ਤੁਹਾਡੀ ਅਰਦਾਸ ਵਾਲੀ "ਭਗਉਤੀ", ਨਾ ਤਾਂ ਤੁਹਾਡੀ "ਕਿਰਪਾਨ" ਹੈ, ਤੇ ਨਾ ਹੀ ਤੁਹਾਡਾ "ਵਾਹਿਗੁਰੂ" ਹੈ, ਇਹ ਤਾਂ ਦੇਹਧਾਰੀ ਦੁਰਗਾ ਦੇਵੀ ਹੈ
-: ਇੰਦਰਜੀਤ ਸਿੰਘ ਕਾਨਪੁਰ
-: ਇੰਦਰਜੀਤ ਸਿੰਘ ਕਾਨਪੁਰ
ਸਿੱਖ ਆਪਣੀ ਰੋਜ਼ਾਨਾ ਪੜ੍ਹੀ ਜਾਣ ਵਾਲੀ ਅਰਦਾਸ ਵਿਚ "ਭਗਉਤੀ ਦੇਵੀ" ਨੂੰ ਇਕ ਵਾਰ ਨਹੀਂ, ਤਿੰਨ ਤਿੰਨ ਵਾਰ ਬਹੁਤ ਸਤਿਕਾਰ ਨਾਲ ਸਿਮਰਦੇ ਹਨ, ਅਤੇ ਉਸ ਦੇ ਨਾਮ ਦੇ ਅੱਗੇ "ਸ਼੍ਰੀ" ਲਾਉਂਦੇ ਹਨ ਤੇ ਨਾਮ ਦੇ ਪਿੱਛੇ ਸਤਿਕਾਰ ਨਾਲ "ਜੀ" ਸ਼ਬਦ ਦੀ ਵਰਤੋਂ ਕਰਕੇ, ਉਸ ਅੱਗੇ ਅਰਦਾਸ ਕਰਦੇ ਹਨ "ਸ਼੍ਰੀ ਭਗਉਤੀ ਜੀ ਸਹਾਇ" ਅਤੇ "ਵਾਰ ਸ਼੍ਰੀ ਭਗਉਤੀ ਜੀ ਕੀ"। ਲੇਕਿਨ ਅਪਣੇ ਗੁਰੂਆਂ ਦੇ ਨਾਮ ਬਹੁਤ ਹੀ ਬਦਤਮੀਜ਼ੀ ਅਤੇ ਅਪਮਾਨਜਨਕ ਢੰਗ ਨਾਲ ਲੈਂਦੇ ਹਨ। ਗੁਰੂ ਰਾਮ ਦਾਸ ਜੀ ਵਰਗੇ ਮਹਾਨ ਗੁਰੂ ਸਾਹਿਬ ਜੀ ਨੂੰ "ਰਾਮਦਾਸੇ" ਅਤੇ ਪਰ ਉਪਕਾਰੀ ਮਹਾਨ ਗੁਰੂ ਅਰਜੁਨ ਸਾਹਿਬ ਜੀ ਨੂੰ "ਅਰਜਨ" ਕਹਿ ਕੇ ਸੰਬੋਧਿਤ ਕਰਦੇ ਹਨ। ਸਿੱਖ, ਆਪਣੇ ਸਤਕਾਰਿਤ ਗੁਰੂਆਂ ਦਾ ਨਾਮ ਲੈਂਣ ਵੇਲੇ ਨਾ ਤਾਂ ਉਨ੍ਹਾਂ ਅਗੇ ਗੁਰੂ ਸ਼ਬਦ ਦੀ ਵਰਤੋਂ ਕਰਦੇ ਹਨ ਤੇ ਨਾਂ ਹੀ ਪਿਛੇ "ਜੀ" ਹੀ ਲਾਉਂਦੇ ਹਨ, ਕਿਉਂਕਿ ਸਿੱਖਾਂ ਦੀ ਅਰਦਾਸ ਵਿਚ ਇਹ ਅੰਸ਼, ਕਿਸੇ ਦੇਵੀ ਪੂਜਕ ਕਵੀ ਦੀ ਲਿਖੀ ਹੋਈ "ਦੁਰਗਾ ਕੀ ਵਾਰ" ਰਚਨਾ ਦੀ ਪਹਿਲੀ ਪੌੜ੍ਹੀ ਵਿਚੋਂ ਲਏ ਗਏ ਹਨ, ਜਿਸ 'ਤੇ ਸਿੱਖਾਂ ਨੂੰ ਮੂਰਖ ਬਨਾਉਣ ਲਈ, ਇਸ ਬਚਿਤੱਰੀ ਪੋਥੇ ਦੀਆਂ ਹੋਰ ਰਚਨਾਵਾਂ ਵਾਂਗ ਇਸ 'ਤੇ ਵੀ, "ਪਾਤਸ਼ਾਹੀ 10" ਦਾ ਪਰਮਾਨੈਂਟ ਠੱਪਾ ਲਾਅ ਦਿਤਾ ਗਿਆ ਹੈ।
ਬਹੁਤੇ ਸਿੱਖ ਅੰਧੀ ਸ਼ਰਧਾ ਦੇ ਸ਼ਿਕਾਰ ਹੋ ਕੇ, ਅਗਿਆਨਤਾ ਵਸ ਇਸ "ਭਗਉਤੀ ਦੇਵੀ" ਨੂੰ ਕਦੀ "ਕਿਰਪਾਨ" ਲਈ ਵਰਤਿਆ ਸ਼ਬਦ ਕਹਿੰਦੇ ਹਨ ਅਤੇ ਕਦੀ "ਅਕਾਲਪੁਰਖ" ਲਈ ਵਰਤਿਆ ਸ਼ਬਦ ਕਹਿਣ ਲੱਗ ਪੈਂਦੇ ਹਨ ਅਤੇ ਪ੍ਰਮਾਣ ਸੁਖਮਨੀ ਸਾਹਿਬ ਜੀ ਵਿਚੋਂ ਦੇਣ ਲੱਗ ਪੈਂਦੇ ਹਨ। ਜਦਕਿ ਉਨ੍ਹਾਂ ਬਹੁਤਿਆਂ ਵਿਚਾਰਿਆਂ ਨੂੰ ਤਾਂ ਇਹ ਵੀ ਪਤਾ ਨਹੀ ਹੁੰਦਾ, ਕਿ ਇਹ "ਵਾਰ ਦੁਰਗਾ ਕੀ" ਲਿਖੀ ਕਿਥੇ ਹੋਈ ਹੈ, ਅਤੇ ਉਸਦਾ ਅਰਥ ਕੀ ਹੈ ?
ਅਰਦਾਸ ਵਿਚ "ਪ੍ਰਿਥਮ ਭਗਉਤੀ" ਦੇਵੀ ਦੁਰਗਾ ਦਾ ਨਾਮ ਹੈ, ਜੋ ਬਚਿੱਤਰੀ ਪੋਥੇ ਦੇ "ਚੰਡੀ ਕੀ ਵਾਰ" ਅਸਲ ਨਾਮ "ਦੁਰਗਾ ਕੀ ਵਾਰ" ਅਧਿਆਇ ਵਿਚੋਂ ਲਈ ਗਈ ਹੈ। ਇਹ ਰਚਨਾ ਬਚਿੱਤਰੀ ਪੋਥੇ ਦੇ ਪੰਨਾ ਨੰਬਰ 119 'ਤੇ ਦਰਜ ਹੈ। ਇਸ ਦੀਆਂ ਕੁਲ 55 ਪੌੜ੍ਹੀਆਂ ਹਨ। ਇਸ ਦੀ ਪਹਿਲੀ ਪੌੜ੍ਹੀ ਹੈ "ਵਾਰ ਸ਼੍ਰੀ ਭਗਉਤੀ ਜੀ ਕੀ", ਜਿਸਨੂੰ ਸਿੱਖ ਅਰਦਾਸ ਵਿਚ ਪੜ੍ਹਦੇ ਹਨ। ਤਿੰਨ ਚਾਰ ਪਉੜ੍ਹੀਆਂ ਤਾਂ ਭੁਲੇਖਾ ਪਾਉਦੀਆਂ ਹਨ, ਲੇਕਿਨ ਚੌਥੀ ਪਉੜ੍ਹੀ ਤੋਂ ਅਗੇ ਜਿਵੇਂ ਹੀ ਅਸੀਂ ਵਧਦੇ ਹਾਂ। ਇਸ "ਭਗਉਤੀ ਦੇਵੀ" ਦਾ ਸਾਰਾ ਭੇਦ ਖੁਲ ਜਾਂਦਾ ਹੈ, ਕਿ ਇਹ ਤਾਂ "ਦੁਰਗਾ ਦੇਵੀ" ਹੈ। ਇਨ੍ਹਾਂ 55 ਪੌੜ੍ਹੀਆਂ ਵਿੱਚ "ਦੁਰਗਾ" ਦੇਵੀ ਦਾ ਨਾਮ 31 ਵਾਰ ਆਉਂਦਾ ਹੈ। ਜਾਂ ਇੰਝ ਵੀ ਕਹਿ ਸਕਦੇ ਹੋ ਕਿ ਲਗਭਗ ਹਰ ਪੌੜ੍ਹੀ ਵਿਚ ਇਕ ਵਾਰ "ਦੁਰਗਾ ਦੇਵੀ" ਦਾ ਨਾਮ ਆਉਂਦਾ ਹੈ। ਲੇਕਿਨ ਕੀ ਕਰੀਏ ? ਬੇਹੋਸ਼ ਅਤੇ ਸੁੱਤੀ ਕੌਮ ਨੂੰ ਇਹ ਨਾਮ ਵਿਖਾਈ ਹੀ ਨਹੀਂ ਦਿੰਦੇ ਅਤੇ ਉਹ ਇਸ "ਦੁਰਗਾ ਦੇਵੀ" ਨੂੰ, "ਕਿਰਪਾਨ" ਜਾਂ "ਅਕਾਲਪੁਰਖ" ਸਮਝ ਕੇ ਹੀ ਅਰਦਾਸਾਂ ਕਰੀ ਜਾ ਰਹੇ ਹਨ!!!
ਤੁਹਾਡਾ ਅਕਾਲ ਪੁਰਖ ਜਾਂ ਕਿਰਪਾਨ ਤੇ ਇਥੇ ਦੇਹਧਾਰੀ ਇਸਤਰੀ (ਦੇਵੀ) ਹੈ। ਯਕੀਨ ਨਹੀਂ ਹੁੰਦਾ ਨਾ... ਤਾਂ ਆਓ ਇਸ ਨੂੰ ਥੋੜਾ ਜਿਹਾ ਪੜ੍ਹ ਕੇ ਹੀ ਵੇਖ ਲਈਏ। ਇਹ ਦੇਵੀ ਦੈਂਤਾਂ ਨਾਲ ਯੁੱਧ ਕਰ ਰਹੀ ਹੈ। ਆਪਣੀ ਕਿਰਪਾਣ ਨਾਲ ਮਹਿਖਾਸੁਰ ਦੈਂਤ ਦਾ ਢਿੱਡ ਪਾੜ ਦਿੰਦੀ ਹੈ।
"ਦੇਵੀ ਦਸਤ ਨਚਾਈ ਸੀਹਣਿ ਸਾਰ ਦੀ ॥ ਪੇਟ ਮਲੰਦੇ ਲਾਈ ਮਹਥੇ ਦੈਂਤ ਦੀ॥ (ਕੀ ਤੁਹਾਡੀ ਕਿਰਪਾਨ ਵੀ ਕਿਰਪਾਨ ਚਲਾਉਂਦੀ ਹੈ ?)ਇਹ ਦੇਹਧਾਰੀ ਦੁਰਗਾ ਤਾਂ ਉਥੇ ਨਹਾਉਣ ਲਈ ਆਂਉਦੀ ਹੈ, ਤੇ ਇੰਦਰ ਉਸ ਨੂੰ ਅਪਣੇ ਮਨ ਦਾ ਦੁੱਖ ਦਸਦਾ ਹੈ।
ਇਕ ਦਿਹਾੜੇ ਨ੍ਹਾਵਣ ਆਈ ਦੁਰਗਸ਼ਾਹ ॥ ਇੰਦਰ ਬ੍ਰਿਥਾ ਸੁਣਾਈ ਅਪਣੇ ਹਾਲ ਦੀ॥ਇਸ "ਦੁਰਗਾ ਦੀ ਵਾਰ" ਵਿਚ ਦੁਰਗਾ ਨਾਮ ਦੀ ਤੁਹਾਡੀ ਕਿਰਪਾਨ ਹਿੜ ਹੜਾ ਕੇ ਹਸਦੀ ਵੀ ਹੈ ਅਤੇ ਆਪਣੇ ਸ਼ੇਰ ਨੂੰ, ਜਿਸ ਦੀ ਉਹ ਸਵਾਰੀ ਕਰਦੀ ਹੈ, ਰਾਖਸ਼ਾਂ ਨੂੰ ਖਾਉਣ ਲਈ ਮੰਗਾ ਲੈਦੀ ਹੈ।
ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ ॥ ਓਹੀ ਸੀਹੁ ਮੰਗਾਇਆ ਰਾਕਸ ਭੱਖਣਾ ॥ਬਹਾਦੁਰ ਦੈਂਤ ਤੁਹਾਡੇ ਵਾਹਿਗੁਰੂ ਨਾਮ ਦੀ ਦੁਰਗਾ ਨੂੰ ਆ ਕੇ ਘੇਰ ਲੈਂਦੇ ਨੇ। ਉਹ ਦੈਤ ਵੱਡੇ ਮਹਾਨ ਯੋਧੇ ਹਨ ਅਤੇ ਲੜਾਈ ਦੇ ਮੈਦਾਨ ਵਿੱਚੋਂ ਪਿੱਠ ਵਿਖਾ ਕੇ ਭਜਣਾ ਨਹੀਂ ਜਾਣਦੇ।
ਘੇਰ ਲਈ ਵਰਿਆਮੀ ਦੁਰਗਾ ਆਇ ਕੈ ॥ ਰਾਕਸ ਵਡੇ ਅਲਾਮੀ ਭੱਜ ਨ ਜਾਣਦੇ ॥ ਪੰਨਾ 119 ਤੋ ਲੈ ਕੇ 120 ਅਖੌਤੀ ਬਚਿੱਤਰੀ ਪੋਥਾ।
ਮੇਰੇ ਵਿਰੋ ! ਇਸ "ਦੁਰਗਾ ਦੀ ਵਾਰ" ਦੀਆਂ ਸਾਰੀਆਂ 55 ਪਉੜੀਆਂ ਸੁਨਾੳਣ ਬਹਿ ਜਾਵਾਂਗਾ, ਤਾਂ ਇਹ ਲੇਖ ਬਹੁਤ ਵੱਡਾ ਹੋ ਜਾਵੇਗਾ। ਥੋੜੀ ਜਿਹੀ ਮਿਹਨਤ ਆਪ ਵੀ ਕਰੋ, ਤੇ ਇਸ "ਚੰਡੀ ਦੀ ਵਾਰ" ਦੀ ਇਕ ਸਟੀਕ ਆਪ ਲਿਆ ਕੇ ਪੜ੍ਹੋ, ਜਿਸ ਦੀਆਂ 55 ਪਉੜ੍ਹੀਆਂ ਵਿਚ 31 ਵਾਰ "ਦੁਰਗਾ" ਦੇਵੀ" ਦਾ ਨਾਮ ਆਉਂਦਾ ਹੈ। ਇਸ ਦੁਰਗਾ ਦੇਵੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਕੀ ਸੰਬੰਧ ਹੈ ? ਇਸ ਦੇਵੀ ਤੋਂ ਸਿੱਖਾਂ ਨੇ ਕੀ ਲੈਣਾ ਦੇਣਾ ਹੈ ? ਮੇਰੀ ਸਮਝ ਵਿੱਚ ਤਾਂ ਇਹ ਗੱਲ ਅੱਜ ਤਕ ਨਹੀਂ ਆਈ ? ਇਸਨੂੰ ਪੜ੍ਹ ਕੇ ਸੁਣ ਕੇ ਵੀ, ਜੇ ਤੁਸੀਂ ਇਸ ਭਗਉਤੀ ਨੂੰ ਅਕਾਲਪੁਰਖ ਜਾਂ ਕਿਰਪਾਣ ਕਹੀ ਜਾਓ, ਤਾਂ ਮੈਂ ਕੀ ਕਰ ਸਕਦਾ ਹਾਂ ?
ਹਕੀਮ ਨੇ ਆਖਿਆ ਹੈ ਕਿ ਜ਼ਰੂਰ "ਭਗੁਉਤੀ" ਅਗੇ ਹੀ ਅਰਦਾਸ ਕਰਨੀ ਹੈ ? ਆਪਣੇ ਵਾਹਿਗੁਰੂ ਅਗੇ ਅਰਦਾਸ ਕਿਉਂ ਨਹੀਂ ਕਰ ਸਕਦੇ ? ਜਦੋਂ ਇਹ ਸਾਬਿਤ ਹੋ ਚੁਕਾ ਹੈ ਕਿ ਇਨ੍ਹਾਂ 55 ਪਉੜ੍ਹੀਆਂ ਵਿੱਚ ਕਿ ਇਹ "ਦੁਰਗਾ ਦੇਵੀ" ਦੀ ਉਸਤਤਿ ਹੈ, ਤਾਂ ਫਿਰ ਵੀ ਇਸਨੂੰ ਕਿਰਪਾਨ ਕਹੀ ਜਾਓ, ਤਾਂ ਕੋਈ ਤੁਹਾਡਾ ਕੁੱਝ ਨਹੀਂ ਕਰ ਸਕਦਾ।
ਮੇਰੇ 'ਤੇ ਵਿਸ਼ਵਾਸ਼ ਨਾ ਕਰੋ ! ਇਸ ਰਚਨਾ ਨੂੰ ਲਿਖਣ ਵਾਲੇ ਬਚਿਤੱਰੀ ਕਵੀ ਉੱਤੇ ਤਾਂ ਭਰੋਸਾ ਕਰ ਲਉ ! ਜੋ ਕਹਿ ਰਿਹਾ ਹੈ
"ਰਾਜੇ ਇੰਦਰ ਦੇ ਸਿਰ ਤੇ (ਦੁਰਗਾ ਨੇ) ਰਾਜ ਵਾਪਸ ਦੁਆ ਕੇ ਛੱਤਰ ਝੁਲਾ ਦਿਤਾ ਹੈ। ਚੌਦਹ ਲੋਕਾਂ ਵਿਚ ਪੂਰੇ "ਜਗਤ ਦੀ ਮਾਤਾ" ਦਾ ਜੱਸ ਛਾ ਗਿਆ ਹੈ। ਇਹ ਸਾਰੀਆਂ ਪੌੜੀਆਂ ਮੈ "ਦੁਰਗਾ ਦਾ ਪਾਠ" ਕੀਤਾ ਹੈ। ਜੋ ਇਸਨੂੰ ਗਾ ਲਵੇਗਾ, ਉਹ ਜੀਵਨ ਮੁਕਤ ਹੋ ਜਾਵੇਗਾ, ਭਾਵ ਦੋਬਾਰਾ ਜੂਨ ਵਿੱਚ ਨਹੀਂ ਪਵੇਗਾ। ਫਿਰ ਕਿਉਂ ਨਹੀਂ "ਵਾਰ ਦੁਰਗਾ ਕੀ" ਪੜ੍ਹ ਕੇ ਜੀਵਨ ਮੁਕਤ ਹੋ ਜਾਂਦੇ ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦੀ ਫਿਰ ਕੀ ਲੋੜ ਹੈ ? ਜੇ ਸਾਰੇ ਜਗਤ ਦੀ ਮਾਤਾ, ਦੁਰਗਾ ਦੇਵੀ ਦੀ ਉਸਤਤਿ ਵਾਲੀ ਇਹ ਪਉੜ੍ਹੀ ਪੜ੍ਹਨ ਨਾਲ ਹੀ ਤੁਸੀਂ ਜੀਵਨ ਮੁਕਤ ਹੋ ਸਕਦੇ ਹੋ ?
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥ ਪੰਨਾ 127 ਅਖੌਤੀ ਬਚਿੱਤਰੀ ਪੋਥਾ।
ਸਾਡੇ 'ਤੇ ਬਿਲਕੁਲ ਭਰੋਸਾ ਨਾ ਕਰਨਾ ਜੀ, ਕਿਉਂਕਿ ਤੁਹਾਡੇ ਸ਼ਬਦਾਂ ਵਿਚ, ਅਸੀਂ ਤਾਂ ਤੁਹਾਨੂੰ ਗੁਰੂ ਕੇ ਨਿੰਦਕ ਲਗਦੇ ਹਾਂ। ਅਖੌਤੀ ਦਸਮ ਬਾਣੀ 'ਤੇ ਕਿੰਤੂ ਕਰਦੇ ਹਾਂ। ਸੰਤ ਸਿੰਘ ਮਸਕੀਨ ਤੇ ਭਿੰਡਰਵਾਲਿਆਂ ਤੋਂ ਵੀ ਜਿਆਦਾ ਸਿਆਣੇ ਬਣਦੇ ਹਾਂ, ਜੋ ਇਹ ਅਰਦਾਸ ਕਰਦੇ ਕਰਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਹਾਂ ਹੇਠ ਦਿਤੇ ਲਿੰਕ ਤੇ ਆਪ ਖੁਦ "ਦੁਰਗਾ ਕੀ ਵਾਰ" (ਬਦਲਿਆ ਨਾਮ ਚੰਡੀ ਕੀ ਵਾਰ) ਦਾ ਸਾਰਾ ਪਾਠ ਅਤੇ ਉਸਦੇ ਅਰਥ ਸੁਣ ਕੇ ਫੈਸਲਾ ਆਪੇ ਹੀ ਕਰ ਲੈਣਾ ਕਿ ਇਹ "ਭਗਉਤੀ" ਤੁਹਾਡੀ "ਕਿਰਪਾਨ" ਹੈ ਜਾਂ "ਅਕਾਲਪੁਰਖ" ! ਜਾਂ "ਦੁਰਗਾ ਦੇਵੀ" !!!
|

No comments:
Post a Comment