿ ਨਿਸ਼ਾਨ ਸਾਹਿਬ ਨੂੰ ਉਹ ਸਿੱਖ ਅਪਣੇ ਘਰ ਵਿੱਚ ਸਭਤੋਂ ਉੱਚੇ ਸਥਾਨ ਤੇ ਲਾਵੇ , ਤਾਂਕਿ ਕਿਸੇ ਵੀ ਪਰਦੇਸੀ ਜਾਂ ਜਰੂਰਤ ਮੰਦ ਸਿੱਖ ਦੀ ਨਿਗਾਹ ਦੂਰੋਂ ਹੀ ਉਸ ਤੇ ਪੈ ਸਕੇ। ਸਿੱਖ ਫੋਜਾਂ ਵੀ ਤਾਂ ਅਪਣੇ ਕੈਂਪਾਂ ਵਿੱਚ ਇਸੇ ਕਰਕੇ ਨਿਸ਼ਾਨ ਸਾਹਿਬ ਲਾਉਦੀਆਂ ਸਨ , ਕਿ ਜੋ ਫੌਜੀ ਜੰਗ ਵਿੱਚ ਵਿਛੜ ਗਏ ਹੋਣ , ਜਾਂ ਜਖਮੀ ਹੋ ਕੇ ਕਿਤੇ ਗਵਾਚ ਗਏ ਹੋਣ , ਉਹ ਅਪਣੇ ਫੌਜੀ ਠਿਕਾਣਿਆਂ ਵੱਲ , ਅਪਣੀ ਫੌਜ ਦਾ ਨਿਸ਼ਾਨ ਦੂਰੋਂ ਹੀ ਵੇਖ ਕੇ ਉਥੇ ਪੁਜ ਸਕਣ।

ਵੀਰੋ! ਸਿੱਖੀ ਦੀ ਅਪਣੀ ਵਖਰੀ ਪਹਿਚਾਨ , ਹੋਂਦ, ਜਿੱਤ (ਚੜ੍ਹਦੀਕਲਾ) ਅਤੇ ਮੌਜੂਦਗੀ ,ਦਾ ਪ੍ਰਤੀਕ, ਨਿਸ਼ਾਨ ਸਾਡੇ ਲਈ "ਨਿਸ਼ਾਨ ਸਾਹਿਬ" ਹੈ । ਸਾਨੂੰ ਇਸ ਦੀ ਕਦਰ ਕਰਨੀ ਹੈ , ਅਤੇ ਇਸ ਦਾ ਆਦਰ ਕਰਨਾਂ ਹੈ। ਇਸ ਦੀ ਅਹਮਿਅਤ, ਜਰੂਰਤ ਅਤੇ ਮਕਸਦ ਨੂੰ ਸਮਝਣਾਂ ਹੈ। ਇਸ ਅੱਗੇ ਮੱਥੇ ਟੇਕ ਕੇ ਗੁਰਮਤਿ ਦਾ ਅਪਮਾਨ ਨਹੀਂ ਕਰਨਾਂ ਹੈ।ਕਦਰ ਕਰਨੀ ਅਤੇ ਮੱਥਾ ਟੇਕਣ ਵਿੱਚ ਬਹੁਤ ਵਡਾ ਫਰਕ ਹੁੰਦਾ ਹੈ । ਇਸ ਫਰਕ ਨੂੰ ਸਮਝਣਾਂ ਚਾਹੀਦਾ ਹੈ। ਇਸਦੀ ਅਹਿਮਿਅਤ ਅਤੇ ਕਦਰ ਨੂੰ ਸਮਝਦਿਆਂ ਹੀ ਤਾਂ ਅਸੀਂ ਅਪਣੀ ਰੋਜ ਪੜ੍ਹੀ ਜਾਨ ਵਾਲੀ ਅਰਦਾਸ ਵਿੱਚ ਵੀ "ਝੰਡੇ ਬੂੰਗੇ ਜੁਗੋ ਜੁੱਗ ਅਟੱਲ ਰਹਿਣ" ਦੀ ਅਰਦਾਸ ਕਰਦੇ ਹਾਂ ।
ਆਪਣੀ ਹੋਮਲੈਂਡ ਅਤੇ ਆਪਣਾਂਂ ਘਰ
ਇੰਦਰਜੀਤ ਸਿੰਘ, ਕਾਨਪੁਰ
ਮਨੁੱਖ ਨੂੰ ਕੁਦਰਤ ਦੀ ਇਹ ਦੇਣ ਹੈ ਕਿ, ਕੋਈ ਵੀ ਮਨੁੱਖ ਜਦੋਂ ਆਰਥਿਕ ਅਤੇ ਸਮਾਜਿਕ ਪੱਖੋਂ ਸਮਰੱਥ ਹੋ ਜਾਂਦਾ ਹੈ, ਤਾਂ ਉਸ ਦੀ ਪਹਿਲੀ ਖੁਹਾਇਸ਼ ਹੁੰਦੀ ਹੈ ਕਿ ਉਸ ਦਾ ਇਕ "ਆਪਣਾ ਘਰ" ਹੋਵੇ। ਵੱਡਾ ਨਾ ਸਹੀ, ਭਾਵੇਂ ਛੋਟਾ ਜਿਹਾ ਹੀ ਹੋਵੇ। ਜਿਸਨੂੰ ਉਹ ਕਹਿ ਸਕੇ ਕਿ ਇਹ "ਮੇਰਾ ਘਰ" ਹੈ। ਜਿਸ ਵਿੱਚ ਉਸ ਦਾ ਹੀ ਕਾਇਦਾ ਅਤੇ ਕਾਨੂੰਨ ਚੱਲੇ। ਕਿਰਾਏ ਦਾ ਬੰਗਲਾ ਭਾਵੇ ਕਿੰਨਾਂ ਹੀ ਵਡਾ ਅਤੇ ਖੂਬਸੂਰਤ ਕਿਉ ਨਾਂ ਹੋਵੇ, ਉਸ ਵਿਚ ਉਸਦੀ ਤਸੱਲੀ ਨਹੀਂ ਹੁੰਦੀ। ਉਸਨੂੰ ਤਾਂ ਉਸ ਘਰ ਦੀ ਦਰਕਾਰ ਹੁੰਦੀ ਹੈ, ਜਿਸ ਘਰ ਦੀ ਇਕ ਇਕ ਚੀਜ ਤੇ ਉਸਦੀ ਪ੍ਰਭੂਸੱਤਾ ਹੋਵੇ। ਉਸਦੀ ਜਮੀਨ ਤੋਂ ਲੈ ਕੇ ਉਸ ਵਿੱਚ ਰਹਿਣ ਵਾਲੇ, ਸਾਰੇ ਉਸਦੇ ਅਪਣੇ ਹੋਣ। ਅਪਣੇ ਘਰ ਦਾ ਸੁਫਨਾਂ ਹਰ ਮਨੁੱਖ ਜਰੂਰ ਵੇਖਦਾ ਹੈ।

ਇਸ ਲਈ ਉਹ ਅਪਣੀ ਸਾਰੀ ਉਮਰ ਦੀ ਜੋੜੀ ਹੋਈ ਕਮਾਈ ਦਾ ਇਕ ਬਹੁਤ ਵੱਡਾ ਹਿੱਸਾ, ਉਸ ਦੀ ਉਸਾਰੀ ਲਈ ਖਰਚ ਕਰਨ ਲਈ ਤਿਆਰ ਹੋ ਜਾਂਦਾ ਹੈ। ਉਸ ਘਰ ਦੀ ਉਸਾਰੀ ਲਈ ਜਮੀਨ ਦਾ ਇਕ ਟੁਕੜਾ ਹਾਸਿਲ ਕਰਨਾ, ਉਸ ਦਾ ਪਹਿਲਾ ਉਪਰਾਲਾ ਹੁੰਦਾ ਹੈ। ਇਹ ਹੀ ਹੁੰਦੀ ਹੈ ਉਸ ਦੇ ਸੁਫਨਿਆਂ ਦਾ ਘਰ ਸਿਰਜਨ ਲਈ, ਉਸ ਦੀ ਆਪਣੀ "ਹੋਮ ਲੈਂਡ"। ਜਿਸ ਦਿਨ ਉਹ ਅਪਣੇ ਸੁਫਨਿਆਂ ਦੇ ਘਰ ਦੀ ਉਸਾਰੀ ਲਈ ਜਮੀਨ ਦਾ ਟੁਕੜਾ ਹਾਸਿਲ ਕਰ ਲੈਂਦਾ ਹੈ, ਉਸ ਦਿਨ ਉਹ ਇਕ ਅਜੀਬ ਜਹੀ ਸ਼ਾਂਤੀ ਅਤੇ ਖੁਸ਼ੀ ਮਹਸੂਸ ਕਰਦਾ ਹੈ। ਭਾਵੇਂ ਹੱਲੀ ਉਸ ਉਪਰ ਉਸਦੇ ਸੁਫਨਿਆਂ ਦਾ ਘਰ ਨਾ ਵੀ ਬਣਿਆ ਹੋਵੇ, ਇਹੋ ਜਹੀ ਖੁਸ਼ੀ ਤੁਸੀਂ ਉਸ ਬੰਦੇ 'ਤੇ ਵੇਖ ਸਕਦੇ ਹੋ, ਜੋ ਮਕਾਨ ਬਨਾਉਣ ਲਈ ਇਕ "ਪਲਾਟ" ਖਰੀਦ ਕੇ ਆਪਣੇ ਪਰਿਵਾਰ ਵਿਚ ਆਂਉਦਾ ਹੈ।

ਸਾਰੀ ਉਮਰ ਦੀ ਖੂਨ ਪਸੀਨੇ ਨਾਲ, ਕਤਰਾ ਕਤਰਾ ਕਰ ਕੇ ਜੋੜੀ ਹੋਈ ਪੂੰਜੀ ਦਾ ਇਕ ਬਹੁਤ ਵੱਡਾ ਹਿੱਸਾ ਖਰਚ ਕਰਕੇ ਵੀ , ਉਹ ਬਹੁਤ ਖੁਸ਼ ਹੂੰਦਾ ਹੈ , ਕਿਉਕਿ ਉਸਦੇ ਬਦਲੇ ਅੱਜ ਉਸ ਕੋਲ, ਅਪਣੇ ਸੁਫਨਿਆਂ ਦੇ ਘਰ ਲਈ ਹੁੰਦੀ ਹੈ, ਅਪਣੀ ਮਲਕੀਅਤ ਵਾਲੀ, ਅਪਣੀ "ਹੋਮ ਲੈਂਡ"। ਇਸ ਖੁਸ਼ੀ ਦਾ ਕਾਰਣ ਇਹ ਹੁਮਦਾ ਹੈ ਕਿ, ਅਪਣੀ ਵਖਰੀ ਹੋਂਦ, ਅਡਰੀ ਪਛਾਣ, ਆਪਣੀ ਵਖਰੀ ਪ੍ਰਭੂਸੱਤਾ ਅਤੇ ਆਪਣਿਆਂ ਦੇ ਸਾਥ ਦੀ ਨਿੱਘ ਮਾਨਣ ਦਾ ਸੁੱਖ। ਮਨੁੱਖ ਵਿੱਚ ਇਹ, ਇਕ ਕੁਦਰਤੀ ਗੁਣ ਹੁੰਦਾ ਹੈ। ਆਪਣੀ "ਹੋਮ ਲੈਂਡ" ਨੂੰ ਪਾ ਕੇ ਉਹ ਦੂਜਿਆਂ ਦੀ ਪ੍ਰਭੂਸੱਤਾ, ਰੋਕ ਟੋਕ ਅਤੇ ਦੂਜਿਆ ਦੇ ਬਣਾਏ ਕਾਇਦੇ, ਕਾਨੂੰਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਉਹ ਅਪਣੇ ਆਪ ਨੂੰ ਬਹੁਤ ਹਲਕਾ ਅਤੇ ਆਜਾਦ ਮਹਿਸੂਸ ਕਰਦਾ ਹੈ।

ਲੇਕਿਨ ਇਸ ਘਰ ਨੂੰ ਬਨਾਉਣ ਤੋਂ ਪਹਿਲਾਂ, ਉਹ ਅਪਣੇ ਪਰਿਵਾਰ ਦੇ ਜੀਆਂ ਬਾਰੇ ਵੀ ਬਹੁਤ ਕੁਝ ਸੋਚਦਾ ਹੈ, ਜਿਨ੍ਹਾਂ ਲਈ ਉਹ ਇਹ ਘਰ ਬਨਾਉਣ ਜਾ ਰਿਹਾ ਹੁੰਦਾ ਹੈ। ਇਕ "ਹੋਮ ਲੈੰਡ" ਨੂੰ ਹਾਸਿਲ ਕਰ ਲੈਣ, ਉਸ 'ਤੇ ਇਕ ਮਕਾਨ ਦੀ ਉਸਾਰੀ ਕਰ ਲੈਣ ਨਾਲ ਹੀ ਉਸ ਦੇ ਸਾਰੇ ਟੀਚੇ ਪੂਰੇ ਨਹੀਂ ਹੋ ਜਾਂਦੇ। ਉਸ ਹੋਮ ਲੈਂਡ ਤੇ ਉਹ ਨਾ ਕੇਵਲ ਇਕ ਮਕਾਨ ਬਨਾਉਣ ਜਾ ਰਿਹਾ ਹੁੰਦਾ ਹੈ, ਬਲਕਿ ਉਹ ਅਪਣੇ ਅਤੇ ਆਪਣਿਆਂ ਲਈ ਇਕ ਘਰ ਬਨਾਉਣ ਜਾ ਰਿਹਾ ਹੁੰਦਾ ਹੈ। "ਮਕਾਨ" ਅਤੇ "ਘਰ" ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਇਕ ਮਕਾਨ ਨਾਲ ਘਰ ਨਹੀਂ ਬਣਦਾ, ਜਦਕਿ ਘਰ ਉਸ ਮਕਾਨ ਵਿਚ ਰਹਿਣ ਵਾਲੇ ਜੀਆਂ ਨਾਲ ਬਣਦਾ ਹੈ। ਜੇ ਉਹ ਜੀਅ ਹੀ ਖੁਸ਼ਹਾਲ ਨਾ ਹੋਣ, ਬਦਹਾਲ ਹੋਣ ਤਾਂ ਉਹ ਘਰ ਕਿਸ ਕੰਮ ਦਾ?

ਜ਼ਮੀਨ ਹਾਸਿਲ ਕਰ ਲੈਣਾ, ਉਸ ਉਤੇ ਇਕ ਮਕਾਨ ਦੀ ਉਸਾਰੀ ਵੀ ਕਰ ਲੈਣਾ ਹੀ ਆਪਣੇ ਆਪ ਵਿੱਚ ਮੁਕੱਮਲ ਨਹੀਂ ਹੁੰਦਾ। ਉਸ ਮਕਾਨ ਨੂੰ ਘਰ ਦਾ ਰੂਪ ਦੇਣ ਲਈ ਇਕ 'ਪਰਿਵਾਰ' ਦੀ ਜਰੂਰਤ ਹੁੰਦੀ ਹੈ। ਮਕਾਨ ਕਿਨ੍ਹਾਂ ਹੀ ਚੰਗਾ ਕਿਉ ਨਾ ਹੋਵੇ, ਉਸ ਵਿੱਚ ਰਹਿਣ ਵਾਲਿਆਂ ਨਾਲ ਹੀ ਤਾਂ ਉਹ ਘਰ ਬਣਦਾ ਹੈ। ਪਰਿਵਾਰ ਵੀ ਇਹੋ ਜਹਿਆ, ਜਿਸਦੇ ਸਾਰੇ ਹੀ ਜੀਅ, ਖੁਸ਼ਹਾਲ ਹੋਣ। ਇਕ ਸੋਚ ਵਾਲੇ, ਸਭਿਆਚਰਕ ਕਰਣੀ ਵਾਲੇ, ਮਜਬੂਤ ਏਕੇ ਅਤੇ ਆਪਸੀ ਸੂਝਬੂਝ ਦੇ ਧਾਰਣੀ ਅਤੇ ਏਜੂਕੇਟੇਡ ਹੋਣ। ਇਕ ਦੂਜੇ ਦੇ ਸੁੱਖ ਦੁੱਖ ਨੂੰ ਆਪਣਾ ਸੁੱਖ ਅਤੇ ਦੁੱਖ ਸਮਝਣ। ਜੇ ਉਸ ਦੇ ਪਰਿਵਾਰ ਦਾ ਹਰ ਬੰਦਾ ਇਹੋ ਜਹਿਆ ਹੋਵੇ, ਤਾਂ ਹੀ ਉਸ ਦਾ ਉਸਾਰਿਆ ਘਰ ਇਕ "ਆਦਰਸ਼ ਘਰ" ਬਣਦਾ ਹੈ।

ਜਿਸ ਘਰ ਦੇ ਜੀਅ ਨਸ਼ਿਆਂ ਵਿਚ ਗਲਤਾਨ ਹੋਣ, ਪਤਿਤ ਹੋ ਕੇ ਅਪਣੇ ਘਰ ਦੀ ਮਰਿਯਾਦਾ ਅਤੇ ਰਹਿਣੀ ਨੂੰ ਹੀ ਭੁਲ ਚੁਕੇ ਹੋਣ। ਅਪਣੇ ਪੁਰਖਿਆਂ ਦੇ ਅਮੀਰ ਇਤਿਹਾਸ ਤੋਂ ਹੀ ਵਾਕਿਫ ਨਾ ਹੋਣ। ਆਪਣੇ ਘਰ ਵਿੱਚ ਬੋਲੀ ਜਾਣ ਵਾਲੀ ਬੋਲੀ ਅਤੇ ਭਾਸ਼ਾ ਤੋਂ ਮਹਿਰੂਮ ਹੋਣ। ਉਹ ਬੰਦਾ ਇਹ ਸੋਚਦਾ ਹੈ, ਕਿ ਮੈਂ ਇਹ ਘਰ ਕਿਸ ਲਈ ਬਨਾਉਣਾ ਹੈ? ਹਰ ਮਨੁੱਖ ਦਾ ਅਪਣਾਂ ਇਕ ਘਰ ਹੋਣ ਦਾ ਸੁਫਨਾ ਹੋਣ ਦੇ ਬਾਵਜੂਦ ਵੀ ਐਸਾ ਮਨੁੱਖ ਆਪਣਾ ਘਰ ਬਨਾਉਣ ਦੀ ਸੋਚਦਾ ਵੀ ਨਹੀਂ। ਉਸ ਦਾ ਇਕੋ ਇਕ ਕਾਰਣ ਇਹ ਕਿ ਜੇ ਉਸ ਘਰ ਵਿੱਚ ਵੀ ਦੁੱਖ, ਕਲਿਹ ਤੇ ਲੜਾਈ ਹੋਣੀ ਹੈ। ਆਪਣੇ ਹੀ ਬਜੁਰਗਾਂ ਅਤੇ ਪੁਰਖਿਆਂ ਦਾ ਸਤਿਕਾਰ ਨਹੀਂ ਹੋਣਾ, ਉਨ੍ਹਾਂ ਦੀ ਤਾਂ ਕਿਸੇ ਮੰਨਣੀ ਹੀ ਨਹੀਂ। ਉਹ ਆਪਣਾ ਘਰ ਵੀ ਨਰਕ ਬਣ ਜਾਣਾ ਹੈ। ਉਸ ਨੂੰ ਸੰਭਾਲਣ ਦੀ ਗਲ ਤਾਂ ਬਹੁਤ ਦੂਰ ਦੀ ਹੈ।

ਜੇ ਉਸ "ਘਰ" ਵਿੱਚ ਰਹਿਣ ਵਾਲੇ ਜੀਅ ਐਸੇ ਹੀ ਹੋਣ, ਤਾਂ ਇੱਨ੍ਹੀ ਮਿਹਨਤ ਨਾਲ ਬਣਾਇਆ ਉਹ ਘਰ ਵੀ ਇਕ ਦਿਨ ਉਸ ਤੋਂ ਖੁਸ ਜਾਣਾ ਹੈ। ਜਿਸ ਘਰ ਦੇ ਜੀਆਂ ਵਿਚ ਏਕਾ ਨਹੀਂ, ਅਤੇ ਉਹ ਸਮਝਦਾਰ ਨਹੀਂ ਹੁੰਦੇ, ਨਸ਼ਿਆਂ ਅਤੇ ਬੁਰਾਈਆਂ ਦੇ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਆਂਡੀ ਗੁਆਂਡੀ ਬਹੁਤ ਹੀ ਛੇਤੀ ਵਰਗਲਾ ਲੈਂਦੇ ਹਨ। ਬਹੁਤ ਛੇਤੀ ਉਹ ਘਰ ਵਿੱਕ ਜਾਂਦਾ ਹੈ, ਜਾਂ ਵੰਡਿਆ ਜਾਂਦਾ ਹੈ। "ਆਪਣੇ ਘਰ" ਦਾ ਸੁਫਨਾ ਵੇਖਣ ਵਾਲਾ ਉਹ ਮਨੁੱਖ ਇਕ ਦਿਨ ਆਪਣੀ ਹੋਮ ਲੈਂਡ ਤੋਂ ਸੱਖਣਾ ਹੋ ਜਾਂਦਾ ਹੈ।

ਵੀਰੋ ! ਸਾਡੀ ਕੌਮ ਦਾ ਵੀ ਇਹ ਹੀ ਹਾਲ ਹੈ। ਵੀਰ ਅਜਮੇਰ ਸਿੰਘ ਦੀ ਲਿਖੀ ਪੁਸਤਕ "ਕਿਸ ਬਿਧ ਰੁਲੀ ਪਾਤਸ਼ਾਹੀ" ਪੜ੍ਹ ਕੇ ਅੱਖਾਂ ਭਰ ਜਾਂਦੀਆਂ ਨੇ ਅਤੇ ਮਨ ਵਿੱਚ ਇਕ ਅਜੀਬ ਜਿਹਾ ਦਰਦ ਉਠਦਾ ਹੈ। ਆਪਣੇ ਪੁਰਖਿਆਂ ਦੀ ਬਣਾਈ, ਆਪਣੀ "ਹੋਮ ਲੈੰਡ", ਜੋ ਸਾਡੀ ਕੌਮ ਦੇ ਜਰਨੈਲਾਂ ਨੇ ਸਾਨੂੰ ਵਿਰਾਸਤ ਦੇ ਰੂਪ ਵਿੱਚ ਦਿਤੀ ਸੀ, ਜਿਸ ਦੀਆਂ ਹੱਦਾਂ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤਕ ਫੈਲੀਆਂ ਸਨ.... ਕਾਸ਼ ! ਅਸੀਂ ਉਸ ਨੂੰ ਹੀ ਸੰਭਾਲ ਸਕੇ ਹੁੰਦੇ, ਮੁੜ ਸਾਨੂੰ ਆਪਣੀ "ਹੋਮ ਲੈਂਡ" ਦੀ ਜ਼ਰੂਰਤ ਹੀ ਮਹਿਸੂਸ ਨਾ ਹੁੰਦੀ। ਜੱਸਾ ਸਿੰਘ ਆਲਹੂਵਾਲੀਆ ਵਰਗੇ ਯੋਧਿਆਂ ਦਾ ਬਣਾਇਆ "ਖਾਲਸਾ ਰਾਜ" ਅਸੀਂ ਸੰਭਾਲ ਨਾ ਸਕੇ। ਸਾਡੇ ਵਿਚੋਂ ਹੀ "ਆਲਾ ਸਿੰਘ" ਵਰਗੇ ਸਿਆਸਤ ਦਾਨ ਪੈਦਾ ਹੋ ਗਏ। ਜਿਨ੍ਹਾਂ ਨੇ ਅਪਣੀ ਹੋਮ ਲੈਂਡ ਹੋਣ ਦੇ ਬਾਵਜੂਦ ਵੀ ਅਪਣੀ ਕੁਰਸੀ ਦੀ ਫਿਕਰ ਕੀਤੀ, ਲੇਕਿਨ ਉਸ ਰਾਜ ਨੂੰ ਕੌਮ ਦੀ ਹੋਮ ਲੈਂਡ ਬਨਾਉਣ ਲਈ ਕਿਸੇ ਨੇ ਵੀ ਪਰਵਾਹ ਨਹੀਂ ਕੀਤੀ। ਗੱਦਾਰ ਸਿਆਸਤ ਦਾਨਾਂ ਨੂੰ ਅਸੀਂ ਅਪਣੀ ਕੌਮ ਦਾ ਰਹਿਬਰ ਸਮਝਿਆ। ਕੌਮ ਦੀ ਬੇੜੀ ਦੀ ਪਤਵਾਰ ਉਨਾਂ ਗੱਦਾਰ ਮੱਲਾਹਾਂ ਦੇ ਹੱਥ ਫੜਾ ਦਿਤੀ, ਜੋ ਪਹਿਲਾਂ ਹੀ ਉਸ ਨੂੰ ਡੋਬਣ ਦੀ ਫਿਰਾਕ ਵਿੱਚ ਸਨ।

ਕੌਮ ਦੇ ਫਿਕਰ ਮੰਦੋ ਅਤੇ ਪੰਥ ਦਰਦੀ ਵੀਰੋ! ਕਿਤੇ ਇਹ ਨਾਂ ਸਮਝਿਆ ਜੇ ਕਿ ਮੈਂ ਤੁਹਾਡੀ ਕਿਸੇ ਸੋਚ ਦਾ ਵਿਰੋਧੀ ਹਾਂ। ਮੈਂ ਤਾਂ ਇਸ ਲੇਖ ਵਿੱਚ ਪਹਿਲਾਂ ਹੀ ਕਹਿ ਕੇ ਆਇਆ ਹਾਂ ਕਿ, ਇਹ ਕੁਦਰਤ ਦਾ ਨਿਯਮ ਹੈ ਕਿ ਹਰ ਮਨੁੱਖ ਅਪਣੀ ਵਖਰੀ ਹੋਂਦ ਅਤੇ ਅਪਣੀ ਸੁਰਖਿਆ ਲਈ ਆਪਣਾ ਨਿਜੀ ਘਰ ਬਨਾਉਣ ਦਾ ਸੁਫਨਾ ਵੇਖਦਾ ਆਇਆ ਹੈ। ਉਹ ਸੁਫਨਾਂ ਹੀ ਕਿਉਂ, ਉਸ ਸੁਫਨੇ ਨੂੰ ਸਾਕਾਰ ਵੀ ਕਰਦਾ ਆਇਆ ਹੈ। ਲੇਕਿਨ ਇਸ ਘਰ ਨੂੰ ਬਨਾਉਣ ਦੇ ਨਾਲ ਹੀ ਨਾਲ, ਉਸ ਵਿੱਚ ਵਸਣ ਵਾਲੇ ਘਰ ਦੇ ਜੀਆਂ ਬਾਰੇ ਵੀ ਸੋਚਣਾ ਬਹੁਤ ਜਰੂਰੀ ਹੈ। ਜਿਨਾਂ ਲਈ ਤੁਸੀਂ ਇਹ ਘਰ ਬਨਾਉਣ ਦੀ ਸੋਚ ਰਹੇ ਹੋ, ਉਸ ਘਰ ਵਿੱਚ ਕਿਸਨੂੰ ਵਸਾਉਗੇ ? ਜਮੀਨ ਵੀ ਹਾਸਿਲ ਕਰ ਲਉਗੇ, ਮਕਾਨ ਵੀ ਉਸਾਰ ਲਵੋਗੇ, ਲੇਕਿਨ ਉਸਨੂੰ "ਘਰ" ਕੇੜ੍ਹੇ ਜੀਆਂ ਨਾਲ ਬਣਾਉਗੇ?

ਕਿਸੇ ਵੀ ਕੌਮ ਦਾ ਇਕ ਬਹੁਤ ਜਰੂਰੀ ਅੰਗ ਉਸਦਾ ਨੌਜੁਆਨ ਤਬਕਾ ਹੁੰਦਾ ਹੈ। ਹਜ਼ਾਰਾਂ ਹੀ ਨੌਜੁਆਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ ਸਾਡੀਆਂ ਜੜਾਂ 'ਤੇ ਕੁਹਾੜਾ ਚਲਾਇਆ ਗਇਆ। ਬੱਚਿਆਂ ਖੁੱਚਿਆਂ ਦੀ ਜਵਾਨੀ, ਜੇਲਾਂ ਦੀਆਂ ਕਾਲ ਕੋਠਰੀਆਂ ਦੀ ਭੇਂਟ ਚੜ੍ਹ ਗਈ। ਸਾਡੀ ਕੌਮ ਦੇ ਅਜੋਕੇ ਗੱਦਾਰ ਸਿਆਸਤ ਦਾਨਾਂ ਨੇ, ਕੌਮ ਦੇ ਉਨਾਂ ਪੁੱਤਾਂ ਬਾਰੇ ਨਾਂ ਸੋਚ ਕੇ, ਆਪਣੇ ਜੰਮੇ ਪੁੱਤਾ ਨੂੰ ਰਾਜ ਗੱਦੀਆਂ ਦੁਆਣ ਲਈ, ਕੌਮ ਦੇ ਅਮੀਰ ਵਿਰਸੇ ਨੂੰ ਬਿਪਰ ਦੇ ਹੱਥਾਂ ਵਿੱਚ ਫੜਾ ਦਿਤਾ। ਇਕ ਸੋਚੀ ਸਮਝੀ ਸਾਜਿਸ਼ ਦੇ ਅਧੀਨ, ਨਸ਼ਿਆਂ ਨਾਲ ਸਾਡਾ ਨੌਜੁਆਨ, ਨੀਮ ਪਾਗਲ ਬਣਾ ਦਿੱਤਾ ਗਇਆ ਹੈ। ਉਸ ਵਿੱਚ ਭਲਾ ਬੁਰਾ ਸੋਚਣ ਦੀ ਤਾਕਤ ਹੀ ਨਹੀਂ ਰਹੀ। ਮੈਂ ਆਪ "ਸਿਫਤੀ ਦੇ ਉਸ ਘਰ" ਵਿੱਚ ਨਿੱਕੇ ਨਿੱਕੇ ਚਾਹ ਦੇ ਢਾਬਿਆਂ 'ਤੇ, ਸ਼ਿਖਰ ਦੁਪਿਹਰੇ, ਅਫਿਮ ਅਤੇ ਸਮੈਕ ਵਿਕਦੀ ਵੇਖੀ ਹੈ। ਇੱਨੇ ਨੌਜੁਆਨ ਮੈਂ ਗੁਰਦੁਆਰਿਆ ਵਿੱਚ ਨਹੀਂ ਵੇਖੇ, ਜਿੰਨੇ ਸ਼ਰਾਬ ਦੇ ਠੇਕਿਆਂ, ਪੱਬਾਂ ਅਤੇ ਲਚਰ ਗਇਕਾਂ ਦੇ ਪ੍ਰੋਗ੍ਰਾਮਾਂ ਵਿਚ ਰੁਲਦੇ ਵੇਖੇ ਹਨ। ਸਾਡੇ ਨੌਜੁਆਨਾਂ ਦਾ "ਰੋਲ ਮਾਡਲ" ਹੁਣ ਬਾਬਾ ਦੀਪ ਸਿੰਘ ਸ਼ਹੀਦ, ਬੋਤਾ ਸਿੰਘ, ਗਰਜਾ ਸਿੰਘ ਅਤੇ ਮਹਿਤਾਬ ਸਿੰਘ ਵਰਗੇ ਸਿੱਖ ਨਹੀਂ ਹਨ। ਉਨਾਂ ਦੇ ਰੋਲ ਮਾਡਲ ਤਾਂ ਹੁਣ ਪਤਿਤ ਬਹਿਰੂਪੀਏ  ਲਚਰ ਗਾਇਕ ਹਨ।

ਗੁਰੂ ਗ੍ਰੰਥ ਸਾਹਿਬ ਜੀ ਉਹ ਵੱਡਾ ਦ੍ਰਖਤ ਹੈ, ਜਿਸਦੀ ਛਾਂ ਥੱਲੇ ਅਸੀਂ ਸਿੱਖੀ ਦੀ ਨਿਘ ਮਾਣਦੇ ਰਹੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੀ ਸੇਧ ਕਰਕੇ ਹੀ ਸਾਡੇ ਪੂਰਵਜ ਅਣਖ ਅਤੇ ਸਵੈਮਾਨ ਲਈ ਸ਼ਹੀਦ ਹੋਣ ਨੂੰ ਤਿਆਰ ਹੋ ਜਾਂਦੇ। ਉਸ ਨਾਲੋਂ ਸਾਡੇ ਪਰਿਵਾਰ ਨੂੰ ਇਕ ਸਾਜਿਸ਼ ਦੇ ਤਹਿਤ, ਹੌਲੀ ਹੌਲੀ ਤੋੜ ਦਿਤਾ ਗਇਆ ਹੈ। ਅੱਜ ਸਾਡੇ ਸਿਰ 'ਤੇ ਇਕ ਕੱਚਾ ਅਤੇ ਵਡੇ ਵਡੇ ਛੇਕਾਂ ਵਾਲਾ ਛੱਤ, "ਅਖੌਤੀ ਦਸਮ ਗ੍ਰੰਥ" ਦੇ ਰੂਪ ਵਿਚ ਛਾਅ ਦਿਤਾ ਗਇਆ ਹੈ। ਜੋ ਕਦੀ ਵੀ ਸਾਡੇ ਪਰਿਵਾਰ ਦੇ ਉੱਤੇ ਡਿਗ ਕੇ ਉਸ ਦੀ ਜਾਨ ਲੈ ਸਕਦਾ ਹੈ। ਬਿਪਰਵਾਦ ਅਤੇ ਪਤਿਤ ਪੁਣੇ ਦੀ ਅੱਗ ਵਿਚ ਸਾਡਾ ਪਰਿਵਾਰ ਸੱੜ ਰਿਹਾ ਹੈ। ਉਸਦੀ ਨਿਰਾਲੀ ਅਤੇ ਵਿਲੱਖਣ ਪਛਾਣ ਦੀ ਨਿਸ਼ਾਨੀ, ਗੁਰੂ ਦੇ ਬਖਸ਼ੇ ਕੇਸ਼ ਉਸ ਤੋਂ ਖੋਹ ਲਏ ਗਏ ਨੇ। ਬਿਹਾਰ ਦੇ ਭਈਆਂ ਅਤੇ ਗੁਰੂ ਦੇ ਸਿੱਖਾਂ ਵਿਚ ਪਛਾਣ ਕਰ ਸਕਣਾਂ ਵੀ ਮੁਸ਼ਕਿਲ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਅਤੇ ਅਪਣੇ ਅਮੀਰ ਵਿਰਸੇ ਦਾ ਸਾਹਿਤ ਖਰੀਦ ਕੇ ਪੜ੍ਹਨ ਵਾਲਾ ਕੋਈ ਨਹੀਂ। ਚੰਡੀ ਕੀ ਵਾਰ, ਪੂਰਨਮਾਸੀ ਦੇ ਵਰਤ ਦੀ ਕਥਾ, ਕਰਵਾ ਚੌਥ ਦੀ ਕਥਾ, ਸੋਮਵਾਰ ਦਾ ਵਰਤ, ਸ਼ਨਿਸ਼ਚਰ ਦੀ ਕਥਾ ਵਰਗੀਆਂ ਪੁਸਤਕਾਂ ਹੀ ਸਾਡਾ ਪਰਿਵਾਰ ਖਰੀਦ ਦਾ ਅਤੇ ਪੜ੍ਹਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਸਾਡਾ ਪਰਿਵਾਰ ਜਾਣਦਾ ਨਹੀਂ, ਕਿ ਉਹ ਕੀ ਬਲਾ ਹੈ ? ਜਿਸਨੂੰ ਲਿਖਣ ਲਈ ਉਸ ਮਹਾਨ ਸਿੱਖ ਵਿਦਵਾਨ ਨੇ ਅਪਣੇ ਜੀਵਨ ਦੇ 27 ਕੀਮਤੀ ਵਰ੍ਹੇ ਕੌਮ ਦੇ ਲੇਖੇ ਲਾ ਦਿਤੇ ਸਨ।

ਅੱਜ ਤੋਂ ਵੀਹ ਵਰ੍ਹੇ ਪਹਿਲਾਂ ਸਾਡੇ ਘਰ ਵਿੱਚ ਕਿਸੇ ਨੂੰ ਹਿੰਦੀ ਪੜ੍ਹਨੀ ਨਹੀਂ ਸੀ ਆਂਉਦੀ। ਘਰਾਂ ਵਿੱਚ ਹਿੰਦੀ ਦੀਆਂ ਅਖਬਾਰਾਂ ਮੁਫਤ ਵਿੱਚ ਸੁੱਟ ਸੁੱਟ ਕੇ ਜਾਂਦੇ ਸਨ। ਅੱਜ ਉਥੇ ਹਿੰਦੀ ਦੀਆਂ ਵੀਹ ਅਖਬਾਰਾਂ ਘਰਾਂ ਵਿੱਚ ਪੜ੍ਹੀਆਂ ਜਾਂਦੀਆਂ ਨੇ। ਸਾਡੀ ਮਾਂ ਬੋਲੀ ਨੂੰ ਹੌਲੀ ਹੌਲੀ ਮਾਰ ਕੇ ਬਿਪਰ ਦੀ ਬੋਲੀ ਬੁਲਵਾਈ ਤੇ ਪੜ੍ਹਾਈ ਜਾ ਰਹੀ ਹੈ। ਪ੍ਰਵਾਸੀ ਮਜਦੂਰ ਸਾਡੇ ਪਰਿਵਾਰਾਂ ਦੀਆਂ ਜਮੀਨਾਂ, ਘਰ, ਕਾਰੋਬਾਰ ਖਰੀਦ ਰਹੇ ਨੇ, 'ਤੇ ਅਸੀਂ ਵੀਜ਼ੇ ਲੁਆ ਲੁਆ ਕੇ ਛੋਟੀਆਂ ਛੋਟੀਆਂ ਨੌਕਰੀਆਂ ਲਈ ਬਾਹਰ ਭਜੇ ਜਾ ਰਹੇ ਹਾਂ। ਸਾਡਾ ਪਰਿਵਾਰ ਆਪਣੀਆਂ ਜਮੀਨਾਂ ਵੇਚ ਵੇਚ ਕੇ ਵੀਜ਼ੇ ਹੀ ਇਕੱਠੇ ਕਰਦਾ ਰਿਹਾ। ਨਾ ਲੈਂਡ ਰਹੀ ਤੇ ਨਾ ਹੋਮ ਰਿਹਾ ਸਾਡੇ ਕੋਲ। ਸਾਡੀ ਹੋਮ ਲੈਂਡ ਦਾ ਮਾਲਿਕ ਬਿਪਰ ਬਣ ਗਇਆ। ਚਾਲਾਕ ਮਹਾਸ਼ੀਆ ਸਾਡੇ ਕਿਸਾਨਾਂ ਕੋਲੋਂ 20 ਰੁਪਏ ਕਿਲੋ ਚਾਵਲ ਖਰੀਦ ਕੇ, ਉਸਨੂੰ ਪਾਲਿਸ਼ ਕਰ ਕਰ ਕੇ ਖੁਬਸੂਰਤ ਪੈਕਟਾਂ ਵਿੱਚ ਭਰ ਕੇ, 200 ਰੁਪੀਏ ਕਿਲੋ ਵੇਚਦਾ ਰਿਹਾ। ਮਹਾਸ਼ੀਆ ਅਮੀਰ ਹੁੰਦਾ ਗਇਆ ਤੇ ਸਾਡਾ ਕਿਸਾਨ ਗਰੀਬੀ ਦੀ ਡੂੰਗੀ ਖਾਈ ਵਿੱਚ ਡਿੱਗ ਡਿੱਗ ਕੇ ਮਰਦਾ ਰਿਹਾ।

ਕਿਸੇ ਵੀ ਸਮਾਜ ਦਾ ਇੱਕ ਬਹੁਤ ਅਹਿਮ ਹਿੱਸਾ ਹੁੰਦਾ ਹੈ, ਉਸ ਦਾ ਕਿਸਾਨ। ਸਾਡਾ ਕਿਸਾਨ ਗੁਰਬਤ ਦੀ ਫਾਂਸੀ ਅਪਣੇ ਗਲੇ ਵਿਚ ਪਾ ਕੇ ਖੁਦਕੁਸ਼ੀਆਂ ਕਰਦਾ ਰਿਹਾ। ਸਾਡਾ ਕਿਸਾਨ ਅਪਣੀ ਗਰੀਬੀ ਨੂੰ ਦੂਰ ਕਰਨ ਲਈ, ਚੰਗੀ ਫਸਲ ਉਗਾਉਣ ਦੀ ਆਸ ਵਿਚ, ਕੀਟ ਨਾਸ਼ਕਾਂ ਦਾ ਜਹਿਰ ਆਪਣੀਆਂ ਜਮੀਨਾਂ ਵਿੱਚ ਘੋਲ ਘੋਲ ਕੇ, ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਨਾਲ ਮਰ ਰਿਹਾ ਹੈ। ਸਾਰੇ ਭਾਰਤ ਦਾ ਢਿੱਡ ਭਰਨ ਵਾਲਾ ਸਾਡਾ ਕਿਸਾਨ ਦੋ ਜੂਨ ਦੀ ਰੋਟੀ ਲਈ ਮੁਥਾਜ ਹੈ। ਮੇਰੇ ਵੀਰੋ ! ਉਸ ਘਰ ਵਿੱਚ ਕਿਸ ਨੂੰ ਵਸਾਉਗੇ ? ਇਨਾਂ ਜਿੰਦਾ ਲਾਸ਼ਾਂ ਨੂੰ ? ਪਰਿਵਾਰ ਬੀਮਾਰ ਹੋਵੇ ਤਾਂ ਸਾਨੂੰ ਉਸ ਦੀ ਸਾਰ ਲੈਣੀ ਚਾਹੀਦੀ ਹੈ, ਕਿ ਆਪਣਾ "ਘਰ" ਬਨਾਉਣ ਦੀ ਪਹਿਲਾ ਸੋਚਣੀ ਚਾਹੀਦੀ ਹੈ। ਪਰਿਵਾਰ ਖੁਸ਼ਹਾਲ ਹੋਵੇਗਾ, ਤਾਂ ਹੀ ਤਾਂ ਉਹ ਘਰ ਵੱਸੇਗਾ।

ਮੇਰੇ ਵੀਰੋ ! ਹਜ਼ਾਰਾਂ ਸਿੱਖਾਂ ਦੀ ਸਹਾਦਤ ਦੇ ਕੇ ਜੇੜ੍ਹੀ "ਹੋਮ ਲੈਂਡ" ਦੁਸ਼ਮਣਾਂ ਕੋਲੋਂ ਖੋਹ ਕੇ, ਜੱਸਾ ਸਿੰਘ ਆਲਹੂਵਾਲੀਆ ਅਤੇ ਉਸ ਦੇ ਮਹਾਨ ਜਰਨੈਲ ਸਾਥੀਆਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੀ ਸੀ। ਉਹ "ਹੋਮ ਲੈਂਡ" ਵੀ ਸਾਥੋਂ ਸੰਭਾਲੀ ਨਾ ਗਈ। ਸਾਡੇ ਵਿਚੋ ਹੀ ਅਜੋਕੇ, ਆਲਾ ਸਿੰਘ ਵਰਗੇ ਰਾਜੇ, ਜੋ ਸਿੱਖ ਭੇਖ ਵਿੱਚ ਕੌਮ ਅਤੇ ਸਿੱਖੀ ਦੇ ਦੁਸ਼ਮਣ ਹਨ, ਤੁਹਾਨੂ ਤੁਹਾਡੇ ਟੀਚਿਆਂ ਵਿੱਚ ਕਦੀ ਵੀ ਸਫਲ ਨਹੀਂ ਜੇ ਹੋਣ ਦੇਣਾ ਚਾਹੁੰਦੇ। ਕਿਉਂਕਿ ਸਾਡਾ ਪਰਿਵਾਰ ਬਹੁਤ ਕਮਜੋਰ ਅਤੇ ਨਾਸਮਝ ਹੈ, ਉਸ ਵਿੱਚ ਕਿਸੇ ਘਰ ਨੂੰ ਵਸਾਉਣ ਅਤੇ ਉਸ ਨੂੰ ਚਲਾਉਣ ਦੇ ਗੁਣ ਹੀ ਨਹੀਂ ਹਨ। "ਆਪਣਾ ਘਰ" ਬਨਾਉਣਾ, ਫਿਰ ਉਸ ਨੂੰ ਸੰਭਾਲਣਾ, ਦੋਵੇ ਇਕ ਹੀ ਇਕ ਸਿੱਕੇ ਦੇ ਦੋ ਪਹਿਲੂ ਹਨ। ਘਰ ਉਹ ਹੀ ਸੰਭਲਦੇ ਨੇ ਜਿਨਾਂ ਵਿੱਚ ਰਹਿਣ ਵਾਲਾ ਪਰਿਵਾਰ ਮਾਨਸਿਕ ਅਤੇ ਅਧਿਆਤਮਿਕ ਅਤੇ ਆਰਥਿਕ ਪੱਖੋਂ ਸਮਝਦਾਰ ਅਤੇ ਕਾਬਿਲ ਹੋਵੇ। ਕਿਤੇ ਇਹ ਨਾ ਹੋਵੇ ਕਿ "ਆਪਣੇ ਘਰ" ਦਾ ਸੁਫਨਾ, ਇਕ ਸੁਫਨਾ ਹੀ ਬਣ ਕੇ ਰਹਿ ਜਾਏ। ਕਿਸੇ ਬੀਮਾਰ ਅਤੇ ਕਮਜੋਰ ਪਰਿਵਾਰ ਨਾਲ "ਆਪਣੇ ਘਰ" ਨਹੀਂ ਵਸਦੇ। ਜੇ ਵਸ ਵੀ ਜਾਣ ਤਾਂ ਉਹ ਖੁਸ ਜਾਂਦੇ ਨੇ।
ਸਿੱਖੀ ਸਿਧਾਂਤ ਤੋਂ ਭੱਜਦੇ ਸਿੱਖਾਂ ਉਤੇ ਬ੍ਰਾਹਮਣਵਾਦ ਦਾ ਗਲਬਾ । 
ਇੰਦਰਜੀਤ ਸਿੰਘ ਕਾਨਪੁਰ


ਸਿੱਖੀ ਵਿੱਚ ਵੱਧ ਰਹੇ ਅੰਧਵਿਸ਼ਵਾਸ਼ ਦਾ ਇਕੋ ਇਕ ਕਾਰਣ ਹੈ ਕਿ ਸਿੱਖ ਦਿਨ ਬ ਦਿਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੂੰਦਾ ਜਾ ਰਿਹਾ ਹੈ  ਅਤੇ ਗੁਰਮਤਿ ਸਿਧਾਂਤਾਂ ਤੋਂ ਵਾਕਿਫ ਨਹੀ ਹੈ । ਬਹੁਤ ਦੁਖ ਹੂੰਦਾ ਹੈ ਜਦੋਂ ਕੌਮ ਦੇ ਮਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ  ਨੂੰ "ਅੰਧ ਵਿਸ਼ਵਾਸ਼" ਦਾ ਸਭ ਤੋਂ ਵੱਡਾ ਕੇੰਦਰ ਬਣਿਆਂ ਹੋਇਆਂ ਵੇਖੀ ਦਾ ਹੈ । ਸਾਡੇ ਕੇਸਾਧਾਰੀ ਬ੍ਰਾਹਮਣ ਆਗੂ ਸਿੱਖੀ ਸਿਧਾਂਤਾਂ ਦਾ  ਇਹ ਮਖੌਲ ਅਪਣੇ ਅੱਖੀ ਵੇਖ ਕੇ ਵੀ ਖਾਮੋਸ਼ ਨੇ । ਉਨਾਂ ਨੂੰ ਕੀ ਲੈਨਾਂ ਦੇਣਾਂ ਹੈ ਕਿ ਸਿੱਖੀ ਰਹੇ,  ਭਾਵੇ ਨਾਂ ਰਹੇ ਉਨਾਂ ਦੀ ਦੁਕਾਨ ਤੇ ਜੋਰ ਸ਼ੋਰ ਨਾਲ ਚਲ ਹੀ ਰਹੀ ਹੈ ।


ਮੇਰੇ ਸੋਹਰੇ ਖਾਸ ਅੰਮ੍ਰਿਤਸਰ ਸ਼ਹਿਰ ਵਿਚ ਤਰਨ ਤਾਰਨ ਰੋਡ ਤੇ ਹੀ ਰਹਿੰਦੇ ਹਨ । ਦੋ ਚਾਰ ਸਾਲ ਬਾਦ ਹੀ ਕਿਸੇ ਖੁਸ਼ੀ ਗਮੀ ਵਿੱਚ ਉਥੇ ਆਨਾ ਜਾਂਣਾਂ ਹੂੰਦਾ ਹੈ। ਕੁਝ ਵਰ੍ਹੇ  ਪਹਿਲਾਂ ਮੈਂ,  ਪੰਥ ਦੇ ਮਹਾਨ ਸ਼ਹੀਦਾ ਅਤੇ ਯੋਧੇ ਦੀ ਯਾਦਗਾਰ ਵਿੱਚ ਬਣੇ ਉਸ ਇਤਿਹਾਸਕ  ਗੁਰਦੁਆਰੇ ਦਰਸ਼ਨਾਂ ਲਈ ਗਇਆ । ਮੇਰੇ ਨਾਲ ਮੇਰੀ ਸਲਿਹਾਰ ਅਤੇ ਸਾਲਾ ਸਾਹਿਬ ਸਨ । ਗੁਰਦੁਆਰੇ ਪੁਜ ਕੇ ਉਹ ਕਿਸੇ ਦੂਜੇ ਗੇਟ ਵਿਚੋਂ ਅੰਦਰ ਵੜ ਗਏ ਤੇ ਮੈਂ ਕਿਸੇ ਦੂਜੀ ਡਿਉੜੀ ਤੋਂ ਅੰਦਰ ਵੜਿਆ । ਇਸ  ਕਰਕੇ ਉਨਾਂ ਤੋਂ ਮੈਂ ਵੱਖ ਹੋ ਗਇਆ ਸੀ।


ਬਾਬਾ ਦੀਪ ਸਿੰਘ ਸ਼ਹੀਦ ਦੇ ਉਸ ਇਤਿਹਾਸਕ ਗੁਰਦੁਆਰੇ ਵਿੱਚ ਜੋ ਕੁਝ ਹੋ ਰਿਹਾ ਸੀ ਵੇਖ ਕੇ ਮੇਰੀਆਂ ਅੱਖਾਂ ਭਿੱਜ ਗਈਆਂ ।  ਮੈ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕ ਕੇ ਬਾਬਾ ਦੀਪ ਸਿੰਘ ਹੋਰਾਂ ਦੀ ਮਹਾਨ ਸ਼ਖਸ਼ੀਯਤ ਅਤੇ ਉਨਾਂ ਦਾ ਉਚਾ ਸੁੱਚਾ ਕਿਰਦਾਰ ਯਾਦ ਕਰਦਿਆਂ , ਦਲਹੀਜ ਕੋਲ ਹੀ  ਬੈਠ ਗਿਆਅਤੇ ਪਤਾ ਨਹੀ ਕਿੱਨੀ ਦੇਰ ਸੋਚੀ ਹੀ ਪਿਆ  ਰਿਹਾ ।



ਉਸ ਪੰਥ ਦੇ ਅਮਰ ਸ਼ਹੀਦ ਬਾਰੇ ਮੈਂ ਜੋ ਇਤਿਹਾਸ ਪੜ੍ਹਿਆਂ ਸੀ ।  ਉਸਨੂੰ ਯਾਦ ਕਰਦਾ ਰਿਹਾ ਤੇ ਇਹ ਸੋਚਦਾ ਰਿਹਾ ਕਿ ਇਕ ਤੇਰੇ ਵਰਗਾ ਕੌਮ ਦਾ ਅਮਰ ਸ਼ਹੀਦ ਤੇ ਇਕ ਇਹੋ ਜਹੇ ਸਿੱਖ ਹਨ ਜਿਨਾਂ ਦੇ ਅੰਧ ਵਿਸ਼ਵਾਸ਼ ਅਤੇ ਕਰਮਕਾਂਡਾ ਨਾਲ ਗੁਰੂ ਘਰ  ਨੂੰ ਇਕ ਮੰਦਰ ਬਣਾਂ ਕੇ ਰਖ ਦਿਤਾ ਹੈ । ਜਦੋਂ ਵੀ ਯੋਧਿਆਂ ਦੀ ਚੌਣ ਹੂੰਦੀਆਪ ਸ਼ਹੀਦ ਹੋਣ ਦੇ ਚਾਅ ਵਿਚ ਗੁਰੂ ਦੇ ਸਾਮ੍ਹਣੇ ਯੋਧਿਆ ਦੀ ਕਤਾਰ ਵਿੱਚ,  ਸਭਤੋਂ ਅੱਗੇ,  ਜਾਨਬੂਝ ਕੇ ਖੜੇ ਹੋ ਜਾਂਦੇ ਸੀਇਸ ਲਈ  ਕੇ ਗੁਰੂ ਸਾਹਿਬ ਆਪ ਜੀ ਨੂੰ ਯੁਧ ਵਿੱਚ ਜਾਣ ਦੀ ਸੇਵਾ ਬਖਸ਼ ਦੇਣਗੇ । ਆਪ ਜੀ ਦਾ ਸ਼ਹੀਦ ਹੋਣ ਦਾ ਚਾਅ ਅਤੇ ਜਜਬਾ ਅੰਤਰਜਾਮੀ ਗੁਰੂ ਸਾਹਿਬ ਚੰਗੀ ਤਰ੍ਹਾ ਜਾਂਣਦੇ ਸਨ । ਇਹ ਵੀ ਜਾਂਣਦੇ ਸਨ ਕੇ ਆਪ ਜੀ ਦੀ ਬਹੁਤ ਵਡੀ ਸੇਵਾ ਲਗਣੀ ਹੈ ਇਸ ਲਈ ਛੋਟੇ ਮੋਟੇ ਯੁਧ ਵਿੱਚ ਗੁਰੂ ਸਾਹਿਬ ਆਪ ਜੀ ਨੂੰ ਨਹੀ ਸਨ ਭੇਜਦੇ । ਜਦੋਂ ਆਪ ਮਾਯੂਸ ਹੋ ਜਾਂਦੇ ਸੀ ਤੇ ਆਪ ਜੀ ਦੀ ਬਾਂਹ ਫੜ ਕੇ ਅਪਣੀ ਗਲਵਕੜੀ ਵਿੱਚ ਲੈ ਕੇ ਕਹਿੰਦੇ ਸੀ  ਕਿ "ਬਾਬਾ ਜੀ ਇਹ ਯੁਧ ਤੇ ਬਹੁਤ ਮਾਮੂਲੀ ਹੈ ਤੁਹਾਡੀ ਸੇਵਾ ਤੇ ਬਹੁਤ ਵਡੀ ਲਗਣੀ ਹੈ ਜਿਸਨੂੰ ਇਤਿਹਾਸ ਅਤੇ ਇਹ ਜਮਾਨਾਂ ਜੁਗਾਂ ਜੁਗਾਂ ਤਕ ਯਾਦ ਕਰੇਗਾ । ਇਸ ਸਾਰਾ ਦ੍ਰਿਸ਼ ਮੇਰੇ ਦਿਮਾਗ ਵਿਚ ਚਲ ਰਿਹਾ ਸੀ ਤੇ ਮੇਰੀਆਂ ਅੱਖਾਂ ਪਹਿਲੇ ਨਾਲੋ ਵੀ ਵਧ ਗਿਲੀਆਂ ਹੋ ਚੁਕੀਆਂ ਸੀ। ਮੈਂ ਬਾਬਾ ਦੀਪ ਸਿੰਘ ਹੋਰਾਂ ਨਾਲ ਅਪਣੀ ਕਲਪਨਾਂ ਦੇ ਸੰਸਾਰ ਵਿਚ ਗਿਲੇ ਵੀ ਕਰ ਰਿਹਾ ਸੀ ਕਿ,  ਬਾਬਾ ਜੀ ,  ਕੀ  ਉਸ ਵੇਲੇ ਵੀ ਇਹੋ ਜਹੇ ਸਿੱਖ ਹੈ ਸਨ ਜਾਂ ਐਸੇ ਸਿੱਖਾਂ ਦੀ  ਤੁਸੀ  ਕਲਪਨਾਂ ਵੀ ਕਦੀ  ਕੀਤੀ ਸੀ ਜੋ ਸਿੱਖੀ ਸਿਧਾਂਤ ਅਤੇ ਗੁਰੂ ਦੀ ਸਿਖਿਆ ਨੂੰ ਭੁਲ ਕੇ ਬ੍ਰਾਹਮਣ ਵਾਦ ਅਤੇ ਕਰਮਕਾਂਡਾਂ ਦੇ ਖਾਰੇ ਸਮੂੰਦਰ ਵਿੱਚ ਆਪ ਛਾਲਾਂ ਮਾਰਨ ਗੇ ?



ਉਥੇ ਹੀ ਡਿਉੜੀ ਕੋਲ  ਬੈਠਾ ਬੈਠਾਂ ਮੈਂ ਹੁਣ ਕੁਝ ਸਹਿਜ ਹੋ ਚੁਕਾ ਸੀ ਅਤੇ ਉਸ ਗੁਰਦੁਆਰੇ ਦਾ ਨਜਾਰਾ ਵੇਖ ਰਿਹਾ ਸੀ ਬਹੁਤ ਸਾਰੇ ਸ਼੍ਰਧਾਲੂ ਅੰਦਰ ਵੜਦੇ ਪੈਰ ਧੌਂਦੇ ਤੇ "ਧੰਨ ਬਾਬਾ ਦੀਪ ਸਿੰਘ" ਕਹੀੰਦੇ ਜਾ ਰਹੇ ਸੀ । ਮੈ ਕਿਸੇ ਦੇ ਮੂਹੋ "ਧੰਨ ਗੁਰੂ ਗ੍ਰੰਥ ਸਾਹਿਬ ਜੀ" ਕਹਿੰਦੇ ਨਹੀ ਸੁਣਿਆ। ਸ਼ਾਇਦ ਇਥੇ ਲੋਕੀ "ਸ਼ਬਦ ਗੁਰੂ"  ਦੇ ਲੜ ਲਗਣ ਲਈ ਨਹੀ ਬਲਕਿ ਬਾਬਾ ਦੀਪ ਸਿੰਘ ਦੇ ਗੁਰੂਦੁਆਰੇ "ਚਾਲੀਹਾ" ਕਟਣ ਜਾਂ "ਚੌਪਹਿਰਾ" ਕਟ ਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਆ ਰਹੇ ਸੀ । ਬਹੁਤ ਸਾਰੇ ਲੋਕੀ ਕੰਧ ਨਾਲ ਟੇਕ ਲਾ ਕੇ ਗੁਟਕਿਆਂ ਵਿਚੋਂ ਗੁਰਬਾਣੀ ਦਾ ਪਾਠ ਵੀ ਕਰ ਰਹੇ ਸੀ। ਮੈ ਬਹੁਤ ਖੁਸ਼ ਹੋਇਆ ਕੇ ਚਲੋ ਇਥੇ ਆਂਉਣ ਵਾਲਿਆਂ ਵਿੱਚ ਕੋਈ ਤਾਂ ਗੁਰਬਾਣੀ ਦਾ ਅਭਿਲਾਖੀ ਹੈ । ਲੇਕਿਨ ਛੇਤੀ ਹੀ ਮੇਰੀ ਇਹ ਖੁਸ਼ੀ ਮਾਯੂਸੀ ਵਿੱਚ ਬਦਲ ਗਈ ਜਦੋ ਨਾਲ ਹੀ ਬੈਠੀ ਇਕ ਬੀਬੀ ,ਜੋ ਪਾਠ ਪੂਰਾ ਕਰਕੇ ਅਪਣਾਂ ਗੁਟਕਾ ਅਪਣੇ ਪਰਸ ਵਿੱਚ ਸਾਂਭ ਰਹੀ  ਸੀ ।  ਉਸ ਨੂੰ ਉਠਦਿਆ ਵੇਖ ਉਸ ਦੀ ਜਾਂਣ ਪਛਾਣ ਦੀ ਇਕ ਹੋਰ ਬੀਬੀ ਉਸ ਕੋਲ ਆਈ ਤੇ ਬੋਲੀ ਕਿ "ਕਿਨੇ ਪਾਠ ਹੋ ਗਏ ਤੇਰੇ ?" ਉਹ ਕਹਿਨ ਲਗੀ "ਪਿਛਲੀ ਵਾਰ ਤੇ ਬਾਬਾ ਜੀ ਨੇ 51 ਪਾਠ ਕਰਨ ਲਈ ਕਿਹਾ ਸੀ ਐਦਕੀ 101 ਕਹੇ ਸੀ ਮੈਂ 60 ਕੁ ਪਾਠ ਪੂਰੇ ਕਰ ਲਏ ਨੇ। ਇਨਾਂ ਦੀਆਂ ਹੋਰ ਇਧਰ ਉਧਰ ਦੀਆਂ ਜੋ ਵੀ ਗੱਲਾਂ ਮੇਰੇ ਕੰਨ ਵਿੱਚ ਪੈ ਰਹਿਆਂ ਸੀ ਉਨਾਂ ਤੋਂ ਇਹ  ਸਾਫ ਪਤਾ ਲਗ ਚੁਕਾ ਸੀ ਕਿ ਇਹ ਦੋਵੇਂ ਬੀਬੀਆਂ ਮਾਤਾ ਕੌਲਾਂ ਟਕਸਾਲ ਦੇ ਮੁੱਖੀ ਗੁਰ ਇਕਬਾਲ  ਸਿੰਘ ਦੇ ਡੇਰੇ ਜਾਂਦੀਆ ਸਨਜੋ ਅਕਸਰ ਹੀ  ਸੈੰਕੜੇ ਪਾਠਾਂ ਦਾ ਟਾਰਗੇਟ ਅਪਣੇ ਡੇਰੇ ਤੇ ਆਉਣ ਵਾਲਿਆ ਨੂੰ ਦੇਂਦੇ ਰਹਿੰਦੇ ਹਨ । ਇਨਾਂ ਦੇ ਇਹੋ ਜਹੇ ਇਸ਼ਤਿਹਾਰ ਸਾਨੂੰ ਅਪਣੇ ਸ਼ਹਿਰ ਅਤੇ ਇੰਟਰਨੇਟ ਤੇ ਵੀ ਵੇਖਣ ਨੂੰ ਅਕਸਰ ਹੀ ਮਿਲ ਜਾਂਦੇ ਨੇ 



ਬਰਫੀ ਦਾ ਪ੍ਰਸਾਦ ਵੰਡਿਆ ਜਾ  ਰਿਹਾ ਸੀ । ਇਹ ਵੇਖ ਕੇ ਮੈਨੂੰ ਸਮਝ ਨਹੀ ਆ ਰਿਹਾ ਸੀ ਕਿ ਕੜਾਂਹ ਪ੍ਰਸਾਦ ਦੀ ਥਾਂ ਬਰਫੀ ਦੇ ਪ੍ਰਸਾਦ ਨੇ ਕਦੋ ਤੋਂ ਲੈ ਲਈ ? ਬਹੁਤ ਸਾਰੇ ਵੀਰ ਅਤੇ ਬੀਬੀਆਂ ਛੋਟੇ ਛੋਟੇ ਪਾਲੀਥੀਨ ਦੇ ਲਿਫਾਫਿਆ ਵਿੱਚ ਘਿਉ ਜਾਂ ਤੇਲ ਲੈ ਲੈ ਕੇ ਉਥੇ ਜਗ ਰਹੀ ਜੋਤ ਵਿੱਚ ਪਾ ਰਹੇ ਸੀ । ਤੇਲ ,  ਘਿਉ ਨਾਲ ਉਹ ਥਾਂ ਭਿੱਜੀ ਹੋਈ ਸੀ ਅਤੇ ਸੰਗਮਰਮਰ ਦਾ ਉਹ ਪੱਥਰ ਥਿੰਦਾ ਹੋ ਹੋ ਕੇ ਕਾਲਾ ਪੈ ਚੁਕਿਆ  ਸੀ, ਜਿੱਥੇ ਉਹ ਖਾਸ ਜੋਤ ਜੱਗ ਰਹੀ ਸੀ । ਇਹ ਤੇਲ/ਘਿਉ ਬਾਹਰ ਦੁਕਾਨਾਂ ਵਿੱਚ ਪੈਕ ਕੀਤਾ ਹੋਇਆ ਵਿੱਕ ਰਿਹਾ ਸੀ । ਗੁਰਦੁਆਰੇ ਵੜਨ ਤੋਂ ਪਹਿਲਾਂ ਮੈਂ ਇਕ ਦੁਕਾਨਦਾਰ ਕੋਲੋ 100 ਰੁਪਏ ਦੀ ਚੇੰਜ ਮੰਗੀ ਤੇ ਉਸ ਨੇ ਉਹ ਨੋਟ ਹਥ ਵਿੱਚ ਫੜਕੇ ਸੁਟ ਦਿਤਾ ਕਿ, “ ਮੈਂ ਦੁਕਾਨ ਦਾਰੀ ਕਰਾਂ ਕਿ ਤੈਨੂੰ ਪਰਚੀਆਂ ਦੇਵਾਂ?”  ਘਿਉ ਦੀਆਂ ਥੈਲੀਆਂ ਉਥੇ ਵੀ ਵਿੱਕ ਰਹੀਆਂ ਸੀ । ਲਗਦਾ ਸੀ ਕਿ ਇਹ ਦੁਕਾਨਦਾਰ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਖਾਸ ਚਹੇਤੇ ਵੀ ਹਨ,ਅਤੇ ਉਨਾਂ ਦਾ ਬੋਜ੍ਹਾ ਵੀ ਇਹ  ਗਰਮ ਕਰਦੇ ਰਹਿੰਦੇ ਹੋਣੇ ਆ । ਕਿਉਕਿ ਇਕ ਕੰਬਲ ਵਾਲਾ ਰੁਮਾਲਾ ਜੋ ਕਾਨਪੁਰ ਵਿੱਚ 260 ਰੁਪਏ ਦਾ ਮੇਰੀ ਸਿਘੰਨੀ ਖਰੀਦ ਕੇ ਲਿਆਈ ਸੀ ਹੂ ਬ ਹੂ ਉਹ ਕੰਬਲ ਵਾਲਾ ਰੁਮਾਲਾ ਉਸ ਦੁਕਾਨ ਦਾਰ ਨੇ ਇਕ ਬਾਹਰੋਂ ਆਏ ਪਰਿਵਾਰ ਨੂੰ ਬਹੁਤ ਭਾਰਾਂ ਤੋਲਾਂ ਤੇ ਪੈ ਕਿ 450  ਰੁਪਏ ਦਾ ਦਿੱਤਾ । ਇਹ ਸਭ ਕੁਝ  ਵੇਖ ਕੇ ਬਹੁਤ ਪਰੇਸ਼ਾਨ ਅਤੇ ਹੈਰਾਨ ਸੀ ਕਿ ਇਨਾਂ ਗੁਰੂ ਸਥਾਨਾਂ ਤੇ ਵੀ ਪਾਂਡਿਆ ਅਤੇ ਪੰਡਤਾਂ ਵਾਲੀ ਲੁਟ ਖਸੋਟ ਚੱਲ ਰਹੀ ਹੈ 



ਗੁਰਦੁਆਰੇ ਦੇ ਵੇੜ੍ਹੇ ਵਿੱਚ ਹੀ  ਦੋ ਪਲਾਸਟਿਕ ਦੇ ਵੱਡੇ ਡਰਮ ਰਖੇ ਹੋਏ ਸੀ ਜਿਸ ਵਿੱਚ ਬਹੁਤ ਸਾਰੇ ਲੋਕੀ ਲੂਣ ਦੇ ਪੇਕੇਟ ਰਖ ਰਹੇ ਸੀ । ਮੇਰੇ ਬੈਠਿਆਂ ਬੈਠਿਆ ਉਹ ਡਰਮ ਲੂਣ ਨਾਲ ਅੱਧਾ ਕੁ ਭਰ ਗਇਆ ਸੀ ਅਤੇ ਨਾਲ ਦੇ ਡਰਮ ਵਿੱਚ ਲੋਗ ਨਵੇਂ ਝਾੜੂ ਰੱਖ ਰਹੇ ਸੀ । ਇਹ ਸਾਰਾ ਕਰਮਕਾਂਡ ਅਤੇ ਅੰਧ ਵਿਸ਼ਵਾਸ਼ ਵੇਖਦਾ ਹੋਇਆ ,  ਅਪਣੇ ਸੁਭਾਵ ਅਨੁਸਾਰ ਕੌਮ ਦੇ ਕੇਸਾਧਾਰੀ ਬ੍ਰਾਹਮਣ ਆਗੁਆਂ ਨੂੰ   ਕੋਸਦਾ ਹੋਇਆ ਉਠਿਆ ਤੇ   ਜੋੜਾਂ ਘਰ ਤੁਰ ਪਇਆ । ਮੇਰੀ ਸਲਿਹਾਰ ਤੇ ਸਾਲਾ ਉਥੇ ਮੇਰਾ ਹੀ ਇੰਤਜਾਰ ਕਰ ਰਹੇ ਸੀ । ਮੈਨੂੰ ਵੇਖਦੇ ਹੀ ਬੋਲੇ,  ਬਹੁਤ ਦੇਰ ਲਾ ਦਿੱਤੀ ਜੀਜਾ ਜੀ ! ਅਸੀ ਤੇ ਬਹੁਤ ਦੇਰ ਦਾ ਇੰਤਜਾਰ ਕਰ ਰਹੇ ਸੀ । ਮੈ ਕੁਝ ਵੀ ਨਹੀ ਬੋਲਿਆ । ਮੈਂ ਜੋੜੇ ਪਾ ਕੇ ਮੇਨ ਗੇਟ ਤੋਂ ਉਨ੍ਹਾਂ ਨਾਲ ਪੈਦਲ ਹੀ ਘਰ ਵਲ ਤੁਰ ਪਿਆ ।



ਤੁਰਦੇ ਤੁਰਦੇ ਮੇਰੇ ਸਾਲਾ ਸਾਹਿਬ ਕੁਝ ਨਾਂ ਕੁਝ ਦਸਦੇ ਜਾ ਰਹੇ ਸੀਅਤੇ ਮੈਂ ਬਿਲਕੁਲ ਖਾਮੋਸ਼ ਉਨਾਂ ਨਾਲ ਤੁਰ ਰਿਹਾ ਸੀ । ਬਾਬਾ ਦੀਪ ਸਿੰਘ  ਦੇ ਗੁਰਦੁਆਰੇ ਦੇ ਬਾਹਰ ਤਰਨ ਤਾਰਨ ਰੋਡ ਤੇ ਪੁਜੇ ਹੀ ਸੀ ਕੇ ਸਾਲਾ ਸਾਹਿਬ ਨੇ ਦਸਿਆ ਕੇ ਇਹ "ਗੋਲਡਨ ਟੇੰਪਲ ਕਾਲੋਨੀ"  ਹੈਦਰਬਾਰ ਸਾਹਿਬ ਦੇ ਸਾਰੇ ਰਾਗੀ ਇਥੇ ਹੀ ਰਹਿੰਦੇ ਨੇ । ਅਗੇ ਰੋਡ ਤੇ ਉਨਾਂ ਨੇ ਬਹੁਤ ਵਡੀਆਂ ਆਲੀਸ਼ਾਨ ਦੋ ਇਮਾਰਤਾ ਦਿਖਾਈਆਂ ਤੇ ਉਹ ਬੋਲੇ ਇਹ "ਵਿਧਵਾ ਆਸ਼ਰਮ" ਹੈ ਬਾਬਾ ਗੁਰ ਇਕਬਾਲ ਸਿੰਘ ਜੀ ਇਸ ਨੂੰ ਚਲਾਂਦੇ ਨੇ। ਅਗੇ ਹੋਰ ਵੀ ਇਕ ਆਸ਼ਰਮ ਬਣ ਰਿਹਾ ਹੈ। ਮੇਰੇ ਮੰਨ ਵਿੱਚ ਇਸ ਬਾਰੇ ਜੋ ਕੁਝ ਆਇਆ ,  ਉਹ ਕਹਿ ਕੇ ਮੈਂ ਉਨਾਂ ਦਾ ਮੂਹ ਕਸੈਲਾ ਨਹੀ ਕਰਨਾਂ ਚਾਂਉਦਾ ਸੀ । ਮੇਰੇ ਮੰਨ ਵਿੱਚ ਤੇ ਹੋਰ ਹੀ ਕੁਝ ਚਲ ਰਿਹਾ ਸੀ ਜੋ ਉਸ ਗੁਰਦੁਆਰੇ ਵਿੱਚ ਹੋ ਰਹੇ ਕਰਮਕਾਂਡਾਂ ਬਾਰੇ ਮੈਂ ਇੱਨਾਂ ਬਿਨਾਂ ਨਾਗਾ  ਜਾਂਣ ਵਾਲਿਆਂ ਦੇ ਮੁਖੋ ਹੀ ਸੁਨਣਾਂ ਚਾਂਉਦਾ ਸੀ । ਤੁਰਦੇ ਤੁਰਦੇ ਅਸੀ ਗਲੀਆਂ ਵਿੱਚ  ਆ ਗਏ ਸੀ ।  ਉਸ ਮੁਹੱਲੇ ਦੇ ਬਹੁਤੇ ਘਰਾਂ ਦੇ ਬਾਹਰ ਮੈ ਇਕ ਖਾਸੀਅਤ ਵੇਖੀ ਕਿ ਬਹੁਤਿਆ ਸਿਖਾਂ ਦੇ ਘਰ ਦੇ ਬਾਹਰ ਇਕ ਟਾਈਲ ਪੱਕੀ  ਲਗੀ ਹੋਈ ਸੀ ਜਿਸ ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਬਣੀ ਹੋਈ ਸੀ ਅਤੇ ਲਗਭਗ ਹਰ ਸਿੱਖ ਦੇ ਘਰ ਦੇ ਬਾਹਰ "ਧੰਨ ਬਾਬਾ ਦੀਪ ਸਿੰਘ ਜੀ" ਲਿਖਿਆ ਹੋਇਆ ਸੀ। ਇਹ ਉਥੇ ਦੀ ਮਾਨਸਿਕਤਾ ਨੂੰ ਪ੍ਰਗਟ ਕਰ ਰਿਹਾ ਸੀ । ਘਰ ਨੇੜੇ ਆਂਉਦੇ ਮੈਂ ਅਪਣੀ ਸਲਿਹਾਰ ਕੋਲੋਂ ਪੁਛਿਆ " ਕੀ ਤੁਸੀ ਰੋਜ "ਸ਼ਹੀਦਾਂ ਦੇ " ਜਾਂਦੇ ਹੋ (ਉਥੇ ਦੇ ਸਾਰੇ ਲੋਕਉਸ ਗੁਰਦੁਆਰੇ ਨੂੰ "ਸ਼ਹੀਦਾਂ ਦੇ" ਕਹਿ ਕੇ ਹੀ ਬੁਲਾਂਦੇ ਨੇ।)  ਉਹ ਬੋਲੀ , " ਹਾਂ ਜੀਜਾ ਜੀ ਅਸੀ ਤੇ ਇਕ ਚਲੀਹਾ ਸੁਖਦੇ ਹਾਂ ਤੇ ਉਸ ਦੇ ਮੁੱਕਣ ਤੋਂ ਪਹਿਲਾਂ ਹੀ ਦੂਜਾ ਸੁੱਖ ਲੈਦੇ ਹਾਂ।" ਉਥੇ ਜੋਤ ਵਿਚ ਤੇਲ ਕਿਉ ਪਾਂਦੇ ਹੋ ਕੀ ਗੁਰਦੁਆਰੇ ਵਾਲੇ ਨਹੀ ਪਾਂਦੇ ਉਹ ਬੋਲੀ ਵੀਰ ਜੀ ਉਹ ਤੇਲ ਨਹੀ ਘਿਉ ਹੂੰਦਾ ਹੈ ਦੇਸੀ ਘਿਉਜੋਤ ਵਿੱਚ ਪਾਉਣ ਨਾਲ ਮੰਨੱਤ ਪੂਰੀ ਹੂੰਦੀ ਹੈ ।  ਤੇ ਝਾਂੜੂ ਅਤੇ ਲੂਣ ਕਿਉ ਦਾਨ ਕਰਦੇ ਨੇ ਜੀਜਾ ਜੀ ਇਹ ਦਾਨ ਕਰਨ ਨਾਲ ਚਮੜੀ ਦੀਆਂ ਬੀਮਾਰੀਆ ਮੱਸੇ ਮੌਕੇ ਅਤੇ ਹੋਰ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।



ਉਨਾਂ ਦੀਆ ਗੱਲਾਂ ਅਤੇ ਉਥੇ ਦਾ ਮਾਹੋਲ ਵੇਖ ਕੇ ਹੈਰਾਨਗੀ ਘੱਟ ਅਤੇ ਦੁਖ ਜਿਆਦਾ ਹੋ ਰਿਹਾ ਸੀ । ਸ਼੍ਰੋਮਣੀ ਕਮੇਟੀ ,ਲੱਖਾਂ  ਰੁਪਏ ਬਰਬਾਦ ਕਰ ਰਹੀ ਹੈ ਧਰਮ ਪ੍ਰਚਾਰ ਦੇ ਨਾਮ ਤੇ । ਉਨਾਂ ਦਾ ਫ੍ਰੀ ਲਿਟਰੇਚਰ ਕੀ ਕਰੇਗਾ ਜੇ ਉਨਾਂ ਦੀ ਅੱਖ ਥਲੇ ਉਨਾਂ ਦੀ ਜਾਨਕਾਰੀ ਥੱਲੇ ਉਨਾ ਦੇ ਅਪਣੇ ਘਰ ਵਿੱਚ ,ਸਿੱਖ  ਅਪਣੇ ਸ਼ਬਦ ਗੁਰੂ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਤੋਂ ਟੁੱਟ ਕੇ ਦਿਸ਼ਾ ਹੀਨ ਹੋ ਰਿਹਾ  ਹੈ । ਪੰਜਾਬ ਵਿੱਚ ਪਤਿਤ ਪੁਣਾਂ ,ਅੱਜ ਤਕ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁਕਾ ਹੈ । ਨੌਜੁਆਨ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੈ ।  ਇਹ ਪ੍ਰਚਾਰ ਕੌਣ ਕਰੇਗਾ ਇਨਾਂ ਭਟਕੇ ਹੋਏ ਸਿੱਖਾਂ ਨੂੰ ਦਿਸ਼ਾ ਕੌਣ ਦਿਖਾਏਗਾ ਕਰਮਕਾਂਡਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਹੱਟਾ ਕੇ ਇਨਾਂ ਨੂੰ ਗੁਰੂ ਬਾਣੀ ਨਾਲ ਕੌਣ ਜੋੜੇਗਾ ?




 ਜੇ  501 ਚੌਪਈ ਦੇ ਪਾਠ ਕਰਵਾਉਣ ਵਾਲੇ ਰਾਗੀਆਂ ਨੂੰ ਅਕਾਲ ਤਖਤ ਦਾ ਹੇਡ ਗ੍ਰੰਥੀ,  ਸਿਰੋਪੇ ਦੇਂ ਦੇ ਕੇ ਸਤਕਾਰਦਾ ਰਹੇਗਾ ,  ਅਤੇ ਗੁਰੂ ਸਿਧਾਂਤਾਂ ਨੂੰ ਸਿੱਖਾਂ ਤਕ ਪਹੂੰਚਾਣ ਵਾਲਿਆਂ ਨੂੰਇਸ ਅਦਾਰੇ ਤੋਂ ਛੇਕਿਆ ਜਾਂਦਾ ਰਹੇਗਾ ਤੇ  ਜੋ ਹਾਲਾਤ ਮੈਂ ਉਥੇ ਵੇਖੇ ਹਨ ਉਸ ਤੋਂ ਵੀ ਮਾੜੇ ਹਾਲਾਤ ਪੈਦਾ ਹੋ ਜਾਂਣਗੇ । ਬ੍ਰਾਹਮਣੀ ਸੋਚ ਅਤੇ  ਅੰਧ ਵਿਸ਼ਵਾਸ਼ ਸਿੱਖੀ ਨੂੰ ਅਪਾਹਿਜ ਬਣਾਂ ਦੇਵੇਗੀ । ਇਹੋ ਜਹੇ ਅਪੰਗ ਸੋਚ ਵਾਲੇ ਸਿੱਖ  ,ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ ਨੂੰ ਹੀ ਸਿੱਖੀ ਸਮਝ ਸਮਝ ਕੇ ਜਿਉਦੇ ਤੇ ਮਰਦੇ ਰਹਿਨ ਗੇ।