ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਦਸਵਾਂ)
ਇੰਦਰਜੀਤ ਸਿੰਘ, ਕਾਨਪੁਰ
(ਰਾਮਕਲੀ ਪਾਤਸ਼ਾਹੀ 10॥ ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਪ ਭ੍ਰਤਾਨਯੋ।।)
ਪਿਆਰੇ ਵੀਰੋ ! ਪਿਛਲੇ ਭਾਗ ਵਿੱਚ ਅਸੀਂ ਅਖੌਤੀ ਦਸਮ ਗ੍ਰੰਥ  ਦੇ ਪੰਨਾ ਨੰ. 709 ਤਕ ਪੁੱਜ ਗਏ ਸੀ,  ਜਿਥੇ "ਬਿਪਰ ਕਵੀ"  ਜੀ ਦੇ "ਚੌਬੀਸ ਅਵਤਾਰਾਂ" ਦਾ ਭੋਗ ਪੈ ਗਇਆ ਸੀ। ਇਸ ਤੋਂ ਅਗਲੇ ਪੇਜ ਨੰ 709 ਤੌਂ ਲੈ ਕੇ ਪੇਜ ਨੰ 716 ਤਕ "ਰਾਮਕਲੀ ਪਾਤਸ਼ਾਹੀ 10"  ਸਿਰਲੇਖ ਹੇਠ ਕੁਝ ਸ਼ਬਦ ਹਨ "ਰੇ ਮਨ ਐਸੋ ਕਰ ਸਨਿਆਸਾ........", "ਪ੍ਰਭਜੂ ਤੌਕਹਿ ਲਾਜ ਹਮਾਰੀ॥" ਫੇਰ ਇਕ ਸ਼ਬਦ ਰਾਗ ਕਲਿਆਨ ਪਾਤਸ਼ਾਹੀ 10 ਸਿਰਲੇਖ ਹੇਠ ਹੈ, "ਬਿਨ ਕਰਤਾਰ ਨਾਂ ਕੀਰਤਮ ਮਾਨੌ॥"  ਇਕ ਸ਼ਬਦ ਹੈ ਖਿਆਲ ਪਾਤਸ਼ਾਹੀ 10 ਸਿਰਲੇਖ ਹੇਠ "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾਂ॥ " ਇਸ ਤੋਂ ਅਗੇ "33 ਸਵੈਯੇ"  ਹਨ। ਇਹ ਕੁਲ 8 ਪੰਨੇ ਹਨ। ਜੋ ਕੌਮ ਵਿੱਚ ਬਹੁਤ ਹੀ ਪ੍ਰਸਿੱਧ ਹਨ ਅਤੇ ਰਾਗੀ ਜੱਥਿਆ ਵਲੋ ਬਹੁਤ ਹੀ ਰੁਚਿ ਨਾਲ ਪੜ੍ਹੇ ਅਤੇ ਸੰਗਤਾਂ ਵਲੋਂ ਬਹੁਤ ਹੀ ਰੁਚਿ ਨਾਲ ਸੁਣੇ ਜਾਂਦੇ ਨੇ।

 
ਪਿਛਲੇ ਲੇਖ ਵਿਚ ਦਾਸ ਨੇ ਇਕ ਥਾਂ ਤੇ ਇਹ ਜਿਕਰ ਕੀਤਾ ਸੀ ਕਿ ਇਸ ਗ੍ਰੰਥ ਨੂੰ "ਕੰਪਾਈਲ" ਕਰਨ ਵਾਲੇ ਨੂੰ ਇਹ ਇਹਸਾਸ ਸੀ ਕਿ ਜੇ ਮੈਂ "ਕਾਲ ਅਤੇ ਦੇਵੀ ਉਸਤਤਿ" ਹੀ ਲਿਖਦਾ  ਰਿਹਾ ਤੇ ਸਿੱਖਾਂ ਨੇ ਇਸ ਨੂੰ  ਸਿਰੇ ਤੋਂ ਹੀ ਨਕਾਰ ਦੇਣਾਂ ਹੈ। ਇਸ ਕਰਕੇ ਉਸਨੇ  ਕੁਝ "ਭੇਡੂ ਲੋਕਾਂ"  ਨੂੰ ਮੂਰਖ ਬਨਾਉਣ ਲਈ ਇਹੋ ਜਹੀ ਕੜ੍ਹੀ ਡੋਲ੍ਹੀ ਕਿ ਉਹ ਸਿੱਖਾਂ ਕੋਲੋਂ ਚੁੱਕੀ ਹੀ ਨਾਂ ਜਾ ਸਕੇ , ਅਤੇ ਉਹ ਇਸ ਵਿਸ਼ੈ ਤੇ ਆਪਸ ਵਿੱਚ ਹੀ ਲੜ ਪੈਣ ਕਿ ਇਹ ਗੁਰੂ ਕ੍ਰਿਤ ਹੈ ਕਿ ਨਹੀਂ । ਉਹ ਸਿੱਖ ਵਿਰੋਧੀ ਤਾਕਤਾਂ ਇਸ ਮਕਸਦ ਵਿਚ ਪੂਰੀ ਤਰ੍ਹਾਂ ਕਾਮਜਾਬ ਵੀ ਹੋ ਗਈਆਂ । "ਹਿੰਦੂ ਮਿਥਿਹਾਸਕ ਕਹਾਨੀਆਂ" ਅਤੇ  " ਦੇਵੀ ਉਸਤਤਿ ਵਾਲੀਆ ਰਚਨਾਵਾਂ" ਅਧਿਆਤਮਿਕ ਪੱਖੋਂ  ਕਮਜੋਰ ਸਿੱਖ ਨੂੰ ਹਿੰਦੂ ਧਰਮ ਵਿੱਚ ਰਲ ਗਡ ਕਰਨ ਲਈ ਸਨ , ਅਤੇ ਇਹੋ ਜਹਿਆਂ ਕੁਝ "ਭੁਲੇਖਾ ਪਾਊ  ਰਚਨਾਵਾਂ " ਇਸ ਲਈ ਸਨ ਕਿ ਮੌਕਾ ਪੈਣ ਤੇ ਇਹ "ਭੇਡੂ ਲੋਕ"  ਇਸ ਗਲ ਦੀ ਵੀ ਪੈਰਵੀ ਕਰ ਸਕਣ ਕਿ " ਵੇਖੋ ਇਸ ਵਿੱਚ ਤਾਂ "ਇਕ ਨਿਰੰਕਾਰ ਅਕਾਲਪੁਰਖ" ਬਾਰੇ ਹੀ ਗਲ ਕੀਤੀ ਗਈ ਹੈ,  ਜੋ ਸਾਡੇ ਗੁਰੂ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ,  ਤੁਸੀ ਕਿਵੇਂ ਕਹਿੰਦੇ ਹੋ ਕੇ ਇਹ ਗੁਰੂ ਕ੍ਰਿਤ ਨਹੀਂ ?" 

 
ਇਸ ਕਿਤਾਬ ਨੂੰ ਤਿਆਰ ਕਰਨ ਵਾਲਿਆ ਦਾ ਮੰਨਤੱਵ ਬਿਲਕੁਲ ਸਾਫ ਸੀ,  ਕਿ ਸਿੱਖ ਨੂੰ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਿਆ ਜਾਵੇ। ਕਿਉਕਿ ਜਦੋਂ ਤਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਸਮਝਦਾ ਰਹੇਗਾ, ਉਹ ਕਦੀ ਵੀ ਸਿੱਖੀ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਹੀ ਇਕ ਐਸੀ ਧੁਰੀ ਹਨ ਜਿਸ ਦੇ ਆਲੇ ਦੁਆਲੇ ਆਇਆ ਸਿੱਖ ਕਦੀ ਵੀ ਅਧਿਆਤਮਿਕ ਪੱਖੌ ਤੋੜਿਆ ਨਹੀਂ ਜਾ ਸਕਦਾ। ਵਕਤ ਦਾ ਇੰਤਜਾਰ ਕੀਤੇ ਬਿਣਾਂ ਹੀ ਦੁਸਮਨ ਨੇ ਅਪਣਾ ਕਮ ਜਾਰੀ ਰਖਿਆ। ਬ੍ਰਾਹਮਣੀ ਕਰਮਕਾਂਡਾ, ਅਨਮਤ ਦੇ ਤੀਜ ਤਿਉਹਾਰਾਂ ਅਤੇ ਦਿਨ ਦਿਹਾੜਿਆ ਨਾਲ ਸਿੱਖ ਨੂੰ ਜੋੜਿਆ ਜਾਂਣ ਲਗਾ। ਗੁਰਦੁਆਰਿਆਂ ਅਤੇ ਤਖਤਾਂ ਤੇ ਬ੍ਰਾਹਮਣੀ ਪਰੰਪਰਾਵਾਂ ਅਤੇ ਰੀਤੀਆਂ ਲਾਗੂ ਕਰ ਦਿਤੀਆਂ ਗਈਆਂ  ਸੰਗ੍ਰਾਂਦ, ਮਸਿਆ ਪੂਰਨਮਾਸੀ, ਮਾਘੀ, ਹੋਲੀ,  ਦਿਵਾਲੀ, ਨਰੈਲ, ਕੂੰਭ, ਜੋਤਿ  ਅਦਿਕ ਸੈੰਕੜਿਆਂ ਦਿਨਾਂ ਅਤੇ ਕੂਰੀਤੀਆਂ ਨੂੰ ਸਿੱਖੀ ਨਾਲ ਸਦੀਵੀ ਤੌਰ ਤੇ ਜੋੜ ਦਿਤਾ ਗਇਆ, ਜਦ ਕਿ ਇਨਾਂ ਦਾ ਸਿੱਖੀ ਨਾਲ ਕੋਈ ਵਾਸਤਾ ਹੀ ਨਹੀਂ ਸੀ। ਕਾਲਪਨਿਕ ਅਤੇ ਮਨਘੜੰਤ ਸਾਖੀਆਂ, ਜਨਮ ਸਾਖੀਆਂ ਅਤੇ ਇਤਿਹਾਸ ਆਦਿਕ (ਇਹ ਕੰਮ  ਅੱਜ ਵੀ ਜਾਰੀ  ਹੈ ) ਰੱਚ ਕੇ ਸਿੱਖਾਂ ਨੂੰ ਇਨਾਂ ਕਮਜੋਰ ਬਣਾਂ ਦਿਤਾ ਗਇਆ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆ ਤੋਂ ਬਹੁਤ ਦੂਰ ਹੋ ਗਇਆ। ਉਸ ਨੂੰ ਸੱਚ ਤੇ ਝੂਠ ਵਿੱਚ ਫਰਕ ਦਿਸਣਾਂ ਲਗਭਗ ਬੰਦ ਹੋ ਚੁਕਾ ਸੀ। 

 
ਅਧਿਆਤਮਕ ਤੌਰ ਤੇ ਕਮਜੋਰ ਸਿੱਖ ਨੂੰ ਜਦੋਂ ਇਹ ਕਿਤਾਬ , "ਗੁਰੂ ਦੀ ਕ੍ਰਿਤ" ਕਹਿ ਕੇ ਪੇਸ਼ ਕੀਤੀ  ਗਈ  ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਇਸ ਦਾ ਪ੍ਰਕਾਸ਼ (ਹਨੇਰਾ) ਕਰ ਦਿਤਾ ਗਇਆ ।ਗੁਰੂ ਪ੍ਰਤੀ ਸਤਕਾਰ ਅਤੇ ਸ਼ਰਧਾ ਵਿੱਚ ਡੁਬਿਆ ਸਿੱਖ ਇਹ  ਭੁਲ ਗਇਆ ਕਿ ਮੈਂ ਇਸ ਦੀ ਪੜਚੋਲ ਤੇ ਕਰ ਲਵਾਂ ਕਿ ਇਹ "ਅੰਮ੍ਰਿਤ" ਹੈ ਕਿ "ਬਿਖਿਆ" ? ਲੇਕਿਨ ਬਹੁਤੇ ਸਿੱਖ ਤੇ "ਅੰਧੀ ਸ਼ਰਧਾ" ਦੇ ਸਿਕਾਰ ਹੋ ਗਏ,  ਕਿਉਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਘੱਸਵੱਟੀ ਨੂੰ ਇਸਤੇਮਾਲ ਕਰਨਾਂ  ਭੁਲ ਚੁਕੇ ਸਨ । ਜੇੜ੍ਹੇ ਗੁਰੂ ਬਖਸ਼ਿਸ਼ ਵਾਲੇ  ਸਿੱਖਾਂ ਨੇ  ਇਸ ਸਾਜਿਸ਼ ਨੂੰ ਸਮਝ ਲਿਆ ਅਤੇ ਇਸ ਦੇ ਖਿਲਾਫ ਅਵਾਜ ਚੁਕੀ ,  ਉਨਾਂ ਨੂੰ ਪੰਥ ਦੋਖੀਆਂ ਨੇ ਪੰਥ ਤੋਂ ਹੀ ਬਾਹਰ ਕਡ੍ਹਨ ਅਤੇ ਨਮੋਸ਼ੀ ਦੇ ਖਾਰੇ ਸਮੰਦਰ ਵਿੱਚ ਡੋਬਣਾਂ ਸ਼ੁਰੂ ਕਰ ਦਿਤਾ । ਇਹ ਕਮ ਅੱਜ ਤਕ ਜਾਰੀ ਹੈ । ਅੱਜ ਵੀ ਉਹ ਕੇਸਾਧਾਰੀ ਬ੍ਰਾਹਮਣ ਸਾਡੇ ਉੱਚ ਅਦਾਰਿਆਂ ਤੇ ਕਬਜਾ ਕਰਕੇ ਇਸ ਕਮ  ਨੂੰ ਅੰਜਾਮ ਦੇ ਰਹੇ  ਨੇ। ਇਸ ਕਿਤਾਬ ਦੇ ਖਿਲਾਫ ਜਿਸਨੇ ਵੀ ਅਵਾਜ ਚੁਕੀ ਉਸਨੂੰ ਇਨਾਂ ਕੇਸਾਧਾਂਰੀ ਬ੍ਰਾਹਮਣਾਂ ਨੇ ਸਾਡੇ ਅਪਣੇ ਹੀ ਪੰਥ ਤੋਂ ਛੇਕ ਦਿਤਾ । ਇਸ "ਕਾਲੀ ਕਿਤਾਬ" ਦੇ ਬਹੁਤ ਸਾਰੇ ਅੰਸ਼ ਸਾਡੀਆਂ  ਅਧਿਆਤਮਿਕ ਕ੍ਰੀਆਵਾਂ, ਨੇਮਾਂ ਅਤੇ ਰੀਤੀਆਂ ਵਿੱਚ ਜੋੜੇ ਜਾਂਦੇ ਰਹੇ। ਭਾਵੇ ਉਹ ਅਰਦਾਸ ਸੀ,  ਭਾਵੇ ਸਾਡਾ ਨਿਤਨੇਮ।  ਭਾਵੇ ਉਹ ਆਰਤੀ ਸੀ ਭਾਵੇ ਪਾਹੁਲ ਸੰਸਕਾਰ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦੀ ਥਾਂ ਇਸ ਕੂੜ ਗ੍ਰੰਥ ਦਾ ਕੂੜ ਕਬਾੜ ਸਾਡੇ ਨਾਲ ਜੋੜਿਆ ਜਾਦਾ ਰਿਹਾ। ਗੁਰੂ ਗ੍ਰੰਥ ਸਾਹਿਬ ਸਾਡੇ ਤੋਂ ਦੂਰ ਹੂੰਦੇ ਚਲੇ ਗਏ  ਤੇ ਇਹ ਕਾਲੀ ਕਿਤਾਬ ਦੇ ਅੰਸ਼ ਸਿੱਖੀ ਵਿਚ ਇਕ ਇਕ ਕਰਕੇ ਵਾੜੇ ਜਾਂਦੇ ਰਹੇ। ਇਥੋਂ ਤਕ ਕਿ "ਸੋਦਰ" ਦੀ ਨਿਰੋਲ ਬਾਣੀ ਵਿਚ ਇਸ ਕੂੜ ਗ੍ਰੰਥ ਦੀ ਇਕ ਪੂਰੀ ਦੇਵੀ ਉਸਤਤਿ ਹੀ ਘੁਸੋੜ ਦਿੱਤੀ ਗਈ , ਜਿਸਨੂੰ ਕੋਈ ਸਿੱਖ ਚਾਹ ਕੇ ਵੀ "ਸੋਦਰ ਦੀ ਬਾਣੀ" ਤੋਂ ਵੱਖ ਨਾਂ ਕਰ ਸਕੇ। ਖੈਰ !  ਇਨਾਂ ਸਾਜਿਸ਼ਾਂ ਬਾਰੇ ਅਸੀਂ ਹੋਰ ਕਿਸੇ ਵੇਲੇ ਚਰਚਾ ਕਰਾਂਗੇ। ਸਾਡਾ ਵਿਸ਼ਾ ਇਨਾਂ 8 ਪੰਨਿਆਂ ਬਾਰੇ ਹੈ, ਜਿਸ ਵਿਚ ਲਿਖੀਆਂ ਕੁਝ ਰਚਨਾਵਾਂ ਸਾਨੂੰ ਸਿਧਾਂਤਕ ਹੋਣ ਦਾ ਭੁਲੇਖਾ ਪਾਉਦੀਆਂ ਨੇ।
ਸੱਚ ਕਹਾਂ ਤੇ  ਸ਼ੁਰੂ ਸ਼ੁਰੂ ਵਿੱਚ ਮੈਂ ਵੀ ਦਸਮ ਗ੍ਰੰਥ ਦਾ ਅਧੀਐਨ ਕਰਨ ਵੇਲੇ 709 ਪੰਨੇ ਤੇ ਆ ਕੇ ਅਟਕ ਜਾਂਦਾ ਸੀ। ਉਸ ਦੀਆਂ ਕਈ ਵਜਿਹ ਸਨ। ਪਹਿਲਾ ਕੇ ਇਹ ਅੱਠ ਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਜ ਤੇ ਲਿਖੇ ਗਏ ਲਗਦੇ ਸੀ। ਜੋ ਪਿਛਲੇ 708 ਪੰਨਿਆਂ ਵਿੱਚ ਦਰਜ ਕਹਾਣੀਆਂ ਤੋਂ ਇਹ ਰਚਨਾਵਾਂ ਕੁਝ ਅਲਗ ਸ਼ਬਦਾਵਲੀ ਅਤੇ ਲੈਅ ਵਿੱਚ ਲਿਖੀਆਂ ਗਈਆਂ ਪ੍ਰਤੀਤ ਹੂੰਦੀਆਂ ਸੀ। ਤੀਜਾ ਕਿ ਇਹ ਰਾਗਾਂ (ਰਾਮਕਲੀ ਅਤੇ ਸੋਰਠ ) ਵਿਚ ਲਿਖੀਆਂ ਰਚਨਾਵਾਂ ਸਨ। ਚੌਥਾਂ ਮੇਰਾ ਅਧੀਐਨ ਵੀ ਹਲੀ ਨਵਾਂ ਨਵਾਂ ਸੀ । ਜਦਕਿ ਇਸ ਕਿਤਾਬ ਬਾਰੇ ਮੈਨੂੰ ਇਕ ਦਿਨ ਵੀ ਕੋਈ ਇਹ ਸ਼ੰਕਾ ਨਹੀਂ ਸੀ ਕਿ ਪੂਰੀ ਕਿਤਾਬ ਵਿੱਚ ਇਕ ਬਾਣੀ ਵੀ ਗੁਰੂ ਕ੍ਰਿਤ ਨਹੀਂ ਹੈ।
 ਇਨਾਂ 8 ਪੰਨਿਆਂ ਵਿੱਚ ਜੋ ਖਿਲਾਫ ਗਲ ਜਾਦੀ ਸੀ,  ਉਨਾਂ ਵਿੱਚ ਦੂਜੀਆਂ ਰਚਨਾਵਾਂ ਵਾਂਗ "ਮਹਲਾ" ਸ਼ਬਦ ਦੀ ਥਾਂ ਤੇ "ਪਾਤਸ਼ਾਹੀ 10"  ਦੇ ਗੈਰ ਸਿਧਾਂਤਕ ਠੱਪੇ ਦਾ ਲਗੇ ਹੋਣਾਂ। ਦੂਜਾ ਇਸ ਵਿੱਚ ਇਕ ਸ਼ਬਦ ਦੀ ਭਾਸਾਂ ਅਤੇ ਸ਼ੈਲੀ ਦਾ ਦੂਜੇ ਸ਼ਬਦਾ ਤੋਂ ਮੁਤਫਰਕ ਹੋਣਾਂ। "ਮਿਤ੍ਰ ਪਿਆਰੇ ਨੂੰ " ਦੀ ਭਾਸ਼ਾ ਪੰਜਾਬੀ ਸੀ ਅਤੇ ਦੂਜੇ ਸ਼ਬਦਾਂ ਦੀ ਬ੍ਰਿਜ ਭਾਸ਼ਾ ਸੀ। ਇਸ ਬਾਰੇ ਮੈਂ ਕਈ ਵਾਰ ਹੋਰ ਵਿਦਵਾਨਾਂ ਨਾਲ ਚਰਚਾ ਵੀ ਕਰਦਾ। ਇਸ ਬਾਰੇ ਕੋਈ ਲਿਖਿਤ ਮਿਲਦੀ ਤੇ ਉਸ ਦੀ ਵੀ ਪੜਚੋਲ ਵੀ ਕਰਦਾ ਕਿਉਕਿ  ਇਨਾਂ 8 ਪੰਨਿਆਂ ਬਾਰੇ ਕਿਸੇ ਵੀ ਵਿਦਵਾਨ ਨੇ ਬਹੁਤ ਕੁਝ ਨਹੀਂ ਸੀ ਲਿਖਿਆ। 

 
ਕੁਝ ਵਰ੍ਹੇ ਪਹਿਲਾਂ ਦਾਸ ਦੀ ਮੁਲਾਕਾਤ "ਸਿੱਖ ਪਾਰਲੀਆਂ ਮੇਂਟ" ਦੀ ਇਕ ਮੀਟਿੰਗ ਦੇ ਦੌਰਾਨ  , ਪੰਥ ਦੇ ਵਿਦਵਾਨ ਡਾ. ਗੁਰਮੁਖ ਸਿੰਘ, ਦਿੱਲੀ  ਹੋਰਾਂ ਨਾਲ ਹੋਈ ਉਨਾਂ ਨੇ ਅਪਣੀ ਅਖੌਤੀ ਦਸਮ ਗ੍ਰੰਥ ਤੇ ਲਿਖੀ ਕਿਤਾਬ ਦਾਸ ਨੂੰ ਦਿਤੀ ਅਤੇ ਉਨਾਂ ਦੇ ਕੁਝ ਲੇਖ ਵੀ ਦਾਸ ਨੂੰ  ਪੜ੍ਹਨ ਨੂੰ ਮਿਲੇ। ਡਾ. ਸਾਹਿਬ ਨੇ ਇਨਾਂ ਅੱਠ ਪੰਨਿਆਂ ਬਾਰੇ  ਬਹੁਤ ਹੀ ਤਰਕ ਸੰਗਤ ਚਰਚਾ ਕੀਤੀ ਹੋਈ ਸੀ। ਉਨਾਂ ਦਾ ਇਕ ਲੇਖ "ਦਸਮ ਗ੍ਰੰਥ ਦੀਆਂ ਰਚਨਾਵਾਂ -ਪਤਾਸ਼ਾਹੀ 10"  ਅਤੇ ਇਕ ਲੇਖ  " ਦਸਮ ਗ੍ਰੰਥ ਦੀਆਂ ਰਚਨਾਵਾਂ - 33 ਸਵੈਯੇ" ਮੈਨੂੰ ਬਹੁਤ ਹੀ ਸਾਰਥਕ ਲਗੇ।  ਡਾ. ਗੁਰਮੁਖ ਸਿੰਘ ਜੀ, ਦਿੱਲੀ  ਦੇ ਲੇਖ ਵਿਚੋਂ ਹੀ ਦਾਸ ਕੁਝ ਅੰਸ਼ ਕੋਟ ਕਰ ਰਿਹਾ ਹੈ,  ਜੋ ਇਨਾਂ ਅੱਠ ਪੰਨਿਆਂ ਨੂੰ ਵੀ "ਬਿਪਰ ਕਵੀ" ਦੀ ਰਚਨਾਂ ਸਾਬਿਤ ਕਰਦੇ ਨੇ। ਉਹ ਲਿਖਦੇ ਹਨ -

 
".......ਇੱਕ ਹੋਰ ਗੱਲ ਇਹ ਕਿ ਮਿਤ੍ਰ ਪਿਆਰੇ ਵਾਲੇ ਸ਼ਬਦ ਵਿੱਚ ‘‘ਸੂਲ ਸੁਰਾਹੀ ਖੰਜਰ ਪਿਆਲਾ’’, ਜੋ ਮੁਹਾਵਰਾ ਵਰਤਿਆ ਹੈ, ਉਸਦਾ ਅਰਥ ਪਾਣੀ ਵਾਲੀ ਸੁਰਾਹੀ ਤਾਂ ਹੋ ਹੀ ਨਹੀਂ ਸਕਦਾ। ਤਾਂ ਤੇ ਇਹ ਮੁਹਾਵਰਾ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਤੇ ਵਿੱਸ਼ਈ ਹੀ ਯਾਰ ਦੇ ਵਿਛੋੜੇ ਵਿੱਚ ਵਰਤ ਸਕਦਾ ਹੈ ਜੋ ਹੀਰ ਜੱਟੀ ਨੇ ਰਾਂਝੇ ਯਾਰ ਦੇ ਵਿਛੋੜੇ ਵਿੱਚ ਵਰਤਿਆ, ਜਿਸ ਨੂੰ ਕਵੀ ਨੇ ਕਵਿਤਾ ਦਾ ਰੂਪ ਦਿੱਤਾ ਹੈ। ਪਰ ਧੰਨ ਹਨ ਅਜੋਕੇ ਉਹ ਗੁਰਸਿੱਖ ਵੀਰ ਜੋ ਬਿਨਾ ਵਿਚਾਰੇ ਹੀਰ ਜੱਟੀ ਦੇ ਖ਼ਿਆਲ ਆਦਿਕ ਕੱਚੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਮ-ਝੂਮ ਕੇ ਪੜ੍ਹਦੇ ਹੋਏ ਫੁੱਲੇ ਨਹੀਂ ਸਮਾਉਂਦੇ, ਹਾਲਾਂਕਿ ਭੱਠ ਖੇੜਿਆਂ ਦਾ ਰਹਿਣਾ ਅਤੇ ‘ਸੁਰਾਹੀ-ਪਿਆਲਾ’ ਕੇਵਲ ਹੀਰ ਹੀ ਆਖ ਸਕਦੀ ਹੈ।

 
ਮੁੱਕਦੀ ਗੱਲ, ਸੁਰਾਹੀ ਅਤੇ ਪਿਆਲਾ ਤਥਾ ਖੇੜੇ ਆਦਿਕ ਸ਼ਬਦਾਂ ਦੀ ਵਰਤੋਂ ਗੁਰੂ ਪਾਤਸ਼ਾਹ ਕਦੇ ਵੀ ਨਹੀਂ ਕਰ ਸਕਦੇ। ਇਹ ਕੇਵਲ ਨਸ਼ਿਆਂ ਦੇ ਪ੍ਰੇਮੀ ਸਾਕਤ ਮਤੀਏ ਕਵੀ ਨੇ ਗੁਰਸਿੱਖਾਂ ਨੂੰ ਧੋਖਾ ਦੇਣ ਵਾਸਤੇ ਆਪਣੀ ਰਚਨਾ ਗੁਰੂ ਪਾਤਸ਼ਾਹ ਵੱਲੋਂ ਦਰਸਾਉਣ ਹਿਤ ‘ਮਿਤ੍ਰ ਪਿਆਰੇ’ ਵਾਲੇ ਦਾ ਸਿਰਲੇਖ ਪਾ:10 ਲਿਖਿਆ ਹੈ।

 
ਨੋਟ - ਪਾਠਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੋ ਬੀੜ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਵਾਲੀ 1770 ਵਿੱਚ ਲਿਖੀ ਦੱਸੀ ਜਾਂਦੀ ਹੈ ਅਤੇ ਗੁਰਪੁਰਵਾਸੀ ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਦਿੱਲੀ ਵਿੱਚ ਸੀ ਹੁਣ ਨਹੀਂ ਹੈ। ਉਸ ਵਿੱਚ ਉਪ੍ਰੋਕਤ ‘‘ਮਿਤ੍ਰ ਪਿਆਰੇ’’ ਵਾਲਾ ਗੀਤ ਸ਼ਬਦ ਹਜ਼ਾਰੇ ਵਾਲੇ 10 ਸ਼ਬਦਾਂ ਸਮੇਤ ਹੈ ਹੀ ਨਹੀਂ।
ਕਈ ਬੀੜਾਂ ਵਿੱਚ ਉਪ੍ਰੋਕਤ ‘‘ਮਿਤ੍ਰ ਪਿਆਰੇ’’ ਵਾਲੇ ਖ਼ਿਆਲ ਪਾਤਸ਼ਾਹੀ 10 ਨੂੰ ਛੱਡ ਕੇ ਕੇਵਲ 9 ਸ਼ਬਦ ਹੀ ਹਨ।
 
ਫਿਰ ਕਈ ਬੀੜਾਂ ਵਿੱਚ ਮੁਰੀਦਾਂ ਦੀ ਥਾਵੇਂ ‘‘ਹਾਲ ਫਕੀਰਾਂ ਦਾ’’ ਲਿਖਿਆ ਹੈ। ਸੱਚ ਪੁੱਛੋ ਤਾਂ ਉਪ੍ਰੋਕਤ ਸੰਗ੍ਰਹਿ ਵਾਲੇ ਸਾਰੇ 10 ਸ਼ਬਦ ਹੀ ਦਸ਼ਮੇਸ਼ ਰਚਨਾ ਮੰਨਣ ਸਬੰਧੀ ਦੀਰਘ ਵਿਚਾਰ ਗੋਚਰੇ ਹਨ।
ਤਿਲੰਗ ਕਾਫੀ 10 (ਪੰਨਾ 711, ਦਸਮ ਗ੍ਰੰਥ)
ਕੇਵਲ ਕਾਲ ਈ ਕਰਤਾਰ। ਆਦਿ ਅੰਤ ਅਨੰਤ ਮੂਰਤਿ ਗੜਨ ਭੰਜਨਹਾਰ। ....
ਕਵੀ ਕਾਲ ਨੂੰ ਕਰਤਾਰ ਕਹਿੰਦਾ ਹੈ। ਗੁਰਬਾਣੀ ਅਕਾਲ ਪੁਰਖ ਨੂੰ ਕਰਤਾਰ ਜਾਂ ਕਰਤਾ ਪੁਰਖ ਕਹਿੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਕਾਲ ਨੂੰ ਕਰਤਾਰ ਨਹੀਂ ਮੰਨ ਸਕਦੇ। ਰਚਨਾ ਕਵੀ ਦੀ ਸਿੱਧ ਹੁੰਦੀ ਹੈ।

 
ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਚਾਰ ਕਰਦੇ ਹੋਏ ਅਸੀਂ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਕਵੀ ਰਚਨਹਾਰ ਕਰਤਾਰ ਕਾਲ ਨੂੰ ਹੀ ਸਮਝਦਾ ਹੈ। ਗੁਰਬਾਣੀ ਇੱਕ ਏਕੰਕਾਰ ਜੋਤਿ ਰੂਪ ਪਾਰਬ੍ਰਹਮ ਨੂੰ ਅਕਾਲ ਪੁਰਖ ਕਹਿੰਦੀ ਹੈ। ਤੇ ਗੁਰਬਾਣੀ ਉਪਦੇਸ਼ ਅਨੁਸਾਰ ਅਕਾਲ ਪੁਰਖ, ਹੀ ਸਭ ਸੰਸਾਰ ਦਾ ਕਰਤਾ ਹੈ। ਇਹ ਰਚਨਾ ਤਿਲੰਗ ਕਾਫੀ ਗੁਰਬਾਣੀ ਉਪਦੇਸ਼ ਦੇ ਵਿਰੁੱਧ ਹੈ।
ਰਾਮਕਲੀ ਪਾ:10 ਦੇ ਹੋਰ ਸ਼ਬਦ ਵੀ ਕਾਲ ਨੂੰ ਪ੍ਰਭੂ ਸਮਝ ਕੇ ਉਚਾਰੇ ਗਏ ਪ੍ਰਤੀਤ ਹੁੰਦੇ ਹਨ। ਪਾ:10 ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਛਾਪ ਨਾਲ ਦਰਜ ਕਰ ਦਿੰਦੇ।
ਡਾ: ਗੁਰਮੁਖ ਸਿੰਘ
ਡਾ. ਸਾਹਿਬ 33 ਸਵੈਯੇ ਬਾਰੇ ਲਿਖਦੇ ਹਨ
ਸ੍ਰੀ ਮੁਖਵਾਕ ਸ੍ਵੈਯਾ: ਪਾ: 10
ਤੇਤੀ ਸਵੈਯੇ
ਤੇਤੀ ਸਵੈਯਾਂ ਵਿੱਚ ਕਵੀ ਸਪਸ਼ਟ ਰੂਪ ਵਿੱਚ ਆਪਣੇ ਆਪ ਨੂੰ ਕਾਲ ਦਾ ਪੁਜਾਰੀ ਦੱਸਦਾ ਹੈ। ਅਸੀਂ ਦੋ ਸਵੈਯਾ ਦੀ ਵਿਚਾਰ ਸੰਖੇਪ ਵਿੱਚ ਕਰਦੇ ਹਾਂ। ਪਦਾ 24
ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਪ ਭ੍ਰਤਾਨਯੋ।।
(ਕਾਲ ਦੇ ਹੁਕਮ ਨਾਲ ਹੀ ਬ੍ਰਹਮਾ ਹੋਇਆ ਜੋ ਡੰਡਾ ਕਮੰਡਲ ਫੜ ਕੇ ਧਰਤੀ ਪੁਰ ਫਿਰਦਾ ਰਿਹਾ ਹੈ।)

ਕਾਲ ਹੀ ਪਾਇ ਸਦਾ ਸ਼ਿਵਜੂ ਸਭ ਦੇਸ ਬਿਦੇਸ ਭਇਆ ਹਮ ਜਾਨਯੋ।।
ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਹੀ ਤੇ ਤਾਹਿ ਸਭੋ ਪਹਿਚਾਨਯੋ।।
ਬੇਦ ਕਤੇਬ ਕੇ ਭੇਦ ਸਭੈ ਤਂਜਿ ਕੇਵਲ ਕਾਲ ਕ੍ਰਿਪਾ ਨਿਧ ਮਾਨਯੋ।।
(ਕਾਲ ਦਾ ਹੁਕਮ ਪਾ ਕੇ ਹੀ ਵਿਸ਼ਨੂੰ ਹੋਇਆ ਹੈ, ਅਤੇ ਮਿਟ ਗਿਆ ਹੈ, (ਯਾਹੀ ਤੇ) ਇਸੇ ਕਰਕੇ ਹੀ ਉਸੇ ਕਾਲ ਨੂੰ ਅਸਾਂ ਸਾਰੇ ਰੂਪਾਂ ਵਿੱਚ ਪਛਾਣਿਆ ਹੈ। ਵੇਦਾਂ ਕਤੇਬਾਂ (ਦੇ ਦੱਸੇ ਹੋਏ) ਸਾਰੇ ਭੇਦ ਫਰਕ ਛੱਡ ਕੇ ਅਸਾਂ ਕਾਲ ਨੂੰ ਹੀ ਕ੍ਰਿਪਾ ਦਾ ਸਮੁੰਦਰ ਮੰਨਿਆਂ ਹੈ।) ਪਦਾ 25
ਕਾਲ ਗਯੋ ਇਨ ਕਾਮਨ ਸਿਓ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਯੋ।। ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜ ਕਾਜ ਅਕਾਜ ਕੋ ਕਾਜ ਸਵਾਰਯੋ।। ਬਾਜ ਬਨੇ ਰਾਜਰਾਜ ਬਡੋ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ।। ਸ੍ਰੀ ਭਗਵੰਤ ਭਜਾਯੋ ਨ ਅਰੇ ਜੜ ਲਾਜ ਹੀ ਲਾਜ ਸੁ ਕਾਜੁ ਬਿਗਾਰਯੋ।।
(ਹੇ ਜੜ ਇਨ੍ਹਾਂ ਕੰਮਾਂ ਨਾਲ ਹੀ ਸਮਾਂ ਬੀਤ ਗਿਆ ਹੈ ਤੇ ਕਾਲ ਕ੍ਰਿਪਾਲ ਦਿਲ ਵਿੱਚ ਯਾਦ ਨਹੀਂ ਕੀਤਾ ਹੈ। ਮੂਰਖ ਸ਼ਰਮ ਨੂੰ ਛੱਡ ਕੇ ਬੇਸ਼ਰਮ (ਹੋ ਰਿਹਾਂ ਹੈ ਅਤੇ) ਚੰਗੇ ਕਰਮਾਂ ਦਾ ਕਰਨਾ ਛੱਡ ਕੇ, ਨਾ ਕ. ਮ ਔਣ ਵਾਲੇ ਬੁਰੇ ਕੰਮਾਂ ਨੂੰ ਕਰ ਰਿਹਾ ਹੈ। (ਉਹੀ ਗੱਲ ਕੀਤੀ, ਕਿ ਤੇਰੇ ਕੋਲ) ਵੱਡੇ (ਸੁੰਦਰ) ਘੋੜੇ ਤੇ ਰਾਜ ਹਾਥੀ ਸ਼ੋਭ ਰਹੇ ਹਨ। ਪਰ ਤੂੰ ਊਹਨਾਂ ਨੂੰ ਛੱਡ ਕੇ ਖੋਤੇ ਉੱਤੇ ਚੜਨ ਦਾ ਵਿਚਾਰ ਚਿੱਤ ਵਿੱਚ ਕੀਤਾ ਹੈ। ਹੇ ਮੂਰਖ ਸ੍ਰੀ ਭਗਵੰਤ (ਕਵੀ ਕਾਲ ਨੂੰ ਸ੍ਰੀ ਭਗਵੰਤ ਕਹਿੰਦਾ ਹੈ), ਦਾ ਭਜਨ ਨਹੀਂ ਕੀਤਾ ਹੈ ਅਤੇ ਸ਼ਰਮ ਹੀ ਸ਼ਰਮ ਵਿੱਚ ਕੰਮ ਨੂੰ ਵਿਗਾੜ ਲਿਆ ਹੈ।)

ਉਪਰ ਦਿੱਤੀ ਕਵੀ ਦੀ ਵਿਚਾਰ ਤੋ ਸਪਸ਼ਟ ਹੈ ਕਿ ਇਹ ਕਾਲ ਦੇ ਪੁਜਾਰੀ ਕਵੀ ਦੀ ਰਚਨਾਂ ਹੈ।

ਇਹ ਰਚਨਾ ਇਕੋ ਇੱਕ ਅਬਿਨਾਸੀ ਹਸਤੀ, ਅਕਾਲ ਪੁਰਖ ਜਾਨਣ ਪਛਾਨਣ ਤੇ ਸਿਮਰਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ।
ਡਾ: ਗੁਰਮੁਖ ਸਿੰਘ
ਗੁਰੂ ਸਵਾਰੇ,  ਮੇਰੇ ਵੀਰੋ ! ਇਸ ਲੇਖ ਲੜੀ ਦੇ ਅਗਲੇ ਭਾਗ ਵਿੱਚ ਇਸ "ਕਾਲੀ ਕਿਤਾਬ" ਦੀ ਅਗਲੀ ਰਚਨਾਂ "ਸ਼ਸਤ੍ਰ ਨਾਮ ਮਾਲਾ"  ਬਾਰੇ ਚਰਚਾ ਕਰਾਂਗੇ ਅਤੇ ਇਹ ਪਰਖਾਂ ਗੇ ਕਿ ਇਹ ਰਚਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਘਸਵੱਟੀ ਤੇ ਕਿਨੀ ਕੁ ਖਰੀ ਉਤਰਦੀ ਹੈ
**********************************************************************************
**********************************************************************************

 ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਗਿਆਰ੍ਹਵਾਂ)
ਇੰਦਰਜੀਤ ਸਿੰਘ, ਕਾਨਪੁਰ
 
(ਅਥ ਸ੍ਰੀ ਸ਼ਸਤ੍ਰਨਾਮ ਮਾਲਾ ਪੁਰਾਣ ਲਿਖਯਤੇ ॥ ਸ੍ਰੀ ਭਗਉਤੀ ਜੀ ਸਹਾਇ ॥ ਪਾਤਿਸ਼ਾਹੀ ॥੧੦॥ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥)
ਸਿੱਖ ਕੌਮ ਵਿਚ ਜਿਨਾਂ ਕੂ ਭੰਬਲਭੂਸਾ ਇਹ "ਕੂੜ ਕਿਤਾਬ"  ਪਾ ਸਕਦੀ ਸੀ,  ਇਸ ਨੇ ਪਾਇਆ ਹੈ। ਸਿੱਖਾਂ ਨੂੰ "ੴ"  ਤੋਂ  ਦੂਰ ਕਰਨ ਲਈ ਇਸ "ਸ਼ਸ਼ਤ੍ਰਨਾਮ ਮਾਲਾ" ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ,  ਜਿਸਦਾ ਜਿਕਰ ਅਸੀਂ ਅਗੇ ਚਲ ਕੇ ਕਰਦੇ ਹਾਂ।  ਇਸ ਕਿਤਾਬ ਦੇ ਪੰਨਾ ਨੰ. 717  ਤੇ ਇਹ "ਅਥ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ ॥"  ਸ਼ੁਰੂ ਹੂੰਦੀ ਹੈ ਤੇ  ਪੰਨਾ ਨੰ. 808 ਤੇ ਸਮਾਪਤ ਹੂੰਦੀ ਹੈ। ਇਸ ਪੂਰੀ ਕਿਤਾਬ ਦੀਆਂ ਪਿਛਲੀਆਂ ਰਚਨਾਵਾਂ ਵਾਂਗ, ਇਹ ਰਚਨਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰੀ ਤਰ੍ਹਾਂ ਫੇਲ ਹੋ ਜਾਂਦੀ ਹੈ। ਇਹ 91 ਪੰਨੇ ਸ਼ਸ਼ਤ੍ਰਾਂ ਦੇ ਨਾਮ ਦਸਣ ਦੇ ਬਹਾਨੇ ਸਿੱਖ ਨੂੰ "ਕਾਲ ਅਤੇ ਕਾਲੀ" ਅਤੇ ਹੋਰ "ਹਿੰਦੂ ਮਿਥਹਾਸਕ ਪਾਤਰਾਂ"  ਦੀ ਉਸਤਤਿ ਨਾਲ ਜੋੜਦੇ ਨੇ। 

 
ਸਾਂਗ, ਸਰੋਹੀ, ਸੈਫ, ਅਸ, ਤੀਰ, ਤੁਪਕ, ਤਲਵਾਰ, ਕ੍ਰਿਪਾਨ, ਧਾਰਾਧਰੀ, ਸੈਲ, ਸੂਫ, ਜਮਦਾਢ, ਕਵਚਾਂਤਕ, ਸੱਤ੍ਰਾਂਤ, ਕਰ, ਤੇਗ, ਤੀਰ, ਖੰਡੋ, ਖੜਗ, ਤਬਰ, ਸੈਹਥੀ, ਸੂਲ, ਸੈਹਥੀ, ਤਬਰ, ਨਿਖੰਗ, ਬਾਨ, ਕਟਾਰੀ, ਸੇਲ, ਕਰਦ, ਕ੍ਰਿਪਾਨ, ਦਾੜ੍ਹ, ਬਿਛੂਓ, ਬਾਨ,ਜਮਧਰ, ਜਮਦਾੜਾ, ਜਬਰ, ਜੋਧਾਂਤਕ, ਬਾਂਕ, ਬਜ੍ਰ, ਬਿਸਿਖਿ, ਬਿਰਹਬਾਨ, ਇਨਾਂ ਸ਼ਸ਼ਤ੍ਰਾਂ ਨੂੰ ਸਾਡੇ ਪੀਰ (ਗੁਰੂ ਅਤੇ ਪੂਰਵਜ) ਦਸਿਆ ਗਇਆ ਹੈ। ਇਸ ਬੇ ਸਿਰ ਪੈਰ ਦੀ ਦੇਵੀ ਉਸਤਤਿ ਵਿੱਚ ਸ਼ਸ਼ਤ੍ਰਾਂ ਦੇ ਨਾਮ ਪੜ੍ਹ ਕੇ ਲਗਦਾ ਹੈ, ਕਿ ਇਹ ਕਵੀ ਕਿਸੇ ਵੇਲੇ ਚਾਕੂ,ਛੁਰੀਆਂ, ਕਰਦਾਂ, ਕਿੱਲਾਂ ਨੇਜਿਆਂ ਸੂੰਬੀਆਂ, ਆਦਿਕ ਚੀਜਾਂ ਦਾ ਵਾਪਾਰ  ਕਰਦਾ ਰਿਹਾ ਹੋਣਾਂ ਹੈ। ਜੇ ਉਸ ਵੇਲੇ ਏ. ਕੇ. 47 , ਏ .ਕੇ. 56 ਅਤੇ ਬਫੋਰਸ ਤੋਪਾਂ ਹੁੰਦੀਆਂ ਤੇ ਸ਼ਾਇਦ ਇਹ ਉਨਾਂ ਦਾ ਵੀ ਜਿਕਰ  ਕਰਦਾ ਤੇ ਉਨਾਂ ਗੱਨਾਂ ਅਤੇ ਤੋਪਾਂ ਨੂੰ ਵੀ ਸਾਡਾ "ਪੀਰ" ਜਰੂਰ  ਦਸਦਾ। ਆਉ ਵੇਖੀਏ ਇਨਾਂ  ਚਾਕੂ ਛੁਰਿਆਂ ਅਤੇ ਕਰਦਾਂ  ਦੇ ਨਾਮ, ਸਾਨੂੰ ਕਿਸ ਅਧਿਆਤਮਿਕ ਜੀਵਨ ਜਾਚ ਨਾਲ ਜੋੜ ਰਹੇ ਨੇ। ਇਹ ਕੁਝ ਸ਼ਸ਼ਤ੍ਰ ਹਨ ਜਿਨਾਂ ਦੇ ਨਾਮਾਂ ਦੀ ਆੜ ਵਿੱਚ ਇਹ ਕਵੀ, ਸਿੱਖੀ ਦੇ ਮੁਡਲੇ ਸਿਧਾਂਤਾਂ ਨੂੰ ਕਿਵੇਂ ਸੱਟ ਮਾਰ ਰਿਹਾ ਹੈ, ਆਉ ਜਰਾ ਨਜਰ ਮਾਰੀਏ:
 
ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥ 
ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ ॥ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥੪॥
ਪੰਨਾ ਨੰ. 717 ਅਖੌਤੀ ਦਸਮ ਗ੍ਰੰਥ
 
ਅਰਥ: ਅਸ, ਕ੍ਰਿਪਾਨ ਖੰਡੇ, ਤੁਪਕ, ਤਬਰ ਅਤੇ ਤੀਰ, ਸੈਫ, ਸਰੋਹੀ ਸੈਹਥੀ ਇਹੋ ਹੀ ਸਾਡੇ ਪੀਰ (ਵਡੇਰੇ, ਗੁਰੂ, ਪੁਰਖੇ) ਹਨ। ਹੇ ਦੇਵੀ ਤੂਂ ਹੀ ਤੀਰ ਹੈ ਹੈ, ਸੈਹਥੀ ਵੀ ਤੂੰ ਹੀ ਹੈ, ਤਬਰ ਅਤੇ ਤਲਵਾਰ ਵੀ ਤੂੰ ਹੀ ਹੈ। ਜੋ ਤੇਰਾ ਨਾਮ ਜਪੇਗਾ ਉਹ ਭਵਜਲ ਪਾਰ  ਕਰ ਜਾਵੇਗਾ। ਉਏ ਬੇੜਾ ਤਰ ਜਾਏ ਤੁਹਾਡਾ!  ਸਾਨੂੰ ਤੇ ਸਾਡੇ ਸ਼ਬਦ ਗੁਰੂ ਸਿਖਾਂਦੇ ਨੇ ਕਿ "ੴ ਸਤਿਗੁਰ ਪ੍ਰਸਾਦਿ॥" ਤੁਸੀਂ ਸਾਨੂੰ ਪੁੱਠੀ ਮੱਤ ਦੇ ਕੇ ਹੁਣ ਇਨਾਂ ਚਾਕੂ ਛੁਰਿਆਂ ਅਤੇ ਕਰਦਾਂ ਨੂੰ ਪੂਜਣ ਦੀ ਸਿਖਿਆ ਦੇ ਰਹੇ ਹੋ?
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥ ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥.........
ਤੁਮਹੀ ਦਿਨ ਰਜਨੀ ਤੁਹੀ ਤੁਮਹੀ ਜੀਅਨ ਉਪਾਇ ॥ ਕਉਤਕ ਹੇਰਨ ਕੇ ਨਮਿਤ ਤਿਨ ਮੋ ਬਾਦ ਬਢਾਇ ॥੯॥
ਕਾਲ ਅਤੇ ਕਾਲੀ ਦਾ ਪੁਜਾਰੀ, ਆ ਗਇਆ ਅਪਣੀ ਔਕਾਤ ਤੇ ਕਹਿੰਦਾ ਹੈ "ਕਾਲ" ਅਤੇ "ਕਾਲੀ"  ਵੀ ਤੂੰ ਹੀ ਹੈ ਅਤੇ ਤੇਗ ਅਤੇ ਤੀਰ ਵੀ ਤੂੰ ਹੀ ਹੈ। ਦਸਮ ਗ੍ਰੰਥੀ ਰਾਗੀਆਂ ਨਾਲ ਜੇ ਅਸੀਂ ਗਲ ਕਰਦੇ ਹਾਂ ਕਿ ਤੁਸੀਂ ਇਹ  ਉਸਤਤਿ ਸ਼ਸ਼ਤ੍ਰਾਂ ਦੀ ਕਰਦੇ ਹੋ, ਕਿ "ਕਾਲ ਅਤੇ ਕਾਲੀ"  ਦੀ?  ਤੇ ਉਹ ਕਹਿੰਦੇ ਨੇ ਇਹ ਤਾਂ ਗੁਰੂ ਸਾਹਿਬ, ਅਕਾਲ ਪੁਰਖ ਨੂੰ ਕਹਿ ਰਹੇ ਨੇ ਕਿ "ਤੂੰ ਹੀ ਕਾਲ ਹੈ, ਤੇ ਤੁੰ ਹੀ ਕਾਲੀ ਹੈ"। "ਸੁੰਦਰ ਗੁਟਕਾ" ਪੜ੍ਹ ਕੇ ਬਣੇ ਇੱਨਾਂ ਰਾਗੀਆਂ ਦਾ ਕਸੂਰ ਵੀ ਕੀ ਕਹੀਏ,  ਕਿਉ ਕਿ ਇਨਾਂ ਨੇ ਇਸ ਤੋਂ ਅਗੇ ਤੇ ਕੁਝ ਪੜ੍ਹਿਆ ਹੀ ਨਹੀਂ ਹੂੰਦਾ। ਇਸ ਨਾਮ ਮਾਲਾ ਦੀਆਂ ਅਗਲੀਆਂ ਲਾਈਨਾਂ ਵਿੱਚ ਸ਼ਸ਼ਤ੍ਰਾਂ ਦੇ ਨਾਮ ਦਸਣ ਵਾਲਾ ਕਵੀ, ਸਾਫ ਸਾਫ ਕਹਿ ਰਿਹਾ ਹੈ, ਕਿ "ਮੈਂ  ਦੇਵੀ ਦੀ ਉਸਤਤਿ ਕਰ ਰਿਹਾ ਹਾਂ।"  ਆਉ ਵੇਖੋ:
ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ ॥ਪੰਨਾ 718 ਅਖੌਤੀ ਦਸਮ ਗ੍ਰੰਥ
ਹੁਣ ਫੇਰ ਇਹ ਢੀਠ ਦਸਮ ਗ੍ਰੰਥੀਏ ਇਹ ਕਹਿੰਣਗੇ  ਕਿ "ਭਗਉਤੀ" ਤੇ ਅਕਾਲਪੁਰਖ ਹੈ, ਅਰਦਾਸ ਵਿੱਚ ਵੀ ਆਂਉਦਾ ਹੈ "ਪ੍ਰਿਥਮ ਭਗਉਤੀ ਸਿਮਰਕੇ ", ਤੁਸੀਂ ਕੇੜ੍ਹੀ ਨਵੀ ਗਲ ਕਰ ਰਹੇ ਹੋ? 
ਭਲਾ ਹੋ ਜਾਵੇ ਤੁਹਾਡਾ ਦਸਮ ਗ੍ਰੰਥੀਉ!! ਤੁਸੀਂ ਤੇ ਇਸ ਕਿਤਾਬ ਵਿਚ ਆਏ ਹਰ  ਨਾਮ ਨੂੰ ਹੀ "ਅਕਾਲਪੁਰਖ" ਨਾਲ ਜੋੜੀ ਜਾਂਦੇ ਹੋ।  ਤੁਹਾਡੇ ਨਾਲ ਇਹੋ ਮੱਥਾ ਪੱਚੀ ਕਰਦੇ ਕਰਦੇ ਤੇ ਇਸ ਕਿਤਾਬ ਦੇ 718 ਪੰਨੇ ਲੰਘ ਗਏ, ਇਸ ਲੇਖ ਦੇ ਦਸ ਭਾਗ ਲੰਘ ਗਏ। ਤੁਹਾਨੂੰ ਹਲੀ ਵੀ ਸਮਝ ਨਹੀਂ ਆਈ। ਅਸੀ ਵੀ ਤੁਹਾਨੂੰ ਘਰ ਤਕ ਛਡ ਕੇ ਹੀ ਆਉਣਾਂ ਹੈ, ਚਿੰਤਾ ਨਾਂ ਕਰੋ! ਇਸ  ਕਵਿਤਾ ਵਿੱਚ ਜਰਾ ਅਗੇ ਚਲੋ, ਤੁਹਾਡੇ ਲਈ ਇਸ ਕਿਤਾਬ ਵਿੱਚ ਸੈਂਕੜੇ  ਉਦਾਹਰਣ ਨੇ, ਜੋ ਇਹ ਸਾਬਿਤ ਕਰਦੇ ਨੇ ਕਿ ਇਹ "ਕਾਲੀ ਦੀ ਕਿਤਾਬ""ਕਾਲੀ ਅਤੇ ਕਾਲ"  ਦੀ ਹੀ ਉਸਤਿਤ ਨਾਲ ਭਰੀ ਪਈ ਹੈ "ਅਕਾਲ ਪੁਰਖ"  ਨਾਲ ਨਹੀਂ।
ਸਿੰਘ ਸ਼ਬਦ ਭਾਖੋ ਪ੍ਰਖਮ ਬਾਹਨ ਬਹੁਰ ਉਚਾਰਿ ॥ ਸਭੈ ਨਾਮ ਜਗਮਾਤ ਕੇ ਲੀਜਹੁ ਸੁ ਕਬਿ ਸੁਧਾਰਿ ॥੩੨॥ ਪੰਨਾ 719
ਦਸਮ ਗ੍ਰੰਥੀਉ! ਹੁਣ ਕਿਥੇ ਜਾਵੋਗੇ? ਇਹ ਤਾਂ ਹੁਣ ਸਾਫ ਸਾਫ ਕਹਿ ਰਿਹਾ ਹੈ ਕਿ ਪਹਿਲਾਂ ਉਸ ਸ਼ੇਰ (ਸਿੰਘ ) ਦਾ ਨਾਮ ਲੈ, ਜੋ ਦੁਰਗਾ ਦਾ ਬਾਹਨ (ਸਵਾਰੀ) ਹੈ, ਮੈਂ ਤਾ ਇਹ ਸਾਰੇ ਨਾਮ, ਉਸ "ਜਗਮਾਤ" ॥ ( ਪੂਰੇ ਜਗਤ ਦੀ ਮਾਤਾ ) ਦੇ ਹੀ ਲਏ ਨੇ, ਜਿਥੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ,  ਮੈਂ ਉਸ ਨੂੰ ਸੁਧਾਰ ਲਿਆ ਹੈ।"

 ਜੇ ਹਲੀ ਵੀ ਤੁਹਾਨੂੰ ਭਗਉਤੀ ਸ਼ਬਦ ਅਕਾਲਪੁਰਖ ਲਈ  ਵਰਤਿਆ ਲਗਦਾ ਹੈ ਤੇ  ਇਹ ਕਸੂਰ ਤੁਹਾਡਾ ਨਹੀਂ।  ਕਈਂ ਸਦੀਆਂ ਤੋਂ ਤੁਸੀਂ ਅਰਦਾਸ ਵਿੱਚ ਇਸ "ਭਗੳਤੀ" ਦੇਵੀ  ਨੂੰ ਯਾਦ ਕਰਦੇ ਆ ਰਹੇ ਹੋ, ਇਸ "ਭਗਉਤੀ " ਨੇ ਐਨੀ ਛੇਤੀ ਤੁਹਾਡੇ ਮਗਰੋਂ ਥੋੜੀ ਹੀ ਲਹਿ ਜਾਣਾ ਹੈ। ਇਸ ਭਗਉਤੀ ਦਾ ਤੇ ਸਾਫ ਸਾਫ ਨਾਮ ਉਹ "ਭਗਵਤੀ"  ਅਤੇ "ਭਵਾਨੀ"  ਵੀ ਦਸ ਰਿਹਾ ਹੈ। ਇਹ ਪੜ੍ਹ ਕੇ ਤੇ ਮੰਨ ਜਾਉ ਮੇਰੇ ਭਰਾਵੋ!  ਕੇ ਇਹ "ਭਗਉਤੀ", ਅਕਾਲਪੁਰਖ ਨਹੀਂ "ਸ਼ੇਰਾਂ ਵਾਲੀ ਦੇਵੀ ਮਾਤਾ"  ਹੈ। ਸ਼ੇਰ ਦੀ ਸਵਾਰੀ ਵਾਲੀ "ਭਗਵਤੀ " ਵੀ ਉਹ ਹੀ ਹੈ, ਅਤੇ "ਭਵਾਨੀ " ਵੀ ਉਹ ਹੀ ਹੈ। ਲਉ, ਤੁਹਾਡਾ ਇਹ ਗੁਰੂ ਇਥੇ ਦੋਵੇਂ ਨਾਮ ਸਾਫ ਸਾਫ ਲੈ ਰਿਹਾ ਹੈ।
 
ਭੂਤਾਂਤਕ ਸ੍ਰੀ ਭਗਵਤੀ ਭਵਹਾ ਨਾਮ ਬਖਾਨ ॥ ਸ੍ਰੀ ਭਵਾਨੀ ਭੈ ਹਰਨ ਸਭ ਕੋ ਕਰੌ ਕਲਯਾਨ ॥੬॥ਪੰਨਾ ਨੰ 719
ਹੁਣ ਇਸ "ਜਗਮਾਤਾ" ਨੂੰ ਵੀ ਅਕਾਲਪੁਰਖ ਕਹਿ ਦਿਉ!  ਜਿਸਦੀ ਸਵਾਰੀ  ਸ਼ੇਰ ਹੈ? ਮੂਰਖ ਦਸਮ ਗ੍ਰੰਥੀਉ! ਇਨੇ ਵੀ ਢੀਠ ਨਾਂ ਬਣੋ ਕਿ ਦੂਜੇ ਦੇ ਪਿਉ ਨੂੰ ਹੀ ਅਪਣਾਂ ਪਿਉ ਆਖੀ ਜਾਂਦੇ ਹੋ। ਜੇ ਉਹ "ਕਾਲ ਅਤੇ ਕਾਲੀ"  ਦਾ ਪੁਜਾਰੀ ਕਹਿ ਰਿਹਾ ਹੈ ਕਿ "ਮੈਂ ਸ਼ੇਰਾਂ ਵਾਲੀ ਜਗਮਾਤਾ"  ਦੇ ਨਾਮ ਲੈ ਰਿਹਾ ਹਾਂ, ਫੇਰ ਤੁਸੀਂ ਕਿਉ ਉਸਨੂੰ "ਅਕਾਲਪੁਰਖ "  ਬਨਾਉਣ ਲਈ ਇਨੇ ਉਤਾਵਲੇ ਹੋਏ  ਹੋ। ਹੋਰ ਵੇਖੋ ਹਲੀ ਕੋਈ ਪ੍ਰਮਾਣਾਂ ਦੀ ਕਮੀ ਤਾਂ ਹੈ ਨਹੀਂ ਇਥੇ:
ਕਤੀ ਯਾਮਾਨੀ ਹਿੰਦਵੀ ਸਭ ਸ਼ਸਤ੍ਰਨ ਕੇ ਨਾਥ ॥ ਲਏ "ਭਗਉਤੀ ਨਿਕਸ ਹੈ ਆਪ ਕਲੰਕੀ ਹਾਥ ॥੪੬॥
ਪ੍ਰਿਥਮ ਸ਼ਕਤਿ ਪਦ ਉਚਰਿ ਕੈ ਪੁਨ ਕਹੁ ਸ਼ਕਤ ਬਿਸੇਖ ॥ ਨਾਮ ਸੈਹਥੀ ਕੇ ਸਕਲ ਨਿਕਸਤ ਜਾਹਿ ਅਸੇਖ ॥੪੭॥
ਪ੍ਰਿਥਮ + ਸ਼ਕਤਿ = ਆਦਿ + ਸ਼ਕਤੀ = ਅਦਿ ਭਵਾਨੀ ( ਗੁਰੂ ਗ੍ਰੰਥ ਸਾਹਿਬ ਵਿੱਚ 874 ਅੰਕ ਤੇ ਬਾਬਾ ਨਾਮ ਦੇਵ ਜੀ ਵਾਲੀ ਆਦਿ ਭਵਾਨੀ ਵੇਖੋ ।)
 ਗੁਰਬਾਣੀ ਤਾਂ ਉਸ "ਜਮ"  ਬਾਰੇ ਇਹ ਕਹਿੰਦੀ ਹੈ
ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਅੰਕ 3
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ਅੰਕ 11
ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥ ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ॥ਅੰਕ 44
ਇਸ ਕਿਤਾਬ ਦਾ ਗੁਰੂ ਤਾਂ ਇਹ ਕਹਿ ਰਿਹਾ ਹੈ ਕੇ ਪਹਿਲਾਂ "ਜਮ"  ਦਾ ਨਾਮ ਉਚਾਰ।
ਪ੍ਰਿਥਮ ਨਾਮ ਜਮ ਕੋ ਉਚਰਿ ਬਹੁਰੋ  ਰਦਨ ਉਚਾਰਿ ॥ ਸਕਲ ਨਾਮ ਜਮਦਾੜ ਕੇ ਲੀਜਹੁ ਸੁ ਕਬਿ ਸੁਧਾਰਿ ॥੩੮॥ ( ਸ਼ਸ਼ਤ੍ਰਨਾਮ ਮਾਲਾ)
 ਤੁਸੀਂ ਤੇ ਹਲੀ ਕਾਲ, ਕਾਲੀ ਅਤੇ  ਭਗਉਤੀ ਨੂੰ ਅਕਾਲਪੁਰਖ ਸਾਬਿਤ ਕਰਨ ਦੇ ਚਕਰਾਂ ਵਿੱਚ ਪਏ ਹੋ, ਅਤੇ 300 ਸਾਲਾਂ ਵਿੱਚ ਵੀ ਇਹ ਫੈਸਲਾ ਨਹੀਂ ਕਰ ਸਕੇ। ਇਹ ਕਵੀ ਤੇ ਇਸ "ਸ਼ਸ਼ਤ੍ਰਨਾਮ ਮਾਲਾ" ਦੀ ਆੜ ਵਿੱਚ ਤੁਹਾਨੂੰ ਹੁਣ ਕਈ ਹਿੰਦੂ ਸਖਸ਼ਿਯਤਾਂ ਦਾ ਨਾਮ ਜਪਵਾ ਕੇ ਛਡੇਗਾ। ਇਕ ਨਾਮ ਤੇ ਤੁਸੀਂ ਰੋਜ ਹੀ ਅਪਣੀ ਅਰਦਾਸ ਵਿੱਚ "ਪ੍ਰਿਥਮ ਭਗੌਤੀ"  ਸਿਮਰਦੇ ਹੀ ਹੋ। ਇਥੇ ਵੇਖੋ ਇਹ ਕੀਸ ਕਿਸ ਦਾ ਨਾਮ  ਜਪਵਾ ਰਿਹਾ ਹੈ।  ਇਸਨੇ ਕੋਈ ਕਸਰ ਨਹੀਂ ਛਡਣੀ ਤੁਹਾਨੂੰ ਹਿੰਦੂ ਧਰਮ ਨਾਲ ਜੋੜ ਦੀ। ਇਸ ਕਿਤਾਬ ਨੇ  ਤੁਹਾਨੂੰ ਪੱਕਾ ਬ੍ਰਾਹਮਣ ਬਣਾਂ ਕੇ ਹੀ ਸਾਹ ਲੈਣਾਂ ਹੈ। ਆਉ ਵੇਖੋ:
ਯਸਟੀਸ਼ਰ ਕੋ ਪ੍ਰਿਥਮ ਕਹਿ  ਪੁਨ ਬਚ ਕਹੁ ਅਰਧੰਗ ॥ ਨਾਮ ਸੈਹਥੀ ਕੇ ਸਭੈ ਉਚਰਤ ਜਾਹੁ ਨਿਸ਼ੰਗ ॥੫੨॥
ਲਛਮਨ ਅਉਰ ਘਟੋਤਕਚ  ਏ ਪਦ ਪ੍ਰਿਥਮ ਉਚਾਰਿ ॥ ਪੁਨਿ ਅਰਿ ਭਾਖੋ ਸ਼ਕਤ ਕੇ ਨਿਕਸਹਿ ਨਾਮ ਅਪਾਰ ॥੫੫॥
ਬਿਸ਼ਨ ਨਾਮ ਪ੍ਰਿਥਮੈ  ਉਚਰਿ ਪੁਨ ਪਦ ਸ਼ਸਤ੍ਰ ਉਚਾਰਿ ॥ ਨਾਮ ਸੁਦਰਸ਼ਨ ਕੇ ਸਭੈ ਨਿਕਸਤ ਜਾਹਿ ਅਪਾਰ ॥੫੭॥
ਨਰਕਾਸੁਰ ਪ੍ਰਿਥਮੈ ਉਚਰਿ  ਪੁਨ ਰਿਪੁ ਸ਼ਬਦ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੋ ਚਤੁਰ ਚਿੱਤ ਮੈ ਜਾਨ ॥੬੦॥
ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮ  ਬਨਾਇ ॥ ਪੁਨ ਰਿਪੁ ਸ਼ਬਦ ਉਚਾਰੀਐ ਚੱਕ੍ਰ ਨਾਮ ਹੁਇ ਜਾਇ ॥੬੨॥
ਪ੍ਰਿਥਮ ਬਿਰਹ ਪਦ  ਉਚਰ ਕੈ ਪੁਨ ਕਹੁ ਸ਼ਸਤ੍ਰ ਬਿਸੇਖ ॥ ਨਾਮ ਸੁਦਰਸ਼ਨ ਚਕ੍ਰ ਕੇ ਨਿਕਸਤ ਚਲੈ ਅਸੇਖ ॥੬੬॥
ਗਿਰਧਰ ਪ੍ਰਿਥਮ ਉਚਾਰਿ  ਪਦ ਆਯੁਧ ਬਹੁਰ ਉਚਾਰਿ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਚਲੈ ਅਪਾਰ ॥੬੮॥
ਕਾਲੀ ਨਥੀਆ ਪ੍ਰਿਥਮ ਕਹਿ  ਸ਼ਸਤ੍ਰ ਸ਼ਬਦ ਕਹੁ ਅੰਤ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਜਾਹਿ ਅਨੰਤ ॥੬੯॥
ਕੰਸ ਕੇਸਿਹਾ ਪ੍ਰਿਥਮ ਕਹਿ  ਫਿਰਿ ਕਹਿ ਸ਼ਸਤ੍ਰ ਬਿਚਾਰ ॥ ਨਾਮ ਸੁਦਰਸ਼ਨ ਚੱਕ੍ਰ ਕੇ ਲੀਜਹੁ ਸੁ ਕਬਿ ਸੁਧਾਰ ॥੭੦॥
ਸ੍ਰੀ ਉਪੇਂਦ੍ਰ ਕੇ ਨਾਮ ਕਹਿ  ਫੁਨ ਪਦ ਸ਼ਸਤ੍ਰ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੇ ਸਭੈ ਸਮਝ ਸੁਰ ਗਿਆਨ ॥੭੩॥
 
ਗੁਰੂ ਸਵਾਰਿਉਸਮਝੋ ਇਨਾਂ ਸਾਜ਼ਿਸ਼ਾਂ ਨੂੰ। ਇਨਾਂ ਸ਼ਸ਼ਤ੍ਰਾਂ ਦੇ ਬਹਾਨੇ ਸਾਨੂੰ ਹਿੰਦੂ ਧਰਮ ਨਾਲ ਜੋੜ ਦਿਤਾ ਗਇਆ ਹੈ। ਯੁਧਿਸ਼ਟਰ, ਲਛਮਨ,ਘਟੋਤਕਚ,ਬਿਸ਼ਨ, ਨਰਕਾਸੁਰ, ਚੰਦੇਰੀ ਨਾਥ,ਗਿਰਧਰ ,ਕਾਲੀ ਨਥੀਆ , ਕੰਸ ਕੇਸਿਹਾ, ਸ੍ਰੀ ਉਪੇਂਦ੍ਰ (ਹੋਰ ਵੀ ਬਹੁਤ ਨੇ) , ਇਹ ਸਾਰੇ ਸਾਡੇ ਰਿਸ਼ਤੇਦਾਰ ਲਗੇ ਨੇ ਜੋ ਅਸੀ ਇਨਾਂ ਦਾ ਨਾਮ ਲਈਏ (ਜਪੀਏ )। 
 
ਖਾਲਸਾ ਜੀ ਅਸੀ ਠੱਗੇ ਗਏ ਹਾਂ। ਸਾਨੂੰ ਇਨਾਂ "ਬਨਾਰਸ ਦੇ ਠੱਗਾਂ"  ਨੇ ਠੱਗਾਂ ਨੇ ਠਗ  ਲਿਆ ਹੈ। ਸਾਡਾ ਗੁਰੂ ਤੇ ਸਾਨੂੰ ਥਾਂ ਥਾਂ ਤੇ ਸੁਚੇਚ ਕਰਦਾ ਰਿਹਾ
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ
ਲੇਕਿਨ ਵੀਰੋ ! ਅਸੀ ਫੇਰ ਵੀ ਨਹੀਂ ਜਾਗੇ ! ਅੱਜ ਇਸੇ "ਸ਼ਸ਼ਤ੍ਰਨਾਮ ਮਾਲਾ " ਕਰਕੇ ਹੀ ਸਾਡੇ ਇਕ ਤਖਤ,  ਹਜੂਰ ਸਾਹਿਬ ਵਿੱਚ ਇਨਾਂ ਸ਼ਸ਼ਤ੍ਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਕ ਵਖਰਾ ਕਮਰਾ ਜਿਸਨੂੰ ਇਹ ਦਸਮ ਗ੍ਰੰਥੀਏ "ਸੱਚਖੰਡ" ਕਹਿੰਦੇ ਨੇ, ਉਸ ਦੇ ਅਥੰਦ  ਸ਼ਸ਼ਤ੍ਰਾਂ ਨੂੰ ਪ੍ਰਸਾਦ ਦਾ ਭੋਗ ਲਗਵਾਇਆ ਜਾਂਦਾ ਹੈ, ਉਨਾਂ ਨੂੰ ਇਸਨਾਨਾ ਕਰਾਇਆ ਜਾਂਦਾ ਹੈ,  ਅਤੇ ਟੱਲ ਆਦਿਕ ਖੜਕਾਏ ਜਾਂਦੇ ਨੇ। ਸਿੱਖ ਸ਼ਸ਼ਤ੍ਰਾਂ ਨਾਲ ਪਿਆਰ ਕਰਦਾ ਹੈ,  ਸ਼ਸ਼ਤ੍ਰਾਂ ਨੂੰ ਅੰਗੀਕਾਰ ਕਰਦਾ ਹੈ , ਉਨਾਂ ਦੇ ਮਹੱਤਵ ਨੂੰ ਸਮਝਦਾ ਹੈ,  ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਉਹ "ੴ" ਨੂੰ ਭੁਲ ਕੇ ਸ਼ਸ਼ਤ੍ਰਾਂ ਦੀ ਉਸਤਤਿ ਅਤੇ ਪੂਜਾ ਕਰਨੀ ਸ਼ੁਰੂ ਕਰ ਦੇਵੇ।  ਦੁਨੀਆਂ ਵਿੱਚ ਕੇੜ੍ਹਾ ਮਾਂ ਪਿਉ ਹੈ ਜੋ ਅਪਣੇ ਬੱਚਿਆਂ ਨੂੰ ਅਪਣੇ ਕਮਰੇ ਵਿੱਚ ਵੜ੍ਹਨ ਤੋਂ ਮਨਾਂ ਕਰਦਾ ਹੋਵੇ। ਇਨਾਂ ਦਸਮ ਗ੍ਰੰਥੀਆਂ ਦੇ ਗੁਰੂ ਦੇ ਕਮਰੇ ਵਿੱਚ ਉਸ ਦਾ ਅਪਣਾਂ ਸਿੱਖ ਹੀ ਨਹੀਂ ਜਾ ਸਕਦਾ। ਇਕ ਵਿਸ਼ੇਸ਼ ਪ੍ਰਕਾਰ ਦੀ ਲੂੰਗੀ ਅਤੇ ਮੂੰਹ 'ਤੇ ਇਕ ਪਰਨਾਂ ਬੰਨ ਕੇ,  ਕੇਸਾਧਾਰੀ ਬ੍ਰਾਹਮਣ ਪੁਜਾਰੀ ਹੀ ਉਥੇ ਜਾ ਸਕਦਾ ਹੈ। ਕੀ ਇਹ ਹੀ ਹੈ ਸਿੱਖੀ ? ਸ਼ਬਦ ਗੁਰੂ ਦਾ ਤੇ ਫੁਰਮਾਨ ਹੈ ਕੇ ਸਾਡਾ ਗੁਰੂ ਤੇ ਆਪ ਅਪਣੇ ਸਿੱਖ ਨੂੰ ਅਗੇ ਹੋ ਕੇ ਲੈੰਦਾ ਹੈ। ਆਪ ਉਠ ਕੇ ਉਸ ਦੇ ਕਾਰਜ ਪੂਰੇ ਕਰਦਾ ਹੈ।
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ 
ਸੇਵਕ ਕਉ ਨਿਕਟੀ ਹੋਇ ਦਿਖਾਵੈ ॥  ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ਅੰਕ 403
ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥  ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥ ਅੰਕ 153
 
ਗੁਰੂ ਅਪਣੇ ਪਿਆਰੇ ਸਿੱਖ ਨੂੰ ਮਿਲਦਾ ਹੈ ਤੇ ਅਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ। ਸ਼ਸ਼ਤ੍ਰਾਂ ਨੂੰ 
ਪੂਜਣ ਵਾਲਾ ਇਹ ਕੇੜ੍ਹਾ ਗੁਰੂ ਹੈ? ਜੋ ਕਿਸੇ ਸਿੱਖ ਨੂੰ ਅਪਣੇ ਕਮਰੇ ਵਿੱਚ ਵੜਨ ਦੀ ਇਜਾਜਤ ਵੀ ਨਹੀਂ 
ਦੇਂਦਾ?  ਸਿਵਾਏ ਉਸ ਪੁਜਾਰੀ  ਦੇ।  ਖਾਲਸਾ ਜੀ ਬਹੁਤ ਦੇਰ ਹੋ ਚੁਕੀ ਹੈ। ਸੱਚ ਕਹਿਨ ਵਾਲੇ ਬਹੁਤ 
ਘੱਟ ਨੇ, ਸੱਚ ਸੁਨਣ ਵਾਲਾ ਕੋਈ ਨਹੀਂ।  ਇਹ " ਕਾਲੀ ਕਿਤਾਬ"  (ਜੋ ਸਿੱਖਾਂ ਨਾਲ ਇਕ ਬਹੁਤ
ਵੱਡੀ ਸਾਜਿਸ਼ ਹੈ)  ਨੂੰ ਕੌਮ ਦੇ ਸਿਰ ਤੋਂ ਕੌਣ ਉਤਾਰੇਗਾ? ਇਸ ਕਿਤਾਬ ਨੇ ਜਿਨਾਂ  ਕੂਰੀਤੀਆਂ 
ਅਤੇ ਅਨਮੱਤ ਨੂੰ  ਸਿੱਖੀ ਵਿਚ ਵਾੜ ਦਿਤਾ ਹੈ,  ਉਨਾਂ ਨੂੰ ਦੂਰ ਕੌਣ ਕਰੇਗਾ?
********************************************************************
********************************************************************

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਬਾਰ੍ਹਵਾਂ)
ਇੰਦਰਜੀਤ ਸਿੰਘ ਕਾਨਪੁਰ
(ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ ਭਗੌਤੀ ਜੀ ਸਹਾਇ  ॥ ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥ ਪਾਤਿਸਾਹੀ ੧੦ ॥)

 
ਗੁਰੂ ਸਵਾਰੇ ਖਾਲਸਾ ਜੀਉ  ! ਅਖੌਤੀ ਦਸਮ ਗ੍ਰੰਥ ਦੀਆਂ "ਦੇਵੀ ਪੂਜਕ" ਰਚਨਾਵਾਂ ਦਾ  ਜਿਕਰ  ਕਰਦੇ ਕਰਦੇ ਅਜ ਅਸੀਂ ਉਸ ਪੜਾਅ ਤੇ ਆਨ ਪੁਜੇ ਹਾਂ ਜਿਥੇ ਸਿੱਖ ਸਿਧਾਂਤਾਂ ਦੇ ਮੂੰਹ 'ਤੇ ਕਾਲਿਖ ਪੋਤ ਦੇਣ ਵਾਲੀ “ਅਸ਼ਲੀਲ ਕਵਿਤਾ”“ਵਿਭਚਾਰ ਦੀਆਂ ਕਹਾਨੀਆਂ”  ਦੇ ਰੂਪ ਵਿੱਚ ਲਿਖੀ ਹੋਈ ਹੈ । ਦੁਖਾਂਤ ਇਹ ਹੈ ਕਿ ਇਸ ਨੂੰ ਅਸੀਂ “ਦਸਮ ਬਾਣੀ”  ਕਹਿ ਕੇ ਇਸ ਅਗੇ ਮੱਥੇ ਟੇਕੀ ਜਾ ਰਹੇ ਹਾਂ ਅਤੇ ਸਾਰਾ ਜੀਵਨ ਕੌਮ ਦੀ ਭਲਾਈ ਅਤੇ ਸਿੱਖਾਂ ਦੀ ਚੜਦੀਕਲਾ ਲਈ ਸਰਬੰਸ ਦਾਨ ਕਰ ਦੇਣ ਵਾਲੇ ਦਸਮ ਪਿਤਾ ਨੁੰ ਬਦਨਾਮ ਕਰ ਰਹੇ ਹਾਂ। ਇਸ ਨੂੰ ਪੜ੍ਹਨ ਵਾਲਾ ਬੰਦਾ ਨਾਂ ਤੇ ਇਸ ਵਿਚ ਲਿਖੀਆਂ ਕਹਾਨੀਆਂ ਕਿਸੇ  ਨੂੰ ਸੁਣਾਂ ਸਕਦਾ ਹੈ, ਅਤੇ ਨਾਂ ਹੀ ਖੁਲ ਕੇ ਇਸ ਬਾਰੇ ਜਿਕਰ ਕਰ ਸਕਦਾ ਹੈ। ਇਸ ਗਲ ਦਾ ਹੀ ਫਾਇਦਾ ਪੰਥ ਦੋਖੀ ਪੁਜਾਰੀਆਂ  ਨੇ ਚੁਕਿਆ ਅਤੇ ਇਸ ਗ੍ਰੰਥ ਤੇ ਰੁਮਾਲੇ ਪਾ ਕੇ ਇਸ ਨੂੰ ਢੱਕੀ  ਲਪੇਟੀ ਰਖਿਆ,  ਅਤੇ ਇਸ ਅਗੇ ਭੋਲੇ ਭਾਲੇ ਸਿੱਖਾਂ ਕੋਲੋਂ ਮੱਥੇ ਟਿਕਵਾਂਦੇ ਰਹੇ।
ਉਨਾਂ ਦਸਮ ਗ੍ਰੰਥੀਆਂ ਦੀ  ਇਹ ਹੀ ਮੰਸ਼ਾ ਸੀ ਕਿ ਇਸ ਨੂੰ ਮੱਥਾ ਟੇਕ ਕੇ, ਇਸ ਨੂੰ "ਦਸਮ ਬਾਣੀ" ਤੇ ਸਾਰੇ ਕਹਿੰਦੇ ਰਹਿਣ, ਪਰ ਇਸ ਨੂੰ ਕੋਈ ਪੜ੍ਹੇ ਨਾਂ, ਇਹ ਹੀ ਚਾਲ ਸੀ ਦਸਮ ਗ੍ਰੰਥੀਆਂ ਦੀ। ਕਿਸੇ ਵੀ ਵਿਦਵਾਨ ਜਾਂ ਸਿੱਖ ਨੇ ਜੇ ਇਸ ਨੂੰ ਪੜ੍ਹ ਲਿਆ, ਜਾਂ  ਉਹ ਇਸ ਦੀ ਅਸ਼ਲੀਲਤਾ ਨੂੰ ਸਮਝ ਲਿਆ, ਉਹ ਚਾਹ ਕੇ  ਵੀ ਜਾਂ ਤਾਂ ਇਸਨੂੰ ਕਹਿਨੋ ਹਿਚਕਦਾ ਰਿਹਾ, ਜਾਂ ਉਸ ਦੀ ਹਿੰਮਤ ਹੀ ਨਹੀਂ ਪਈ ਕਿ ਇਨਾਂ ਕਹਾਣੀਆਂ ਨੂੰ ਸਿੱਖਾਂ ਤਕ ਪਹੁੰਚਾਇਆ ਜਾ ਸਕੇ।  ਇਸੇ ਕਰਕੇ ਸਿੱਖ  ਇਹ ਸਮਝ ਹੀ ਨਹੀਂ ਸਕੇ ਕਿ ਇਸ  ਵਿੱਚ ਕੀ ਕੁਝ ਲਿਖਿਆ ਹੋਇਆ ਹੈ। ਅੱਜ ਵਕਤ ਆ ਗਇਆ ਹੈ ਕਿ ਇਸ ਕੰਮ ਲਈ  ਸਾਨੂੰ ਸਾਰਿਆਂ ਨੂੰ ਅਗੇ ਆਉਣਾਂ ਹੀ ਪਵੇਗਾ,  ਬੁਰਾ ਬਣ ਕੇ, ਨਿਰਲੱਜ ਬਣ ਕੇ ਬੇਸ਼ਰਮ ਬਨਣ ਕੇ, ਇਸ ਗੰਦ ਨੂੰ ਕੌਮ ਅਗੇ ਖੋਲ ਕੇ ਰੱਖਣਾਂ ਪਵੇਗਾ। ਵੀਰੋ! ਜੇ ਹੁਣ ਵੀ ਅਸੀਂ ਬੇਸ਼ਰਮ ਨਾਂ ਹੋਏ, ਨਿਰਲੱਜ ਨਾਂ ਹੋਏ ਤੇ ਆਉਣ ਵਾਲੇ ਸਮੇਂ ਅੰਦਰ ਸਾਰੀ ਕੌਮ ਬੇਸ਼ਰਮ ਅਤੇ ਨਿਰਲੱਜ ਅਖਵਾਏਗੀ। ਇਸ ਲਈ ਭਾਵੇ ਸਾਡਾ ਅੰਤ ਹੋ ਜਾਵੇ, ਅਸੀਂ ਵੀ ਦਸਮ ਗ੍ਰੰਥੀਆਂ ਪਾਸੋਂ ਛੇਕ ਦਿਤੇ ਜਾਈਏ ,  ਲੇਕਿਨ ਇਸ  "ਕੂੜ ਗ੍ਰੰਥ" ਦੀ ਅਸਲੀਅਤ ਦਾ ਸਿੱਖਾਂ ਨੂੰ ਪਤਾ ਲਗਣਾਂ ਬਹੁਤ ਜਰੂਰੀ ਹੈ। ਇਸ ਅਸ਼ਲੀਲ ਕਵਿਤਾ ਬਾਰੇ ਕੌਮ ਨੂੰ ਦਸਦੇ ਹਾਂ,  ਤੇ ਆਪ ਬੇਸ਼ਰਮ ਅਖਵਾਂਦੇ ਹਾਂ।  ਜੇ ਨਹੀਂ ਦਸਦੇ , ਤੇ ਪੂਰੀ ਕੌਮ ਹੀ ਬੇਸ਼ਰਮ ਅਖਵਾਏਗੀ। ਜੇ ਪੰਥ ਹੈ ਤਾਂ ਹੀ ਅਸੀਂ ਹਾਂ, ਜੇ ਪੰਥ ਹੀ ਨਹੀਂ ਤੇ ਸਾਡੇ ਹੋਣ ਦਾ ਕੀ ਫਾਇਦਾ?  
"ਦਸਮ ਬਾਣੀ"  ਦੇ ਨਾਮ ਤੇ ਉਸ ਸਰਬੰਸਦਾਨੀ ਗੁਰੂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜੋ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁਕਾ ਹੈ। ਗੁਰੂ ਗ੍ਰੰਥ ਸਾਹਿਬ ਨੂੰ "ਇਕੋ ਇਕ" ਗੁਰੂ ਮਨਣ ਵਾਲੇ ਹਰ ਸਿੱਖ  ਨੂੰ ਚਾਹੀਦਾ ਹੈ ਕਿ ਸਿੱਖ ਕੌਮ ਦੇ "ਅਮੀਰ ਵਿਰਸੇ" ਨੂੰ"ਸ਼ਹੀਦਾਂ ਅਤੇ ਮਰਜੀਵੜਿਆਂ " ਦੇ ਇਤਿਹਾਸ ਨੂੰ, ਉਨਾਂ ਦੀਆਂ ਕੁਰਬਾਨੀਆਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਤੇ ਸਿਧਾਂਤਾਂ ਨੂੰ ,ਦਸ ਗੁਰੂ ਜਾਮਿਆਂ ਦੀ ਵਿਰਾਸਤ ਨੂੰ,  ਅਪਣੇ ਅਖੀਰਲੇ ਸਾਹਾਂ ਤਕ ਬਦਨਾਮ ਨਾਂ ਹੋਣ ਦੇਈਏ। ਬਹੁਤ ਸੰਕੋਚ ਕਰਕੇ ਇਹ ਵਿਸ਼ਾ ਪੰਥ ਅਗੇ ਖੋਲ ਕੇ ਰਖਣ ਦਾ ਫੈਸਲਾ ਕੀਤਾ ਹੈ, ਤਾਂਕਿ ਕੌਮ ਨੂੰ,  ਸਿੱਖਾਂ ਨੂੰ ਇਹ ਪਤਾ ਲਗ ਸਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਦਨਾਮ ਕਰਨ ਲਈ ਸਾਡੇ ਨਾਲ ਕਿਨੀ ਵਡੀ ਸਾਜਿਸ਼ ਰਚੀ ਗਈ ਹੈ। ਮੈਂ ਅਪਣੀਆ ਧੀਆ, ਭੈਣਾਂ ਅਤੇ ਬੱਚਿਆ ਨੂੰ ਇਹ ਗੁਜਾਰਿਸ਼ ਕਰਦਾ ਹਾਂ ਕਿ ਇਸ ਅਸ਼ਲੀਲ ਸਾਹਿਤ ਨੂੰ, ਜਿਸਨ ਨੂੰ ਗੁਰੂ ਚਾਹਿਆ ਤੇ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿਚ ਖੋਲਿਆ ਜਾਵੇਗਾ, ਉਹ ਨਾਂ ਪੜ੍ਹਨ ਤੇ ਚੰਗਾ ਹੈ। ਫੇਰ ਵੀ ਜੇ ਕਿਸੇ ਦੇ ਮੰਨ ਵਿੱਚ ਇਹ ਗਲ ਆ ਰਹੀ ਹੈ ਕਿ ਅਸੀਂ ਕੁਝ ਝੂਠ ਅਤੇ ਗਲਤ ਲਿਖ ਰਹੇ ਹਾਂ, ਤੇ ਉਹ ਇਸ ਅਸ਼ਲੀਲਤਾ ਨੂੰ ਪੜ੍ਹ ਕੇ ਇਹ ਅਨੁਮਾਨ ਜਰੂਰ ਲਗਾ ਲੈਣ ਕਿ ਇਹ ਗੁਰੂ ਕ੍ਰਿਤ ਹੋ ਜਾਂ ਦਸਮ ਪਿਤਾ ਨੂੰ ਬਦਨਾਮ ਕਰਨ ਦੀ ਇਕ ਘਿਨੌਨੀ ਸਾਜਿਸ਼ ਪੰਥ ਦੋਖੀਆਂ ਨੇ ਸਾਡੇ ਨਾਲ ਖੇਡੀ ਹੈ।
ਇਹ ਰਚਨਾਂ, ਦਸਮ ਗ੍ਰੰਥੀਆਂ ਦੀ ਇਸ ਸਾਜਿਸ਼ ਦੀ  ਸਭਤੋਂ "ਕਮਜੋਰ ਕੜੀ"  ਹੈ। ਇਸ ਦਾ  ਜਿਕਰ ਆਉਦੇ ਹੀ ਉਹ, ਗੂੰਗੇ ਥੱਥੇ ਹੋ ਜਾਂਦੇ ਨੇ। ਕੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਐਸੀ ਬਾਣੀ ਹੈ ਜਿਸਨੂੰ ਛੁਪਾਇਆ ਜਾਂਦਾ ਹੋਵੇ? ਜਾਂ ਨਾਂ ਪੜ੍ਹਿਆ ਜਾਂਦਾ ਹੋਵੇ? ਫੇਰ ਇਸ ਕਿਤਾਬ ਦੀ ਇਹ ਰਚਨਾਂ ਸੰਗਤ ਕੋਲੋਂ ਕਿਉ ਛੁਪਾ ਕੇ ਰਖੀ ਜਾਂਦੀ ਹੈ। ਚਰਿਤ੍ਰਯੋ ਪਾਖੀਯਾਨ ਦਾ ਕੀਰਤਨ ਦਰਬਾਰ ਸਾਹਿਬ ਤੋਂ ਕਿਉ ਨਹੀਂ ਕਰਵਾਇਆ ਜਾਂਦਾ?
ਪਿਛਲੇ ਦਿਨੀ ਪੰਥ ਦੇ ਇਕ ਪ੍ਰਚਾਰਕ ਨੇ ਜਦੋਂ ਸਕਤਰੇਤ ਵਿੱਚ ਪੇਸ਼ ਹੋ ਕੇ ਸਿੱਖ ਰਹਿਤ ਮਰਿਯਾਦਾ ਦੇ ਦੋਖੀ ਗ੍ਰੰਥੀਆਂ ਅਗੇ ਲਿਖਿਤ ਮਾਫੀ ਨਾਮਾਂ ਦਿਤਾ, ਤੇ ਬਾਹਰ ਆਉਂਦਿਆਂ ਹੀ ਕੁਝ ਸ਼੍ਰੋਮਣੀ ਕਮੇਟੀ ਅਤੇ ਹੈਡ ਗ੍ਰੰਥੀ ਦੇ ਝੋਲੀਚੁਕ  ਰਾਗੀਆਂ ਨੇ ਉਸ ਪ੍ਰਚਾਰਕ ਨੂੰ ਇਹ ਕਹਿਆ ਕਿ "ਇਸ ਨੂੰ ਕੜੀ ਤੋਂ ਕੜੀ ਸਜਾ ਲਾਈ ਜਾਵੇ , ਤੇ ਅਸੀਂ ਦਸਮ ਬਾਣੀ ਦਾ ਕੀਰਤਨ ਕਰਾਂਗੇ ਤੇ ਇਹ ਬਹਿ ਕੇ ਸੁਣੇਗਾ "। ਉਹ ਡਰਿਆ ਹੋਇਆ ਪ੍ਰਚਾਰਕ ਤੇ ਇਸਦਾ ਕੋਈ ਮਾਕੂਲ ਜਵਾਬ ਉਨਾਂ ਨੂੰ ਨਾਂ ਦੇ ਸਕਿਆ। ਉਸ ਪ੍ਰਚਾਰਕ ਦੀ ਥਾਂ ਜੇ ਇਹ ਸ਼ਬਦ ਉਨਾਂ ਰਾਗੀਆਂ ਨੇ ਮੈਨੂੰ ਕਹੇ ਹੁੰਦੇ ਤੇ ਮੈਂ ਕਹਿੰਦਾ ਕਿ ਤੁਹਾਡੀ ਇਹ ਧਮਕੀ ਅਤੇ ਚੁਨੌਤੀ ਨੂੰ ਮੈਂ ਸਵੀਕਾਰ ਕਰਦਾ ਹਾਂ। ਇਕ ਘੰਟਾ ਕੀਤੁਸੀਂ ਸਾਰਾ ਦਿਨ, ਸਾਰਾ ਹਫਤਾ ਜਾਂ ਸਾਰਾ ਸਾਲ ਅਪਣੇ ਗੁਰੂ ਦੀ "ਚਰਿਤ੍ਰਯੋ ਪਾਖੀਯਾਨ" ਦਾ ਕੀਰਤਨ ਦਰਬਾਰ ਸਾਹਿਬ ਤੋਂ ਕਰੋ, ਮੈਂ ਗੁਰੂ ਦਾ ਸਿੱਖ ਨਹੀਂ ਜੇ ਰੋਜ ਉਥੇ ਬਹਿ ਕੇ "ਤੁਹਾਡੀ ਇਸ ਦਸਮ ਬਾਣੀ ਨੂੰ ਜੇ ਨਾਂ ਸੁਣਾਂ"। ਜੇ ਐਸਾ ਹੋ ਸਕੇ ਤੇ ਸਾਡਾ ਸਾਰਾ ਕੰਮ ਤੇ ਇਹ ਦਸਮ ਗ੍ਰੰਥੀ ਹੀ ਪੂਰਾ ਕਰ ਦੇਂਣਗੇ। ਇਨਾਂ ਦਸਮ ਗ੍ਰੰਥੀਆਂ ਨੂੰ ਪੂਰੀ ਕੌਮ ਸੜਕ ਤੇ ਵੱਟੇ ਮਾਰ ਮਾਰ ਕੇ ਭਜਾਏਗੀ, ਤੇ ਪੁਛੇਗੀ ਕਿ ਇਸ ਨੂੰ ਤੁਸੀਂ "ਦਸਮ ਬਾਣੀ" ਕਹਿੰਦੇ ਹੋ? ਇਹ ਬਹੁਤ ਸਿਆਣੇ ਨੇ, ਇਹ ਇਸ ਅਸ਼ਲੀਲਤਾ ਨੂੰ ਕੌਮ ਸਾਮ੍ਹਣੇ ਇਸੇ ਕਰਕੇ ਨਹੀਂ ਰਖਦੇ, ਕਿ ਜੇ ਇਹ ਕਹਾਣੀਆਂ ਖੁਲ ਗਇਆ ਤੇ ਇਸ ਕੂੜ ਕਿਤਾਬ ਦਾ ਵੀ ਨਾਲ ਹੀ ਭੌਗ ਪੈ ਜਾਣਾ ਹੈ। ਅਕਾਲ ਤਖਤ ਦਾਹੈਡ ਗ੍ਰੰਥੀ ਜੋ ਇਹ ਕਹਿੰਦਾ ਨਹੀਂ ਥਕਦਾ ਕਿ ਇਹ "ਦਸਮ ਬਾਣੀ " ਹੈ,  ਉਸ ਵਿੱਚ ਵੀ ਇਹ ਹਿੱਮਤ ਨਹੀਂ ਕਿ ਉਹ ਇਸ ਅਸ਼ਲੀਲ ਬਾਣੀ ਨੂੰ ਸੰਗਤ ਵਿੱਚ ਪੜ੍ਹ ਸਕੇ। ਮੇਰੇ ਪਿਆਰੇ ਵੀਰੋ! ਇਨਾਂ  ਕੋਲੋਂ ਡਰਨ ਵਾਲੇ ਬਹੁਤੇ ਹਨ, ਇਨਾਂ ਨੂੰ ਜਵਾਬ ਦੇਣ ਵਾਲਾ ਕੋਈ ਨਹੀਂ। ਜਿਸ ਦੇ ਗੁਰੂ ਤੇ ਤੋਹਮਤਾਂ ਲਗ ਰਹੀਆਂ ਹੋਣ, ਉਹ ਇਨਾਂ ਕੋਲੋਂ ਡਰੇਗਾ ਕਿ ਜੋ ਗੁਰੂ ਨੂੰ ਅਸ਼ਲੀਲ ਕਹਾਣੀਆਂ ਲਿਖਣ ਵਾਲਾ ਕਹਿ ਕਿ ਬਦਨਾਮ ਕਰ ਰਿਹਾ ਹੋਵੇ ਉਹ ਸਾਡੇ ਕੋਲੋਂ ਡਰੇਗਾ। ਬਸ ! ਇਹੀ ਗਲ ਜੇ ਸਾਰਿਆ ਦੀ ਸਮਝ ਵਿਚ ਆ ਜਾਵੇ ਤੇ ਇਨਾਂ ਨੂੰ ਭਾਜੜਾਂ ਪੈਂਦਿਆ ਝੱਟ ਵੀ ਨਹੀਂ ਲਗਣੀ।
ਵੈਸੇ ਵੀ ਅਕਾਲ ਤਖਤ  ਦੇ ਹੈਡ ਗ੍ਰੰਥੀ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਉਸਨੂੰ ਇਹ ਸਟੇਟਮੇਂਟ ਦੇਣ ਤੋਂ ਪਹਿਲਾਂ ਕਿ "ਦਸਮਗ੍ਰੰਥ ਗੁਰੂ ਰਚਿਤ ਬਾਣੀ ਹੈ ", 1973 ਵਿੱਚ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਹ ਸੰਦੇਸ਼ ਚੰਗੀ ਤਰ੍ਹਾਂ ਪੜ੍ਹ ਲੈਣਾਂ ਚਾਹੀਦਾ ਹੈ। ਕਿਤੇ ਬਾਦ ਨੂੰ ਇਨਾਂ ਨੂੰ  ਜਗ ਹਸਾਈ ਦਾ ਕਾਰਣ ਨਾਂ ਬਨਣਾਂ ਪੈ ਜਾਵੇ। ਸੰਦੇਸ਼ ਨੰ 36672  ਮਿਤੀ  3/4-8-1973 ਦਸਤਖਤ ਮੀਤ ਸਕੱਤਰ ਗੁਰਬਖਸ਼ ਸਿੰਘ, ਧਰਮ ਪ੍ਰਚਾਰ ਕਮੇਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਸ਼੍ਰੀ ਅੰਮ੍ਰਿਤਸਰ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾਂ ਚਾਹੀਦਾ ਹੈ। ਜਿਸ ਵਿੱਚ ਸਾਫ ਸਾਫ ਕਹਿਆ ਗਇਆ ਹੈ ਕਿ :
"ਚਰਿਤ੍ਰਯੋ ਪਾਖਿਆਨ" ਜੋ ਦਸਮ ਗ੍ਰੰਥ ਵਿੱਚ ਹਨ , ਇਹ "ਦਸਮੇਸ਼ ਬਾਣੀ" ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।"
- ਸੁਭ ਚਿੰਤਕ, ਮੀਤ ਸਕੱਤਰ (ਗੁਰਬਖਸ਼ ਸਿੰਘ),ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ।
ਗੁਰੂ ਦੀ ਬਾਣੀ ਤੇ "ਅੰਮ੍ਰਿਤ"  ਹੁੰਦੀ ਹੈ, ਉਸ ਦਾ ਪ੍ਰਸਾਰ ਅਤੇ ਪ੍ਰਸਾਰ ਵਧ ਤੋਂ ਵੱਧ ਕੀਤਾ ਜਾਣਾਂ ਚਾਹੀਦਾ ਹੈ। ਫੇਰ ਇਨਾਂ ਅਸ਼ਲੀਲ ਅਤੇ ਫੂਹੜ ਕਹਾਣੀਆਂ ਨੂੰ ਪੰਥ ਕੋਲੋਂ ਕਿਉ ਛੁਪਾਇਆ ਜਾਂਦਾ ਹੈ, ਉਸਨੂੰ ਰੁਮਾਲਿਆ ਹੇਠ ਕਿਉ ਢਕਿਆ ਜਾਣਾ ਹੈ? ਇਸ ਕਿਤਾਬ ਦਾ ਪ੍ਰਕਾਸ਼ (ਹਨੇਰਾ) ਦੋ ਤਖਤਾਂ ਤੇ ਹੁੰਦਾ ਹੈ। ਉਥੇ ਇਸ ਵਿਚੋਂ ਵਾਕ ਵੀ ਲਿਆ ਜਾਂਦਾ ਹੈ। ਇਹ ਵਾਕ ਕਦੀ ਵੀ ਇਨਾਂ 579 ਪਨਿਆਂ ਵਿਚੋਂ ਕਿਉ ਨਹੀਂ ਨਿਕਲਦਾ? ਇਸ ਦੀ ਵਜਿਹ ਬਿਲਕੁਲ ਸਾਫ ਹੈ, ਕਿ ਜੇ ਇਸ ਵਿਚੋ ਹੇਠ ਲਿਖਿਆ  "ਮੁਖ ਬਕਵਾਸ" ਨਿਕਲ ਆਇਆ ਤੇ ਇਹ ਦਸਮ ਗ੍ਰੰਥੀਏ ਕੀ ਕਰਨਗੇ?  ਇਸ ਨੂੰ ਬੋਰਡ ਤੇ ਲਿਖ ਕੇ ਇਸ ਦਾ ਕੀ ਅਰਥ ਲਿਖਣਗੇ? ਇਸ ਦਾ ਜਵਾਬ ਤੇ ਅਕਾਲ ਤਖਤ ਦਾ ਹੈਡ ਗ੍ਰੰਥੀ ਵੀ ਨਹੀਂ ਦੇ ਸਕੇਗਾ, ਜੋ ਇਹ ਕਹਿੰਦਾ ਫਿਰਦਾ ਹੈ ਕਿ ਇਸਨੂੰ ਕਿਤਾਬ ਨਾਂ ਕਹੋ,  ਇਹ ਇਕ ਗੁਰੂ ਰਚਿਤ ਗ੍ਰੰਥ ਹੈ। ਜੇ ਕੋਈ ਦਸਮ ਗ੍ਰੰਥੀ ਇਹ ਦਸਣ ਦੀ ਕਿਰਪਾਲਤਾ ਕਰੇ ਕਿ ਇਸ ਕਿਤਾਬ ਵਿਚੋਂ ਇਹੋ ਜਹਿਆ  "ਮੁਖ ਬਕਵਾਸ"  ਕੁਉ ਨਹੀਂ ਨਿਕਲਦਾ? ਤੇ ਉਸ ਦੀ ਬਹੁਤ ਮੇਹਰਬਾਨੀ ਹੋਵੇਗੀ।
ਪ੍ਰਥੰਮ ਜਾਰ ਜਬ ਧਕਾ ਲਗਾਯੌ ॥ ਤਬ ਰਾਨੀ ਲੈ ਢੌਲ ਬਜਾਯੋ॥
ਜਬ ਤਿਹ ਲਿੰਗ ਸੁ ਭਗ ਤੇ ਕਾਢਾ॥ ਤ੍ਰਿਯ ਦਿਲ ਢੋਲ ਢਮਾਕਾ ਗਾਢਾ॥ ਪੰਨਾਂ ਨੰ. 1342 ਅਖੌਤੀ ਦਸਮ ਗ੍ਰੰਥ
ਜੇ ਇਹ ਅਸ਼ਲੀਲ ਰਚਨਾ ਗੁਰੂ ਕ੍ਰਿਤ ਹੁੰਦੀ ਤੇ ਦਸਮ ਗ੍ਰੰਥ ਨੂੰ ਛਾਪਣ ਵਾਲੀ ਕਿਸੇ ਵੈਬਸਾਈਟ ਨੇ ਤੇ ਇਸਦੇ ਅਰਥ ਲਿਖੇ ਹੁੰਦੇ। ਪ੍ਰੋਫੇਸਰ ਸਾਹਿਬ ਸਿੰਘ ਨੇ ਵੀ ਇਸ ਦਾ ਟੀਕਾ ਨਹੀਂ ਕੀਤਾ। gurugranthdarpan.com ਅਤੇ searchgurbani.com ਨੇ ਵੀ ਇਸ ਅਸ਼ਲੀਲ ਰਚਨਾਂ ਦੀ ਟ੍ਰਾਂਸਲੇਸ਼ਨ ਨਹੀਂ ਕੀਤਾ ਹੈ। ਕੀ ਇਹ ਹੀ ਹੈ "ਦਸਮ ਬਾਣੀ " ਜਿਸ ਬਾਰੇ ਗਲ ਕਰਨਾਂ  ਵੀ ਕੋਈ ਨਿਰਲੱਜਤਾ ਹੀ ਸਮਝਦਾ ਹੈ? ਹਾਂ ਇਕ ਦੋ  ਦਸਮ ਗਰੰਥੀਆਂ ਨੇ ਇਸ ਬਾਰੇ ਬਹੁਤ ਹੀ ਬੇਸ਼ਰਮ ਹੋ ਕੇ ਯੂ ਟਿਉਬ ਤੇ ਇਕ ਦੋ ਵੀਡੀਉ ਪਾਇਆਂ ਹੋਈਆ ਹਨ। ਤੁਸੀਂ ਆਪ ਹੇਠ ਦਿਤੇ ਲਿੰਕ ਤੇ ਦੇਖ ਸੁਣ ਕੇ ਨਿਰਣਾਂ ਕਰ ਸਕਦੇ ਹੋ ਕਿ ਇਹ ਅੱਤ ਦਰਜੇ ਦੀ ਗੰਦੀ ਰਚਨਾਂ, ਸਿੱਖੀ ਨੂੰ ਪ੍ਰਫੁਲਿਤ ਕਰ ਰਹੀ ਹੈ,  ਕੇ ਸਿੱਖੀ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰ ਰਹੀ ਹੈ। ਸਾਰੀ ਦੁਨੀਆ ਇਨਾਂ ਵੀਡੀਉ ਨੂੰ ਵੇਖ ਰਹੀ ਹੈ। ਇਸ ਤੋਂ ਪੂਰੀ ਦੁਨੀਆਂ ਵਿਚ ਕੀ ਸੰਦੇਸ ਜਾ ਰਿਹਾ ਹੈ ਕਿ ਸਾਡਾ ਗੁਰੂ ਇਸ ਤਰ੍ਹਾਂ ਦਾ ਸੀ।

ਜਦੋਂ ਇਨਾਂ ਕੋਲ ਇਨਾਂ ਸਵਾਲਾਂ ਬਾਰੇ ਕੋਈ ਜਵਾਬ ਨਹੀਂ ਹੁੰਦਾ ਕਿ " ਇਹ ਅਸ਼ਲੀਲ ਰਚਨਾਂ ਕੀ ਗੁਰੂ ਰਚਿਤ ਹੈ ?"  ਅਤੇ "ਇਸ ਤੋਂ ਇਕ ਸਿੱਖ ਨੂੰ ਕੀ ਸਿਖਿਆ ਮਿਲਦੀ ਹੈ ?"  ਤੇ ਇਹ ਪਹਿਲਾਂ ਤੇ ਡਾਂਗਾਂ ਚੁੱਕ ਲੈਂਦੇ ਨੇ। ਫੇਰ ਪੰਥ ਤੋਂ ਛੇਕਣ ਦਾ ਡਰ ਵਿਖਾਉਂਦੇ ਨੇ। ਜੇ ਗੁਰੂ ਦਾ ਕੋਈ ਪਿਆਰਾ ਇਨਾਂ ਦੀ ਕਿਸੇ "ਗਿੱਦੜ ਭਬਕੀ" ਤੋਂ ਨਾਂ ਡਰੇ,  ਤੇ  ਇਹ ਵਿਚਾਰ ਦੇ ਨਾਮ ਤੇ ਕੁਝ ਹਥਕੰਡੇ ਅਕਸਰ ਅਪਨਾਂਦੇ ਹਨ , ਜਿਨਾਂ ਬਾਰੇ ਆਪ ਜੀ ਨੂੰ ਦਸਣਾਂ ਬਹੁਤ ਜਰੂਰੀ ਹੈ । 
1-  ਇਨਾਂ ਕੋਲ ਇਸ "ਅਸ਼ਲੀਲ ਰਚਨਾਂ" ਨੂੰ "ਜਸਟੀਫਾਈ"  ਕਰਨ ਲਈ  ਹੋਰ ਤਾਂ ਕੋਈ ਦਲੀਲ ਹੁੰਦੀ ਨਹੀਂ ਇਹ ਕਹਿੰਦੇ ਨੇ "ਵੇਖੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ , ਵੀ ਤੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ।"  ਲੇਕਿਨ ਉਹ ਇਹ ਕਹਿ ਕੇ ਬਹੁਤਿਆ ਨੂੰ ਤਾਂ ਚੁਪ  ਕਰਾ ਸਕਦੇ ਨੇ,  ਲੇਕਿਨ  ਜੇ ਇਨਾਂ ਨੂੰ ਇਹ ਕਹੀਏ ਕਿ ਉਨਾਂ ਦੀ "ਚਰਿਤ੍ਰਯੋ ਪਾਖਿਯਾਨ" ਦੀ ਵਿਆਖਿਆ ਦੀ ਕੋਈ ਵੀਡਿਉ ਪਾ ਦਿਉ,  ਤੇ ਇਹ ਭੱਜ ਖਲੋਂਦੇ ਨੇ। ਉਸ ਤੋਂ ਬਾਦ ਇਹ ਸੰਤ ਸਿੰਘ ਮਸਕੀਨ ਦੀ ਇਕ ਵੀਡੀਉ ਦਾ ਜਿਕਰ ਕਰਦੇ  ਨੇ , ਜਿਸ ਵਿੱਚ ਇਸ ਗੰਦ ਨੂੰ "ਕਾਮ" ਦੀ "ਵਿਆਖਿਆ" ਦੇ ਰੂਪ ਵਿੱਚ ਬਹੁਤ ਹੀ ਹਾਸੋ ਹੀਣੇ ਢੰਗ ਨਾਲ ਪੇਸ਼ ਕੀਤਾ ਗਇਆ ਹੈ।  ਕੋਈ ਕਥਾਕਾਰ ਅਤੇ ਪ੍ਰਚਾਰਕ  ਕਿਸੇ ਵੀ ਗਲ ਨੂੰ ਅਪਣੇ ਅਧਐਨ ਅਤੇ ਸੋਚ ਅਨੁਸਾਰ ਹੀ ਬਿਆਨ ਕਰਦਾ ਹੈ , ਜੋ ਉਸ ਦੀ ਨਿਜੀ ਸੋਚ ਹੋ ਸਕਦੀ ਹੈ । ਉਸ ਦੇ ਵੀਚਾਰਾਂ ਦੀ ਪੜਚੋਲ ਕਰਨ ਲਈ ਉਸਦੇ ਪਿਛੋਕੜ ਵਲ ਵੀ ਝਾਤੀ ਮਾਰਨੀ ਪੈਂਦੀ  ਹੈ । ਜਿਸ ਕਥਾਕਾਰ ਦਾ ਪਿਛੋਕੜ ਹੀ "ਨਿਰਮਲਿਆ" ਅਤੇ "ਸਾਧਾਂ"  ਵਾਲਾ ਰਿਹਾ ਹੋਵੇ, ਅਤੇ ਉਹ ਆਪ ਪੱਕਾ "ਦਸਮ ਗ੍ਰੰਥੀ" ਰਿਹਾ ਹੋਵੇ ਉਸ ਨੇ ਤਾਂ ਉਸ ਨੂੰ ਹੀ ਪ੍ਰਮੋਟ ਕਰਨਾਂ ਹੈ। ਫੇਰ ਸੰਤ ਸਿੰਘ ਮਸਕੀਨ ਹੋਰਾਂ ਦਾ ਇਤਿਹਾਸ ਹੀ ਦਸਮ ਗ੍ਰੰਥ ਦਾ ਵਿਰੋਧੀ ਰਿਹਾ ਹੈ , ਜਿਨਾਂ ਨੇ ਪੰਥ ਦੇ ਬਜੁਰਗ ਵਿਦਵਾਨ ਭਾਈ ਭਾਗ ਸਿੰਘ ਅੰਬਾਲਾ ( "ਦਸਮ ਗ੍ਰੰਥ ਨਿਰਣੈ" ਦੇ ਲਿਖਾਰੀ)  ਨੂੰ 85 ਵਰ੍ਹੇ ਦੀ ਬਜੁਰਗ ਅਵਸਥਾ ਵਿੱਚ ,  ਅਕਾਲ ਤਖਤ ਦੇ ਹੈਡ ਗ੍ਰੰਥੀ ਦੇ ਕੰਨ ਭਰਕੇ , ਪੰਥ ਤੋਂ ਬੇ ਦਖਲ ਕਰਵਾ ਦਿੱਤਾ ਸੀ। ਸੰਤ ਸਿੰਘ ਮਸਕੀਨ ਨਾਲ ਦਾਸ ਅਤੇ ਕੁਝ ਸਾਥੀਆਂ ਦੀ ਇਕ ਮੁਲਾਕਾਤ ਉਨਾਂ ਦੇ ਅਕਾਲ ਚਲਾਣੇ ਤੋਂ ਇਕ ਦਿਨ ਪਹਿਲਾਂ ਇਸ ਵਿਸ਼ੈ ਤੇ ਹੋਈ ਸੀ ,ਜਿਸ ਵਿੱਚ ਉਨਾਂ ਨੇ ਸਵੀਕਾਰ ਕੀਤਾ ਸੀ ਕਿ " ਉਹ ਇਕ ਪੇਸ਼ੇਵਰ ਕਥਾਕਾਰ ਨੇ ,ਕੋਈ ਸਮਾਜ ਸੁਧਾਰਕ ਨਹੀਂ।" ਇਸ ਬਾਰੇ ਗਲ ਕਰਕੇ ਦਾਸ ਇਸ ਲੇਖ ਨੂੰ ਹੋਰ ਬਹੁਤਾ ਲੰਮਾ ਨਹੀਂ ਕਰਨਾਂ ਚਾਂਉਦਾ। ਪੰਥ ਦਰਦੀਆ ਅਤੇ ਵਿਦਵਾਨਾਂ ਲਈ ਇਹ ਗਲ ਕੋਈ ਨਵੀ ਨਹੀਂ ਹੈ ਜਿਨਾਂ ਵੀਰਾਂ ਨੂੰ ਇਸ ਬਾਰੇ ਪਤਾ ਨਾਂ ਹੋਵੇ ਉਹ ਹੇਠ ਦਿਤੇ ਦੋ ਲੇਖ ਜਰੂਰ ਪੜ੍ਹ ਲੈਨ।

ਇਥੇ ਇਹ ਗਲ ਵੀ ਸਮਝਣ ਵਾਲੀ ਹੈ ਕਿ,  ਪੰਥ ਦਾ ਕੋਈ ਵੀ ਵਿਦਵਾਨ ਜਾਂ ਸ਼ਖਸ਼ਿਯਤ ਇਸ ਕਿਤਾਬ ਦਾ ਹਿਮਾਇਤੀ ਵੀ ਹੋ ਸਕਦਾ ਹੈ ਤੇ ਇਸ ਦਾ ਵਿਰੋਧੀ ਵੀ ਹੋ ਸਕਦਾ ਹੈ , ਜੋ ਉਸ ਦੇ ਅਧਿਐਨ ਅਤੇ ਨਿਜੀ ਸੋੱਚ ਮੁਤਾਬਿਕ ਹੀ ਨਿਰਧਾਰਿਤ ਹੁੰਦਾ  ਹੈ।  ਇਹ ਬਿਲਕੁਲ ਹੀ ਸਿਧਾਂਤਕ ਨਹੀਂ,  ਕਿ ਜੇ ਅਸੀਂ ਦਸਮ ਗ੍ਰੰਥ ਦੇ ਹਿਮਾਇਤੀ ਹਾਂ,  ਤੇ ਅਸੀਂ ਜਰਨੈਲ ਸਿੰਘ ਭੀੰਡਰਵਾਲਿਆਂ  ਨੂੰ ਜਾਂ ਸੰਤ ਸਿੰਘ ਮਸਕੀਨ ਨੂੰ ਅਗੇ ਕਰ ਦੇਈਏ। ਜੇ ਇਹ ਦਸਮ ਗ੍ਰੰਥੀ ਅਪਣੇ ਪੱਖ ਨੂੰ ਸਹੀ ਸਾਬਿਤ ਕਰਨ ਲਈ ਜਰਨੈਲ ਸਿੰਘ ਭੀੰਡਰਵਾਲਾ ਅਤੇ ਸੰਤ ਸਿੰਘ ਮਸਕੀਨ ਦੀ ਗਲ ਕਰਦੇ ਨੇ । ਫੇਰ ਜੇ   ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ  , ਦਸਮ ਗ੍ਰੰਥ ਨੂੰ ਰੱਦ ਕਰਨ ਵਾਲੀਆਂ ਸਖਸ਼ਿਯਤਾਂ ਨੂੰ ਕੋਟ ਕਰਦੇ ਨੇ ਤੇ ਇਹ ਉਨਾਂ ਨੂੰ ਕਿਉ ਗਾਲ੍ਹਾਂ ਕਡਦੇ ਨੇ ? ਅਪਣੇ ਵਿਚਾਰ  ਅਤੇ ਗਲ ਕਰਨ ਦਾ ਅਧਿਕਾਰ ਤੇ ਦਸਮ ਗ੍ਰੰਥ  ਦੇ ਵਿਰੋਧੀਆਂ ਨੂੰ ਵੀ ਉਨਾਂ ਹੀ ਹੈ ਜਿਨਾਂ ਕਿ ਦਸਮ ਗ੍ਰੰਥ ਦੇ ਹਿਮਾਇਤੀਆਂ ਨੂੰ। ਰਤਨ ਸਿੰਘ ਜੱਗੀ,  ਗਿਆਨੀ ਭਾਗ ਸਿੰਘ ਅੰਬਾਲਾ, ਪ੍ਰੋਫੇਸਰ ਦਰਸ਼ਨ ਸਿੰਘ,  ਸ. ਦਲਬੀਰ ਸਿੰਘ, ਐਮ ਐਸ ਸੀ,  ਭਾਈ ਜਸਬਿੰਦਰ ਸਿੰਘ ਦੁਬਈ,  ਡਾ ਹਰਜਿੰਦਰ ਸਿੰਘ ਦਿਲਗੀਰ, ਤੱਤ ਗੁਰਮਤਿ ਪਰਿਵਾਰ,  ਗੁਰਚਰਣ ਸਿੰਘ ਜਿਉਣਵਾਲਾ, ਡਾ. ਗੁਰਮੁਖ ਸਿੰਘ ਦਿੱਲੀ, ਉਪਕਾਰ ਸਿੰਘ   ਸੁਰਿੰਦਰ ਸਿੰਘ  ਫਰੀਦਾਬਾਦ, ਪ੍ਰਿੰਸੀਪਲ ਸੁਰਜੀਤ ਸਿੰਘ, ਮਿਸ਼ਨਰੀ,  ਇੰਦਰ ਸਿੰਘ ਘੱਘਾ, ਗਿਆਨੀ ਜਗਤਾਰ ਸਿੰਘ ਜਾਚਕ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਵਰਗੇ ਵਿਦਵਾਨ  ਜਦੋ ਦਸਮ ਗ੍ਰੰਥ ਦੇ ਵਿਰੋਧ ਵਿਚ ਗਲ ਕਰਦੇ  ਨੇ ਉਸ ਵੇਲੇ  ਇਹ ਦਸਮ ਗ੍ਰੰਥੀ ਉਨਾਂ ਦੇ ਵਿਚਾਰਾਂ ਨੂੰ ਸਵੀਕਾਰ ਕਿਉ ਨਹੀਂ ਕਰਦੇ ?

ਇਹ ਦਸਮ ਗ੍ਰੰਥੀਏ ਇਨਾਂ ਵਿਦਵਾਨਾਂ ਨੂੰ ਫੇਸਬੁਕ ਅਤੇ ਅਪਣੀਆਂ ਵੇਬਸਾਈਟਾਂ ਤੇ ਅਕਸਰ  ਅਪਮਾਨਿਤ ਕਰਦੇ ਅਤੇ ਇਨਾਂ ਸਖਸਿਯਤਾਂ ਨੂੰ ਗਾਲ੍ਹਾਂ ਕਡ੍ਹਦੇ ਅਤੇ ਇਨਾਂ ਦੀ ਨਿੰਦਾ ਕਰਦੇ ਹੀ ਵੇਖੇ ਜਾਂਦੇ  ਨੇ। ਕੀ ਡਾਂਗਾਂ ਅਤੇ ਬਰਛਿਆਂ ਨਾਲ ਕਿਸੇ ਮਸਲੇ ਦਾ ਹਲ ਨਿਕਲ ਸਕਦਾ ਹੈ ? ਜਿਨਾਂ ਕੋਲ ਵਿਚਾਰ ਅਤੇ ਗਿਆਨ ਹੁੰਦਾ ਹੈ ਉਹ "ਗਿਆਨ ਖੜਗ"  ਦਾ ਇਸਤੇਮਾਲ ਕਰਦੇ ਨੇ । ਜਿਨਾਂ ਕੋਲ ਨਾਂ ਵਿਚਾਰ ਹੈ ਅਤੇ ਨਾਂ ਹੀ ਗਿਆਨ ਉਨਾਂ ਦਾ ਹਥਿਆਰ ਤੇ ਸਿਰਫ ਡਾਂਗਾਂ ਬਰਛੇ ਹੀ ਹੋ ਸਕਦਾ ਹੈ । ਪ੍ਰੋਫੇਸਰ ਦਰਸ਼ਨ ਸਿੰਘ, ਇੰਦਰ ਸਿੰਘ ਘੱਗਾ, ਭਾਈ ਬਲਦੇਵ ਸਿੰਘ, ਵੀਰ ਦਲਬੀਰ ਸਿੰਘ ਐਮ ਐਸ ਸੀ ਅਤੇ ਸਰਬਜੀਤ ਸਿੰਘ ਇੰਡੀਆਂ ਅਵੇਰਨੇਸ ਵਰਗੇ ਪੰਥ ਦਰਦੀਆਂ ਤੇ ਜਾਨਲੇਵਾਂ ਹਮਲੇ ਅਤੇ ਘਰ ਨੂੰ ਅੱਗਾਂ ਲਾਉਣ ਜਹੀਆਂ ਨੀਚ ਹਰਕਤਾਂ ਇਨਾਂ ਦਸਮ ਗ੍ਰੰਥੀਆਂ ਨੇ ਹੀ ਕੀਤੀਆਂ । ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਕਿਸੇ ਵਿਦਵਾਨ ਅਤੇ ਪੰਥ ਦਰਦੀ ਨੇ ਤੇ   ਰਤਿੰਦਰ ਸਿੰਘ ਇੰਦੌਰ , ਧਰਮ ਸਿੰਘ ਨਿਹੰਗ, ਗੁਰਪ੍ਰੀਤ ਸਿੰਘ ਕੈਲੇਫੋਰਨੀਆਂ, ਗੁਰਸ਼ਰਨ ਜੀਤ ਸਿੰਘ ਲਾਂਬਾਂ  ਜਾਂ ਹੈਡ ਗ੍ਰੰਥੀ ਗੁਰਬਚਨ ਸਿੰਘ ਉਤੇ ਤੇ ਕਦੀ ਹਮਲਾ ਨਹੀਂ ਕੀਤਾ ?  ਕਿਉ ? ਇਸ ਦਾ ਸਿਰਫ ਇਕੋ ਇਕ ਜਵਾਬ ਹੈ ਕਿ ਜਿਸ ਕੋਲ ਗਿਆਨ ਖੜਗ ਹੈ ਉਨਾਂ ਦਾ ਹਥਿਆਰ ਗਿਆਨ ਅਤੇ ਵਿਚਾਰ ਹੁੰਦਾ ਹੈ । ਜਿਨਾਂ ਕੋਲ  ਗਿਆਨ ਅਤੇ ਵਿਚਾਰ ਉਕਾ ਹੀ ਨਾਂ ਹੋਵੇ ਉਨਾਂ ਕੋਲ ਡਾਂਗਾਂ ਅਤੇ ਕਿਰਪਾਨ ਹੀ ਹਥਿਆਰ ਹੁੰਦਾ ਹੈ।
ਅਜ ਹੀ ਫੇਸ ਬੁਕ ਤੇ ਇਕ ਦਸਮਗ੍ਰੰਥੀਏ ਨੇ ਪ੍ਰੋਫੇਸਰ ਸਾਹਿਬ ਸਿੰਘ ਨੂੰ ਕੋਟ ਕਰਦਿਆ ਇਹ ਸਾਬਿਤ ਕਰਨਾਂ ਚਾਹਿਆ ਕਿ ਪ੍ਰੋਫੇਸਰ ਸਾਹਿਬ ਸਿੰਘ ਵੀ   ਦਸਮ ਗ੍ਰੰਥ ਦੇ ਹਿਮਾਇਤੀ  ਸਨ। ਉਸ ਨੂੰ ਜੇ ਇਹ ਪੁਛਿਆ ਗਇਆ  ਕਿ ਪ੍ਰੋਫੇਸਰ ਸਾਹਿਬ ਸਿੰਘ ਦੀ ਇਸ ਲਿਖਿਤ ਦਾ ਸ੍ਰੋਤ ਦਸਣ ਦੀ ਕਿਰਪਾਲਤਾ ਕਰੋ ?  ਤੇ ਉਹ ਭੱਜ ਖਲੋਤਾ। ਇਹ ਗਲ ਸਾਫ ਹੈ,  ਕਿ ਝੂਠ ਨੂੰ ਸੱਚ ਸਾਬਿਤ ਨਹੀਂ ਕੀਤਾ ਜਾ ਸਕਦਾ। "ਬਿਖਿਆ" ਨੂੰ "ਅੰਮ੍ਰਿਤ"  ਸਾਬਿਤ ਨਹੀਂ ਕੀਤਾ ਜਾ ਸਕਦਾ, ਭਾਵੇ ਜਿਨਾਂ ਵੀ ਜੋਰ ਲਾ ਲਿਆ ਜਾਵੇ।ਸੱਚ ਤੇ ਸੱਚ ਹੀ ਰਹਿੰਦਾ ਹੈ ਅਤੇ ਝੂਠ ਝੂਠ ਹੀ ਹੁੰਦਾ ਹੈ। ਇਹ ਉਸ ਬਿਖਿਆ ਨੂੰ ਅੰਮ੍ਰਿਤ ਸਾਬਿਤ ਕਰਨ ਲਈ ਅਪਣਾਂ ਸਾਰਾ ਬਾਰੂਦ ਅਤੇ ਅਸਲ੍ਹਾ ਖਤਮ ਕਰ ਚੁਕੇ ਹਨ। ਜਦੋ ਕਿਸੇ ਕੋਲ ਲੜਦੇ ਲੜਦੇ ਗੋਲੀਆਂ ਖਤਮ ਹੋ ਜਾਂਣ ਤੇ ਉਹ ਅਪਣੀ ਖਾਲੀ ਬੰਦੂਕ ਕਿਸੇ ਹੋਰ ਦੇ ਮੋਂਡ੍ਹੇ ਤੇ ਰਖ ਦੇੰਦਾ ਹੈ ਤੇ ਉਸ ਦੇ ਪਿਛੇ ਖਲੋ ਕੇ ਅਪਣਾਂ ਬਚਾਅਕਰਦਾ  ਹੈ। ਇਸੇ ਨੂੰ " ਕਿਸੇ ਦੇ ਮੋਂਡ੍ਹੇ ਤੇ ਬੰਦੂਕ ਰਖਣਾਂ"  ਕਹਿੰਦੇ ਨੇ। ਦਸਮ ਗ੍ਰੰਥੀਆਂ ਦਾ ਵੀ ਇਹ ਹੀ ਹਾਲ ਹੈ। ਇਸ "ਕੂੜ ਕਿਤਾਬ" ਨੂੰ ਗੁਰੂ ਕ੍ਰਿਤ ਸਬਿਤ ਕਰਨ ਲਈ ਇਨਾਂ ਦਸਮ ਗ੍ਰੰਥੀਆਂ ਕੋਲ ਕੋਈ ਦਲੀਲ ਹੁਣ ਬਾਕੀ ਬਚੀ ਨਹੀਂ। ਇਨਾਂ ਕੋਲ ਹੁਣ ਕੋਈ ਬਾਰੂਦ ਨਹੀਂ ਬਚਿਆ ਜੋ ਇਹ ਚਲਾ ਸਕਣ ਹੁਣ ਇਹ ਅਪਣੀ ਖਾਲੀ ਬੰਦੂਕ ਉਨਾਂ ਵਿਦਵਾਨਾਂ ਅਤੇ ਸ਼ਖਸ਼ਿਯਤਾਂ ਦੇ ਮੋਂਡੇ ਤੇ ਰਖ ਕੇ ਚਲਾਣਾਂ ਚਾਂਉਦੇ ਨੇ ਜੋ ਪਹਿਲਾਂ ਹੀ ਅਖੌਤੀ ਦਸਮ ਗ੍ਰੰਥ ਦੇ ਹਿਮਾਇਤੀ ਸਨ।
2- ਜਦੋਂ ਇਸ "ਗੰਦੀ ਕਵਿਤਾ" ਦੀ ਗਲ ਕਰੋ ਤੇ ਇਹ ਕਹਿੰਦੇ ਹਨ ਕਿ ਜਿਸਨੂੰ ਗਰੁ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਨਹੀਂ ਉਹ ਇਸ ਅਗਾਧ ਬੋਧ ਬਾਣੀ ਨੂੰ ਨਹੀਂ ਸਮਝ ਸਕਦਾ।  ਫੇਰ ਇਹ ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਸ਼ਬਦ ਦੇ ਕੇ ਉਸ ਦਾ ਅਰਥ ਪੁਛਦੇ ਨੇ ਤੇ ਚਰਿਤ੍ਰਯੋ ਪਾਖੀਯਾਨ ਵਿਸ਼ੈ ਤੋਂ ਪਾਸਾ ਵੱਟ ਲੈਂਦੇ ਨੇ।
3- ਤੀਜਾ ਹਥਕੰਡਾ  ਜੋ ਇਹ ਵਰਤਦੇ ਨੇ ਉਹ ਬਹੁਤ ਹੀ ਨੀਚਤਾ ਵਾਲਾ ਹੈ। ਕਿਉਕਿ ਇਹ ਤਰੀਕਾ ਤੇ ਸਿੱਧਾ ਗੁਰੂ ਗ੍ਰੰਥ ਸਾਹਿਬ ਤੇ ਹੀ ਇਕ ਹਮਲਾ ਹੈ। ਇਸ ਹਥਕੰਡੇ ਵਿੱਚ ਇਹ "ਚਰਿਤ੍ਰਯੋ ਪਾਖਿਯਾਨ" ਦੀ ਅਸ਼ਲੀਲਤਾ ਦੀ ਪੈਰਵੀ  ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ "ਅੰਮ੍ਰਿਤ ਬਾਣੀ"  ਨੂੰ ਹੀ ਅਸ਼ਲੀਲ ਸਾਬਿਤ ਕਰਨ ਲਗ ਪੈਂਦੇ ਨੇ। ਹੇਠ ਦਿਤੇ ਲਿੰਕ ਤੇ ਇਕ ਦਸਮ ਗ੍ਰੰਥੀ ਰਾਗੀ ਦੇ,  ਗੁਰਬਾਣੀ ਬਾਰੇ ਇਹੋ ਜਹੇ ਵਿਚਾਰ ਸੁਣੋ ਜੀ। ਗਿਆਨੀ ਭਾਗ ਸਿੰਘ ਅੰਬਾਲਾ ਨੂੰ ਪੰਥ ਤੋ ਇਸ ਲਈ ਛੇਕ ਦਿਤਾ ਜਾਂਦਾ ਹੈ ਕਿ ਉਨਾਂ ਨੇ ਇਸ "ਕੂੜ ਕਿਤਾਬ"  ਬਾਰੇ ਕੌਮ ਨੂੰ ਸੁਚੇਤ ਕਰਨ ਦਾ ਯਤਨ ਕੀਤਾ। ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਪੰਥ ਦਰਦੀ ਪ੍ਰਚਾਰਕ ਨੂੰ ਇਸ ਲਈ ਪੰਥ ਤੋਂ ਛੇਕ ਦਿਤਾ ਜਾਂਦਾ ਹੈ ਕਿ ਉਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਸ ਕਿਤਾਬ ਵਿੱਚ ਲਿਖੀ, ਉਨਾਂ ਨੂੰ ਬਦਨਾਮ ਕਰਨ ਵਾਲੀ  (ਜੋ ਕਿ ਇਨਾਂ ਦੇ ਗੁਰੂ ਦਸਮ ਗ੍ਰੰਥ ਵਿੱਚ ਦਰਜ ਹੈ ) ਕਹਾਣੀ ਬਾਰੇ ਕੌਮ ਨੂੰ ਸੁਚੇਤ ਕੀਤਾ।  ਕੀ ਧਰਮ  ਦੇ ਇਨਾਂ ਠੇਕੇਦਾਰਾਂ ਨੂੰ ਇਹੋ ਜਹੇ ਦਸਮ ਗ੍ਰੰਥੀਏ  ਰਾਗੀਆਂ ਦਾ ਕੋਈ ਕਸੂਰ ਨਹੀਂ ਦਿਸਦਾ,  ਜੋ ਗੁਰੂ ਗ੍ਰੰਥ ਸਾਹਿਬ ਦੇ ਪਵਿਤਰ ਸ਼ਬਦਾਂ ਨੂੰ ਅਸ਼ਲੀਲ ਸਾਬਿਤ ਕਰ ਰਹੇ ਨੇ  ਉਹ ਵੀ ਕਿਸ ਲਈ ? ਸਿਰਫ ਇਸ ਲਈ ਕਿ ਇਨਾਂ   "ਅਸ਼ਲੀਲ ਗੰਦੀਆਂ ਕਹਾਨੀਆਂ " ਤੇ "ਦਸਮ ਬਾਣੀ" ਦੀ ਮੁਹਰ ਲਗ ਸਕੇ।

ਵੀਰੋ ਅੱਜ ਇਨਾਂ ਹੀ।  ਇਸ ਅਸ਼ਲੀਲ ਕਹਾਣੀਆ ਦੀ ਚਰਚਾ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿੱਚ ਕਰਾਂਗੇ ਤੇ ਨਾਲ ਹੀ ਨਾਲ ਇਨਾਂ ਦਸਮ ਗ੍ਰੰਥੀਆਂ ਕੋਲੋ ਕੁਝ ਜਵਾਬ ਵੀ ਮੰਗਾਂ ਗੇ, ਜੋ ਇਸ ਗੰਦ ਨੂੰ "ਗੁਰੂ ਰਚਿਤ " ਕਹਿ ਕੇ ਕੌਮ ਦਾ ਸਿਰ ਨੀਵਾਂ ਕਰਾ ਰਹੇ ਨੇ।

********************************************************************************
ਸਮਾਪਤ**************ਸਮਾਪਤ*******************ਸਮਾਪਤ******************ਸਮਾਪਤ******